- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਗੁੰਮਟੀ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗੁੰਮਟੀ ਵਿਖੇ ਬੀਤੀ ਰਾਤ ਚੋਰ ਗਿਰੋਹ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ 7 ਕਿਸਾਨਾਂ ਦੇ ਖੇਤਾਂ ’ਚ ਲੱਗੇ ਖੇਤੀਬਾੜੀ ਵਾਲੇ ਟਿਊਬਵੈੱਲਾਂ ਦੇ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਟਰਾਂਸਫਾਰਮਰਾਂ ਦੀ ਭੰਨਤੋੜ ਕਰ ਕੇ ਉਨ੍ਹਾਂ ’ਚੋਂ ਕੀਮਤੀ ਤਾਂਬਾ, ਤੇਲ ਤੇ ਕਈ ਥਾਵਾਂ ਤੋਂ ਪੂਰੇ ਟਰਾਂਸਫਾਰਮਰ ਹੀ ਚੋਰੀ ਕਰ ਲਏ। ਇਸ ਘਟਨਾ ਨਾਲ ਪੀੜਤ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਜਦਕਿ ਖੇਤੀਬਾੜੀ ਦੇ ਕੰਮ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਪੀੜਤ ਕਿਸਾਨਾਂ ਬਹਾਦਰ ਸਿੰਘ, ਰੇਵਲ ਸਿੰਘ, ਦਰਸ਼ਨ ਸਿੰਘ ਗੁੰਮਟੀ ਤੇ ਗੁਰਮੇਲ ਸਿੰਘ ਠੁੱਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਗੁੰਮਟੀ ਤੋਂ ਠੁੱਲੀਵਾਲ ਨੂੰ ਜਾਂਦੀ ਲਿੰਕ ਸੜਕ ਦੇ ਨਾਲ ਲੱਗਦੇ ਖੇਤਾਂ ’ਚ ਬੀਤੀ ਰਾਤ ਇੱਕ ਸੁਚੱਜੇ ਢੰਗ ਨਾਲ ਸਰਗਰਮ ਚੋਰ ਗਿਰੋਹ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਖੇਤੀ ਲਈ ਲੱਗੇ ਸਰਕਾਰੀ ਟਰਾਂਸਫਾਰਮਰਾਂ ਨੂੰ ਤੋੜਕੇ ਉਨ੍ਹਾਂ ’ਚੋਂ ਤਾਂਬਾ, ਤੇਲ ਅਤੇ ਹੋਰ ਕੀਮਤੀ ਸਾਮਾਨ ਕੱਢ ਲਿਆ, ਜਦਕਿ ਕੁਝ ਟਰਾਂਸਫਾਰਮਰ ਆਪਣੇ ਨਾਲ ਹੀ ਲੈ ਗਏ। ਕਿਸਾਨਾਂ ਨੇ ਦੱਸਿਆ ਕਿ ਬਹਾਦਰ ਸਿੰਘ, ਸੁਰਜੀਤ ਸਿੰਘ, ਹਾਕਮ ਸਿੰਘ, ਅਜੈਬ ਸਿੰਘ, ਧਰਮਿੰਦਰ ਸਿੰਘ ਅਤੇ ਕੁਲਦੀਪ ਸਿੰਘ ਦੇ 25 ਕੇਵੀ ਸਮਰੱਥਾ ਵਾਲੇ ਟਰਾਂਸਫਾਰਮਰ, ਜਦਕਿ ਦਰਸ਼ਨ ਸਿੰਘ ਦੇ ਖੇਤ ’ਚ ਲੱਗਾ 63 ਕੇਵੀ ਟਰਾਂਸਫਾਰਮਰ ਚੋਰਾਂ ਦਾ ਨਿਸ਼ਾਨਾ ਬਣਿਆ। ਇਹ ਸਾਰੇ ਟਰਾਂਸਫਾਰਮਰ ਬਿਜਲੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਿੰਚਾਈ ਦੀ ਸਹੂਲਤ ਦੇਣ ਲਈ ਲਗਾਏ ਗਏ ਸਨ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਕਿਸਾਨ ਆਪਣੇ ਖੇਤਾਂ ’ਚ ਫਸਲਾਂ ਦੀ ਦੇਖਭਾਲ ਤੇ ਪਸ਼ੂਆਂ ਲਈ ਹਰਾ ਚਾਰਾ ਲੈਣ ਪਹੁੰਚੇ ਤਾਂ ਟਰਾਂਸਫਾਰਮਰਾਂ ਦੀ ਹਾਲਤ ਵੇਖਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਮੌਕੇ ’ਤੇ ਟਰਾਂਸਫਾਰਮਰ ਟੁੱਟੇ ਹੋਏ ਸਨ ਤੇ ਉਨ੍ਹਾਂ ’ਚੋਂ ਕੀਮਤੀ ਤਾਂਬਾ, ਤੇਲ ਤੇ ਹੋਰ ਸਾਮਾਨ ਗਾਇਬ ਸੀ। ਇੱਕੋ ਇਲਾਕੇ ’ਚ ਸੱਤ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਏ ਜਾਣ ਨਾਲ ਪੂਰੇ ਇਲਾਕੇ ਦੇ ਕਿਸਾਨਾਂ ’ਚ ਡਰ ਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪੀੜਤ ਕਿਸਾਨਾਂ ਨੇ ਦੋਸ਼ ਲਾਇਆ ਕਿ ਪਿਛਲੇ ਕੁਝ ਸਮੇਂ ਤੋਂ ਖੇਤਾਂ ’ਚ ਚੋਰੀ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ, ਪਰ ਚੋਰਾਂ ’ਤੇ ਅਜੇ ਤੱਕ ਪ੍ਰਭਾਵਸ਼ਾਲੀ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਿਰੋਹ ਦਾ ਜਲਦ ਪਰਦਾਫਾਸ਼ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਖੇਤੀਬਾੜੀ ਖੇਤਰ ’ਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਘਟਨਾ ਦੀ ਸੂਚਨਾ ਮਿਲਣ ਉਪਰੰਤ ਕਿਸਾਨਾਂ ਨੇ ਥਾਣਾ ਠੁੱਲੀਵਾਲ ਪੁਲਿਸ ਨੂੰ ਜਾਣੂ ਕਰਵਾਇਆ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।