- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵੇ ’ਚੋਂ ਮੱਕੀ ਦੇ ਅਚਾਰ ਦਾ ਕਾਰੋਬਾਰ ਬਾਹਰਲੇ ਸੂਬਿਆਂ ਤੱਕ ਫੈਲਿਆ

ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ : ਮੱਕੀ ਦਾ ਸ਼ਾਈਲੇਜ ਜਿਸ ਨੇ ਪੇਂਡੂ ਭਾਸ਼ਾ ’ਚ ਮੱਕੀ ਦਾ ਅਚਾਰ ਵੀ ਕਿਹਾ ਜਾਂਦਾ ਹੈ, ਹੁਣ ਘਰੇਲੂ ਪਸ਼ੂਆਂ ਤੇ ਸਥਾਨਕ ਡੇਅਰੀ ਫਾਰਮਾਂ ਤੋਂ ਹੁੰਦਾ ਹੋਇਆ ਬਾਹਰਲੇ ਸੂਬਿਆਂ ਤੱਕ ਫੈਲ ਗਿਆ ਹੈ। ਕਿਸੇ ਸਮੇਂ ਸਿਰਫ ਖੇਤਾਂ ’ਚ ਘੱਟਾ ਛਾਨਣ ਤੱਕ ਸੀਮਤ ਰਹਿਣ ਵਾਲੇ ਕਿਸਾਨਾਂ ਦੇ ਪੜ੍ਹੇ ਲਿਖੇ ਨੌਜਵਾਨਾਂ ਨੇ ਆਪਣੀਆਂ ਖੁਦ ਦੀਆਂ ਟਰੇਡਿੰਗ ਕੰਪਨੀਆਂ ਬਣਾ ਕੇ ਅਤੇ ਆਪਣੇ ਆਰਜੀ ਪੈਕਿੰਗ ਪਲਾਟ ਲਗਾ ਕੇ ਮੱਕੀ ਦਾ ਅਚਾਰ ਬਾਹਰਲੇ ਸੂਬਿਆਂ ਤੱਕ ਭੇਜਣਾ ਸ਼ੁਰੂ ਕਰ ਦਿੱਤਾ ਹੈ। ਪੱਖੋ ਕਲਾਂ ਦੇ ਨੌਜਵਾਨ ਬੱਬੂ ਨੇ ਦੱਸਿਆ ਕਿ ਉਸ ਨੇ ਐਤਕੀਂ ਨਵਾਂ ਕੰਮ ਸ਼ੁਰੂ ਕੀਤਾ ਹੈ। ਸਥਾਨਕ ਡੇਅਰੀਆਂ ਤੋਂ ਇਲਾਵਾ ਉਸ ਨੂੰ ਕਸ਼ਮੀਰ, ਰਾਜਸਥਾਨ, ਹਿਮਾਚਲ ਅਤੇ ਹੋਰ ਬਾਹਰਲੇ ਸੂਬਿਆਂ ਚੋਂ ਅਚਾਰ ਦੀਆਂ ਡਿਮਾਂਡ ਆ ਰਹੀਆਂ ਹਨ, ਇਸੇ ਅਧਾਰ ਤੇ ਉਹ ਵੱਡੀ ਪੱਧਰ ਤੇ ਅਚਾਰ ਨੂੰ ਸਟੋਰ ਕਰ ਰਿਹਾ ਹੈ ਤੇ ਇਸ ਨੂੰ ਬਾਅਦ ’ਚ ਪੈਕਿੰਗ ਕਰਕੇ ਟਰਾਂਸਪੋਰਟ ਰਾਹੀਂ ਵੱਖ ਵੱਖ ਥਾਵਾਂ ਤੇ ਭੇਜਿਆ ਜਾਵੇਗਾ। ਇਹ ਪਲਾਂਟਾਂ ਦੇ ਲੱਗਣ ਨਾਲ ਕਿਸਾਨ ਵੱਡੀ ਗਿਣਤੀ ’ਚ ਮੱਕੀ ਦੀ ਫ਼ਸਲ ਬੀਜਣ ਵੱਲ ਰੁਚਿਤ ਹੋਏ ਹਨ। ਇਸ ਤੋਂ ਪਹਿਲਾਂ ਆਮ ਕਿਸਾਨ ਘਰੇਲੂ ਵਰਤੋਂ ਲਈ ਦੋ ਢਾਈ ਏਕੜ ਮੱਕੀ ਦੀ ਫ਼ਸਲ ਅਚਾਰ ਪਾਉਣ ਲਈ ਬੀਜਦਾ ਸੀ ਪਰ ਹੁਣ ਆਮ ਕਿਸਾਨ ਦਸ ਤੋਂ ਵੀਹ ਏਕੜ ਮੱਕੀ ਦੀ ਫ਼ਸਲ ਵੀ ਬੀਜਾਈ ਕਰਨ ਲੱਗੇ ਹਨ। ਪੱਖੋ ਕਲਾਂ ਦੇ ਕਿਸਾਨ ਰਾਜਦੀਪ ਸਿੰਘ ਨੇ ਪੰਦਰਾਂ ਏਕੜ, ਕੇਵਲ ਸਿੰਘ ਨੇ ਬਾਰਾਂ ਏਕੜ, ਜਗਸੀਰ ਸਿੰਘ ਨੇ ਦਸ ਏਕੜ ਮੱਕੀ ਅਚਾਰ ਲਈ ਬੀਜਾਈ ਕੀਤੀ ਹੈ। ਇਸ ਤੋਂ ਇਲਾਵਾ ਹੋਰ ਵੀ ਸੈਕੜੇਂ ਕਿਸਾਨ ਇਸ ਵੱਲ ਰੁਚਿਤ ਹੋਏ ਹਨ, ਜਿਸ ਕਰਕੇ ਮੱਕੀ ਹੁਣ ਸਾਲ ਦੀ ਤੀਜੀ ਫ਼ਸਲ ਵਜੋਂ ਉੱਭਰੀ ਹੈ। ਪੈਕਿੰਗ ਦੇ ਕੰਮ ਨੂੰ ਹੁਣ ਪੰਜਾਬ ਦੀਆਂ ਵਰਕਸ਼ਾਪਾਂ ’ਚ ਬਣ ਰਹੀਆਂ ਸਵਦੇਸ਼ੀ ਮਸੀਨਾਂ ਨੇ ਸੌਖਾ ਤੇ ਸਸਤਾ ਕਰ ਦਿੱਤਾ ਹੈ। ਪਹਿਲਾਂ ਇਹ ਮਸ਼ੀਨਾਂ ਬਾਹਰਲੇ ਦੇਸ਼ਾਂ ਤੋਂ ਆਉਂਦੀਆਂ ਸਨ, ਜਿਨ੍ਹਾਂ ਦੀ ਕੀਮਤ ਕਰੋੜਾਂ ’ਚ ਹੈ। ਹੁਣ ਦੇਸੀ ਢੰਗ ਨਾਲ ਤਿਆਰ ਕੀਤੀ ਮਸ਼ੀਨ ਨੂੰ ਟਰੈਕਟਰ ਤੇ ਅਸਾਨੀ ਨਾਲ ਚਲਾਇਆ ਜਾ ਸਕਦਾ ਹੈ ਤੇ ਸਮੇਤ ਲੋਡਰ ਇਹ ਸਾਰਾ ਤੀਹ ਪੈਂਤੀ ਲੱਖ ਦਾ ਪ੍ਰੋਜੈਕਟ ਹੈ। ਇਸ ਮੌਕੇ ਮੱਕੀ ਦੀ ਕਟਾਈ ਦਾ ਕੰਮ ਸਿਖਰਾਂ ਤੇ ਹੈ। ਕੁੱਝ ਕਿਸਾਨ ਇਸ ਨੂੰ ਮੌਕੇ ਤੇ ਹੀ ਪੈਕਿੰਗ ਪਲਾਟਾਂ ਨੂੰ ਵੇਚ ਰਹੇ ਹਨ ਤੇ ਕੁੱਝ ਕਿਸਾਨ ਇਸ ਨੂੰ ਸਿਆਲਾਂ ’ਚ ਮਹਿੰਗਾ ਵੇਚਣ ਲਈ ਸਟੋਰ ਵੀ ਕਰ ਰਹੇ ਹਨ। ਪਿਛਲੇ ਸਾਲ ਜਿਨ੍ਹਾਂ ਕਿਸਾਨਾਂ ਨੇ ਇਸ ਨੂੰ ਸਟੋਰ ਕੀਤਾ ਸੀ, ਉਨ੍ਹਾਂ ਇੱਕ ਲੱਖ ਰੁਪੈ ਪ੍ਰਤੀ ਏਕੜ ਦੀ ਵੱਟਤ ਵੀ ਕੀਤੀ ਸੀ। ਇਸ ਸਾਲ ਕਣਕ ਦੀ ਵਾਢੀ ਤੋਂ ਤੁਰੰਤ ਬਾਅਦ ਤੂੜੀ ਤੇ ਭਾਅ ’ਚ ਆਈ ਤੇਜੀ ਨੇ ਵੀ ਮੱਕੀ ਦੀ ਬੀਜਾਈ ’ਚ ਵਾਧਾ ਕੀਤਾ ਹੈ ਅਤੇ ਇਸੇ ਨੂੰ ਮੁੱਖ ਰੱਖ ਕੇ ਅੱਗੇ ਹੋਰ ਤੇਜੀ ਦੀ ਆਸ ’ਚ ਕਿਸਾਨ ਅਚਾਰ ਸਟੋਰ ਕਰਨ ਨੂੰ ਵੀ ਪਹਿਲ ਦੇ ਰਹੇ ਹਨ ਅਤੇ ਕੁੱਝ ਸਟੋਰੇਜ ਦੇ ਖਰਚੇ ਤੋਂ ਚਲਦੇ ਕਟਾਈ ਮੌਕੇ ਹੀ ਵੇਚ ਰਹੇ ਹਨ।