ਨੰਬਰਦਾਰਾਂ ਨੂੰ ਮਾਣਭੱਤਾ ਦੇਣ ਦਾ ਐਲਾਨ ਕਰੇ ਸਰਕਾਰ : ਮਾਣਕੀ ਉੱਥੇ ਹੀ ਨੰਬਰਦਾਰਾਂ ਦੀਆਂ ਅਹਿਮ ਮੰਗਾਂ ਜਿਵੇਂ ਕਿ ਨੰਬਰਦਾਰੀ ਜੱਦੀ-ਪੁਸ਼ਤੀ ਕਰਕੇ ਨੰਬਰਦਾਰ ਦੀ ਮੌਤ ਹੋ ਜਾਣ ਤੋਂ ਬਾਅਦ ਉਸਦੇ ਲੜਕੇ ਨੂੰ ਨੰਬਰਦਾਰ ਨਿਯੁਕਤ ਕੀਤਾ ਜਾਵੇ।
Publish Date: Wed, 08 Jul 2026 03:50 PM (IST)
Updated Date: Wed, 08 Jul 2026 03:52 PM (IST)
ਜਸਵੀਰ ਸਿੰਘ ਫਰਵਾਲੀ, ਪੰਜਾਬੀ ਜਾਗਰਣ ਅਹਿਮਦਗੜ੍ਹ : ਪੰ ਜਾਬ ਦੇ ਸਮੂਹ ਨੰਬਰਦਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਸਾਢੇ ਚਾਰ ਸਾਲਾਂ ਦੇ ਲੰਮੇ ਅਰਸੇ ਦੌਰਾਨ ਹਾਲੇ ਤੱਕ ਸਰਕਾਰ ਵੱਲੋਂ ਪੂਰੀਆਂ ਨਹੀਂ ਕੀਤੀ ਗਈਆਂ। ਜਿਸ ਕਾਰਨ ਪੰਜਾਬ ਦੇ ਸਮੂਹ ਨੰਬਰਦਾਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਇਸ ਲਈ ਸਰਕਾਰ ਫੌਰੀ ਤੌਰ ’ਤੇ ਮੰਗਾਂ ਦਾ ਹੱਲ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੇ ਸੂਬਾਈ ਆਗੂ ਭਗਵਾਨ ਸਿੰਘ ਮਾਣਕੀ ਨੇ ਤਹਿਸੀਲ ਕੰਪਲੈਕਸ ਅਹਿਮਦਗੜ੍ਹ ਵਿਖੇ ਤਹਿਸੀਲ ਪ੍ਰਧਾਨ ਜਗਦੀਸ਼ ਸਿੰਘ ਬੋੜਹਾਈ ਦੀ ਅਗਵਾਈ ਹੇਠ ਹੋਈ ਮਾਸਿਕ ਮੀਟਿੰਗ ਦੌਰਾਨ ਨੰਬਰਦਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਕਾਰਨ ਪੰਜਾਬ ਦੇ ਸਮੂਹ ਨੰਬਰਦਾਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਅਤੇ ਚੌਕੀਦਾਰਾਂ ਦਾ ਮਾਣ ਮੱਤਾ ਵਧਾਉਣ ਦੇ ਫੈਸਲੇ ਦਾ ਨੰਬਰਦਾਰ ਯੂਨੀਅਨ ਸਵਾਗਤ ਕਰਦੀ ਹੈ, ਪਰ ਸੂਬਾ ਸਰਕਾਰ ਸਰਪੰਚਾਂ ਦੀ ਤਰਜ਼ ’ਤੇ ਨੰਬਰਦਾਰਾਂ ਨੂੰ ਵੀ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਵੇ ਕਿਉਂਕਿ ਨੰਬਰਦਾਰ ਵੀ ਸਰਪੰਚਾਂ ਵਾਂਗ ਪਿੰਡਾਂ ਵਿੱਚ ਲੋਕਾਂ ਦੇ ਕੋਰਟ-ਕਚਹਿਰੀ ਦੇ ਕੰਮ, ਜ਼ਮੀਨਾਂ ਦੀ ਮਿਣਤੀ ਤੇ ਤਹਿਸੀਲ ਨਾਲ ਸਬੰਧਿਤ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਨੰਬਰਦਾਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਆਨਾ-ਕਾਨੀ ਕੀਤੀ ਜਾ ਰਹੀ ਹੈ। ਉੱਥੇ ਹੀ ਨੰਬਰਦਾਰਾਂ ਦੀਆਂ ਅਹਿਮ ਮੰਗਾਂ ਜਿਵੇਂ ਕਿ ਨੰਬਰਦਾਰੀ ਜੱਦੀ-ਪੁਸ਼ਤੀ ਕਰਕੇ ਨੰਬਰਦਾਰ ਦੀ ਮੌਤ ਹੋ ਜਾਣ ਤੋਂ ਬਾਅਦ ਉਸਦੇ ਲੜਕੇ ਨੂੰ ਨੰਬਰਦਾਰ ਨਿਯੁਕਤ ਕੀਤਾ ਜਾਵੇ। ਇਸ ਤੋਂ ਇਲਾਵਾ ਨੰਬਰਦਾਰਾਂ ਦੀਆਂ ਹੋਰ ਵੀ ਜਾਇਜ਼ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਨੱਥੋਹੇੜੀ, ਤਹਿਸੀਲ ਪ੍ਰਧਾਨ ਜਗਦੀਸ਼ ਸਿੰਘ ਬੋੜਹਾਈ ਕਲਾਂ, ਜ਼ਿਲ੍ਹਾ ਮੀਤ ਪ੍ਰਧਾਨ ਬਲਵੀਰ ਸਿੰਘ ਕਸਬਾ ਭਰਾਲ, ਗੁਰਦਿਆਲ ਸਿੰਘ ਬੋੜਹਾਈ ਕਲਾਂ, ਗੁਰਮੇਲ ਸਿੰਘ, ਕ੍ਰਿਸ਼ਨ ਸਿੰਘ ਕੰਗਣਵਾਲ, ਦਰਸ਼ਨ ਸਿੰਘ, ਕਲਵੰਤ ਸਿੰਘ ਮਹੋਲੀ ਖੁਰਦ ਆਦਿ ਹਾਜ਼ਰ ਸਨ।