ਪ੍ਰਦਰਸ਼ਨ ਦੀ ਕਮਾਨ ਜਿਸ ਆਗੂ ਨੇ ਸੰਭਾਲਣੀ ਸੀ, ਖੁਦ ਹੀ ਰਿਹਾ ਗੈਰ-ਹਾਜ਼ਰ
ਖੁਦ ਜ਼ਿਲ੍ਹਾ ਪ੍ਰਧਾਨ ਹੀ ਗੈਰ-ਹਾਜ਼ਰ ਮਿਲੇ, ਸ਼ੋਸ਼ਲ ਮੀਡੀਆ ਤੋਂ ਪੋਸਟ ਡਲੀਟ, ਭੰਗੂ ਦਾ ਵੱਡਾ ਯੂਟਰਨ
Publish Date: Sat, 20 Jun 2026 04:51 PM (IST)
Updated Date: Sun, 21 Jun 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਮ ਆਦਮੀ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਸਥਿਤ ਰਿਹਾਇਸ਼ ਅੱਗੇ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਵੱਲੋਂ ਕੀਤੀ ਜਾਣੀ ਸੀ। ਭੰਗੂ ਨੇ ਇਸ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ ਵਰਕਰਾਂ ਤੇ ਆਮ ਲੋਕਾਂ ਨੂੰ ਸੱਦਾ ਦਿੰਦਾ ਇੱਕ ਪੋਸਟ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ’ਤੇ ਵੀ ਸਾਂਝਾ ਕੀਤਾ ਸੀ। ਪਰ ਸ਼ਨਿਚਵਾਰ ਨੂੰ ਜਦੋਂ ਇਹ ਰੋਸ ਪ੍ਰਦਰਸ਼ਨ ਸ਼ੁਰੂ ਹੋਇਆ ਤਾਂ ਉੱਥੇ ਮੌਜੂਦ ਸਾਰੇ ਲੋਕ ਤੇ ਪਾਰਟੀ ਵਰਕਰ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਖੁਦ ਜ਼ਿਲ੍ਹਾ ਪ੍ਰਧਾਨ ਹੀ ਗੈਰ-ਹਾਜ਼ਰ ਮਿਲੇ, ਜਿਸ ਆਗੂ ਨੇ ਇਸ ਪ੍ਰਦਰਸ਼ਨ ਦੀ ਕਮਾਨ ਸੰਭਾਲਣੀ ਸੀ, ਉਹ ਖੁਦ ਇਸ ਰੋਸ ਮੁਜ਼ਾਹਰੇ ’ਚੋਂ ਗਾਇਬ ਰਹੇ। --ਭੰਗੂ ਨੇ ਸੋਸ਼ਲ ਮੀਡੀਆ ਤੋਂ ਪੋਸਟ ਡਲੀਟ ਕੀਤੀ, ਲਿਆ ਵੱਡਾ ਯੂਟਰਨ ਹੈਰਾਨੀ ਦੀ ਗੱਲ ਇਹ ਰਹੀ ਕਿ ਪਰਮਿੰਦਰ ਸਿੰਘ ਭੰਗੂ ਨੇ ਆਪਣੇ ਸੋਸ਼ਲ ਮੀਡੀਆ ਪੇਜਾਂ ਤੋਂ ਉਸ ਸੱਦਾ ਪੱਤਰ ਵਾਲੀ ਪੋਸਟ ਨੂੰ ਵੀ ਹਟਾ ਦਿੱਤਾ, ਜੋ ਉਨ੍ਹਾਂ ਨੇ ਖੁਦ ਸ਼ੇਅਰ ਕੀਤੀ ਸੀ। ਜ਼ਿਲ੍ਹਾ ਪ੍ਰਧਾਨ ਦੀ ਇਸ ਹਰਕਤ ਤੋਂ ਬਾਅਦ ਬਰਨਾਲਾ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ‘ਸਭ ਅੱਛਾ ਨਹੀਂ ਹੈ’: ਸਿਆਸੀ ਮਾਹਰਾਂ ਤੇ ਵਿਰੋਧੀਆਂ ਮੁਤਾਬਕ, ਇਸ ਘਟਨਾ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਇਕਾਈ ’ਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਪਾਰਟੀ ਦੇ ਅੰਦਰੂਨੀ ਕਲੇਸ਼ ਜਾਂ ਕਿਸੇ ਵੱਡੇ ਸਿਆਸੀ ਦਬਾਅ/ਸਮਝੌਤੇ ਵੱਲ ਇਹ ਇਸ਼ਾਰਾ ਕਰ ਰਿਹਾ ਹੈ। --ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਤੇ ਸਕ੍ਰੀਨਸ਼ਾਟ ਇਸ ਘਟਨਾ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਤੇ ਨਵੀਂ ਬਹਿਸ ਛਿੜ ਗਈ ਹੈ। ਲੋਕਾਂ ਤੇ ਸਿਆਸੀ ਵਿਰੋਧੀਆਂ ਵੱਲੋਂ ਭੰਗੂ ਦੇ ਪੁਰਾਣੇ ਸੱਦਾ ਪੱਤਰ ਦੇ ਸਕ੍ਰੀਨਸ਼ਾਟ ਤੇ ਪ੍ਰਦਰਸ਼ਨ ਵਾਲੀ ਜਗ੍ਹਾ ਤੋਂ ਉਨ੍ਹਾਂ ਦੀ ਗੈਰ-ਹਾਜ਼ਰੀ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਇਸ ਮਾਮਲੇ ਤੇ ਪਰਵਿੰਦਰ ਸਿੰਘ ਭੰਗੂ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਉੱਚ ਆਗੂ ਵੱਲੋਂ ਕੋਈ ਅਧਿਕਾਰਤ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ, ਪਰ ਇਸ ਘਟਨਾ ਨੇ ਆਪ ਦੀ ਸਥਾਨਕ ਲੀਡਰਸ਼ਿਪ ਨੂੰ ਸਵਾਲਾਂ ਦੇ ਘੇਰੇ ਚ ਜ਼ਰੂਰ ਖੜ੍ਹਾ ਕਰ ਦਿੱਤਾ ਹੈ।