ਪਿਤਾ ਦੇ ਮੋਢਿਆਂ 'ਤੇ ਇਕਲੌਤੇ ਪੁੱਤ ਦੀ ਲਾਸ਼: ਯੂਕੇ ਤੋਂ ਆਈ ਦੇਹ ਦੇਖ ਹਰ ਅੱਖ ਹੋਈ ਨਮ, ਕੁਝ ਮਹੀਨਿਆਂ ਬਾਅਦ ਹੋਣਾ ਸੀ ਵਿਆਹ
32 ਸਾਲਾ ਸਿਮਰਨਵੀਰ ਸਿੰਘ ਦਾ ਅਜੇ ਵਿਆਹ ਨਹੀਂ ਸੀ ਹੋਇਆ ਪਰ ਉਸ ਦੇ ਪਿਤਾ ਦੇ ਕਹਿਣ ਅਨੁਸਾਰ ਉਸ ਦਾ ਵਿਆਹ ਕੁਝ ਹੀ ਮਹੀਨੇ ਬਾਅਦ ਕੀਤੇ ਜਾਣਾ ਤੈਅ ਹੋਇਆ ਸੀ। ਉਸ ਦੀ ਅੰਤਿਮ ਯਾਤਰਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।
Publish Date: Wed, 25 Feb 2026 01:43 PM (IST)
Updated Date: Wed, 25 Feb 2026 01:53 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ: ਪਿੰਡ ਦਿਆਲਗੜ੍ਹ ਵਿਖੇ ਉਸ ਸਮੇਂ ਮਾਤਮ ਛਾ ਗਿਆ ਜਦੋਂ ਇਸ ਪਿੰਡ ਦੇ ਨੌਜਵਾਨ ਦੀ ਯੂਕੇ ਤੋਂ ਲਾਸ਼ ਆਈ। ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਨੌਜਵਾਨ ਸਿਮਰਨਵੀਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸਿਮਰਨਵੀਰ ਸਿੰਘ ਦੇ ਅਭਾਗੇ ਪਿਤਾ ਜਸਵੀਰ ਸਿੰਘ ਦੇ ਮੋਢਿਆਂ 'ਤੇ ਪੁੱਤ ਦੀ ਲਾਸ਼ ਵੇਖ ਕੇ ਉਸ ਸਮੇਂ ਹਾਜ਼ਰ ਹਰ ਕੋਈ ਅੱਖ ਰੋ ਰਹੀ ਸੀ। ਪਿਤਾ ਜਸਬੀਰ ਸਿੰਘ ਨੇ ਆਪਣੇ ਇਕਲੌਤੇ ਪੁੱਤਰ ਸਿਮਰਨ ਵੀਰ ਸਿੰਘ ਨੂੰ ਬੜੇ ਚਾਵਾਂ 'ਤੇ ਲਾਡਾਂ ਨਾਲ ਰੁਜ਼ਗਾਰ ਲਈ ਇੰਗਲੈਂਡ ਭੇਜਿਆ ਸੀ ਕਦੇ ਇਹ ਨਹੀਂ ਸੀ ਸੋਚਿਆ ਕਿ ਉਸ ਦਾ ਪੁੱਤਰ ਇੱਕ ਦਿਨ ਲਾਸ਼ ਬਣ ਕੇ ਵਾਪਸ ਪਰਤੇਗਾ। 2016 ਵਿੱਚ ਯੂਕੇ ਗਿਆ ਸਿਮਰਨ ਵੀਰ ਸਿੰਘ ਇਸ ਸਮੇਂ ਇੰਗਲੈਂਡ ਦਾ ਪੀਆਰ ਹੋ ਚੁੱਕਾ ਸੀ। 32 ਸਾਲਾ ਸਿਮਰਨਵੀਰ ਸਿੰਘ ਦਾ ਅਜੇ ਵਿਆਹ ਨਹੀਂ ਸੀ ਹੋਇਆ ਪਰ ਉਸ ਦੇ ਪਿਤਾ ਦੇ ਕਹਿਣ ਅਨੁਸਾਰ ਉਸ ਦਾ ਵਿਆਹ ਕੁਝ ਹੀ ਮਹੀਨੇ ਬਾਅਦ ਕੀਤੇ ਜਾਣਾ ਤੈਅ ਹੋਇਆ ਸੀ। ਉਸ ਦੀ ਅੰਤਿਮ ਯਾਤਰਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਦਿੜਬਾ ਇਲਾਕੇ ਲਈ ਬਹੁਤ ਵੱਡੀ ਦੁਖਦਾਈ ਘਟਨਾ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਪੰਜਾਬ ਅੰਦਰ ਕਿਸੇ ਨਾ ਕਿਸੇ ਨੌਜਵਾਨ ਦੀ ਲਾਸ਼ ਆ ਰਹੀ ਹੈ ਉੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਇਸ ਬਾਰੇ ਉਹ ਕੁਝ ਨਹੀਂ ਦੱਸ ਸਕਦੇ ਪਰ ਇਹ ਪੰਜਾਬ ਲਈ ਬਹੁਤ ਹੀ ਦੁਖਦਾਈ ਗੱਲ ਹੈ ਉਨ੍ਹਾਂ ਮੰਗ ਕੀਤੀ ਕਿ ਸਾਡੀਆਂ ਅੰਮਬੈਸੀਆਂ ਦਾ ਫਰਜ਼ ਬਣਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਰਹਿ ਰਹੇ ਨੌਜਵਾਨਾਂ ਦੇ ਬਾਰੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕਰਿਆ ਕਰਨ ਅਤੇ ਲੋੜ ਪੈਣ 'ਤੇ ਉਹਨਾਂ ਦੀ ਮਦਦ ਵੀ ਕਰਨ। ਇਸ ਮੌਕੇ ਖੇਡ ਪ੍ਰਮੋਟਰ ਕਰਨ ਘੁਮਾਣ ਕਨੇਡਾ, ਚਮਕੌਰ ਸਿੰਘ ਯੂਕੇ, ਮੰਤਰੀ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਮਾਰਕੀਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਸੀਨੀਅਰ ਅਕਾਲੀ ਆਗੂ ਤੇਜਾ ਸਿੰਘ ਕਮਾਲਪੁਰ, ਰਣਧੀਰ ਸਿੰਘ ਸਮੂਰਾਂ, ਕੋਚ ਜਸਪਾਲ ਸਿੰਘ ਪਾਲਾ, ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਗਰਗ ਅਤੇ ਅਤੇ ਹੋਰ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।