ਫੱਗੂਵਾਲਾ ਫਲਾਈਓਵਰ ’ਤੇ ਥਾਰ ਦੀ ਟੱਕਰ, 23 ਸਾਲਾ ਨੌਜਵਾਨ ਦੀ ਮੌਤ; ਦੀਵਾਲੀ ਮੌਕੇ ਵਾਪਰੇ ਹਾਦਸੇ ਕਾਰਨ ਇਲਾਕੇ 'ਚ ਫੈਲੀ ਸੋਗ ਦੀ ਲਹਿਰ
ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਗੱਡੀ ਵਿੱਚ ਫਸੇ ਗੰਭੀਰ ਜ਼ਖ਼ਮੀ ਨਿਤੇਸ਼ ਜਿੰਦਲ ਨੂੰ ਬਾਹਰ ਕੱਢ ਕੇ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Publish Date: Mon, 09 Nov 2026 04:14 PM (IST)
Updated Date: Mon, 09 Nov 2026 04:17 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਦੀਵਾਲੀ ਤੋਂ ਪਹਿਲੀ ਰਾਤ ਸਥਾਨਕ ਫੱਗੂਵਾਲਾ ਕੈਂਚੀਆਂ ਨੇੜੇ ਨੈਸ਼ਨਲ ਹਾਈਵੇਅ ਦੇ ਫਲਾਈਓਵਰ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਥਾਰ ਗੱਡੀ ਸਵਾਰ 23 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦੌਰਾਨ ਥਾਰ ਗੱਡੀ ਦੀ ਅੱਗੇ ਜਾ ਰਹੇ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਉਕਤ ਵਾਹਨ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਦੀਵਾਲੀ ਵਰਗੇ ਵੱਡੇ ਤਿਉਹਾਰ ਤੋਂ ਪਹਿਲੀ ਰਾਤ ਨੂੰ ਵਾਪਰੇ ਹਾਦਸੇ ਦੀ ਖਬਰ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਿਤੇਸ਼ ਜਿੰਦਲ (23) ਪੁੱਤਰ ਸ਼ਾਮ ਲਾਲ ਜਿੰਦਲ ਵਾਸੀ ਸੰਗਰੂਰ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਜ਼ੀਰਕਪੁਰ ਵਿਖੇ ਕਾਰੋਬਾਰ ਸੀ ਅਤੇ ਉਹ ਆਪਣੀ ਥਾਰ ਗੱਡੀ ਰਾਹੀਂ ਜ਼ੀਰਕਪੁਰ ਤੋਂ ਸੰਗਰੂਰ ਪਰਤ ਰਿਹਾ ਸੀ। ਜਦੋਂ ਉਹ ਫੱਗੂਵਾਲਾ ਕੈਂਚੀਆਂ ਸਥਿਤ ਫਲਾਈਓਵਰ ’ਤੇ ਪਹੁੰਚਿਆ ਤਾਂ ਉਸ ਦੀ ਗੱਡੀ ਅੱਗੇ ਜਾ ਰਹੇ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਥਾਰ ਚਾਲਕ ਗੱਡੀ ਅੰਦਰ ਹੀ ਬੁਰੀ ਤਰ੍ਹਾਂ ਫਸ ਗਿਆ। ਉੱਧਰ, ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਗੱਡੀ ਵਿੱਚ ਫਸੇ ਗੰਭੀਰ ਜ਼ਖ਼ਮੀ ਨਿਤੇਸ਼ ਜਿੰਦਲ ਨੂੰ ਬਾਹਰ ਕੱਢ ਕੇ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਨੁਸਾਰ ਹਾਦਸੇ ਤੋਂ ਬਾਅਦ ਅਣਪਛਾਤੇ ਵਾਹਨ ਦਾ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਭਵਾਨੀਗੜ੍ਹ ਦੀ ਪੁਲਿਸ ਵੱਲੋਂ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।