38 ਡਿਗਰੀ ਸੈਲਸੀਅਸ ਤੱਕ ਪੁੱਜਾ ਤਾਪਮਾਨ, ਬਾਜ਼ਾਰ ਰਹੇ ਸੁੰਨੇ
38 ਡਿਗਰੀ ਸੈਲਸੀਅਸ ਤੱਕ ਪੁੱਜਾ ਤਾਪਮਾਨ, ਬਾਜ਼ਾਰ ਰਹੇ ਸੁੰਨੇ
Publish Date: Wed, 24 Jun 2026 04:14 PM (IST)
Updated Date: Wed, 24 Jun 2026 04:16 PM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਪਿਛਲੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਇੱਕ ਵਾਰ ਫਿਰ ਤਾਪਮਾਨ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੰਨੀ ਦਿਨੀਂ ਖੇਤਾਂ ਵਿੱਚ ਝੋਨੇ ਦੀ ਲਵਾਈ ਹੋਣ ਕਾਰਨ ਲੂ ਵਰਗੀ ਸਥਿਤੀ ਲਗਭਗ ਖ਼ਤਮ ਹੋ ਚੁੱਕੀ ਹੈ, ਪਰ ਗਰਮੀ ਅਤੇ ਹੁੰਮਸ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਲੋਕ ਗਰਮੀ ਤੋਂ ਰਾਹਤ ਪਾਉਣ ਲਈ ਠੰਢੇ ਪਦਾਰਥਾਂ ਦਾ ਸਹਾਰਾ ਲੈ ਰਹੇ ਹਨ। ਲੱਸੀ, ਗੰਨੇ ਦਾ ਰਸ, ਕੋਲਡ ਡਰਿੰਕ ਅਤੇ ਹੋਰ ਠੰਢੇ ਪੇਅ ਵੇਚਣ ਵਾਲੀਆਂ ਰੇਹੜੀਆਂ ਅਤੇ ਦੁਕਾਨਾਂ ’ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਨੂੰ ਸੰਗਰੂਰ ਦੇ ਸੁਨਾਮੀ ਗੇਟ, ਪਟਿਆਲਾ ਗੇਟ ਅਤੇ ਨਾਭਾ ਗੇਟ ਦੇ ਬਾਜ਼ਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਾਫ਼ੀ ਹੱਦ ਤੱਕ ਸੁੰਨੇ ਪਏ ਰਹੇ। ਲੋਕ ਸਿਰਫ਼ ਲੋੜ ਪੈਣ ’ਤੇ ਹੀ ਘਰਾਂ ਤੋਂ ਬਾਹਰ ਨਿਕਲੇ। ਇਸੇ ਦੌਰਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੱਗੀਆਂ ਛਬੀਲਾਂ ਵਿੱਚ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਰਾਹਗੀਰਾਂ ਨੂੰ ਠੰਢਾ ਪਾਣੀ ਪਿਲਾ ਕੇ ਉਨ੍ਹਾਂ ਦੀ ਪਿਆਸ ਬੁਝਾਈ ਗਈ। ਧੂਰੀ ਗੇਟ ਬਾਜ਼ਾਰ ਵਿੱਚ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਧੁੱਪ ਤੋਂ ਬਚਾਉਣ ਲਈ ਨੈੱਟ ਜਾਲ ਲਾਇਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਹੋ ਸਕਦਾ ਹੈ ਅਤੇ ਕੁਝ ਥਾਵਾਂ ’ਤੇ ਬਾਰਿਸ਼ ਜਾਂ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਸਬਜ਼ੀਆਂ ਨੂੰ ਲੱਗ ਰਹੀਆਂ ਬਿਮਾਰੀਆਂ ਦੂਜੇ ਪਾਸੇ, ਖੇਤਾਂ ਅਤੇ ਘਰਾਂ ਵਿੱਚ ਘਰੇਲੂ ਵਰਤੋਂ ਲਈ ਲਾਏ ਸਬਜ਼ੀਆਂ ਅਤੇ ਫਲਾਂ ਦੇ ਬੂਟਿਆਂ ’ਤੇ ਵੀ ਬਿਮਾਰੀਆਂ ਦਾ ਹਮਲਾ ਵਧ ਗਿਆ ਹੈ। ਬੂਟਿਆਂ ’ਤੇ ਲੱਗੇ ਹਰੇ-ਭਰੇ ਫਲ ਕਾਲੇ ਰੰਗ ਵਿੱਚ ਬਦਲ ਰਹੇ ਹਨ ਅਤੇ ਉਨ੍ਹਾਂ ਵਿੱਚ ਕੀੜੇ ਪੈਣ ਲੱਗ ਪਏ ਹਨ। ਕਿਸਾਨ ਸਤਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਫਲਦਾਰ ਬੂਟਿਆਂ ’ਤੇ ਚਿੱਟੀ ਉੱਲੀ, ਤੇਲਾ ਅਤੇ ਮਿਲੀਬਗ ਦਾ ਹਮਲਾ ਹੋ ਗਿਆ ਹੈ। ਇਸ ਕਾਰਨ ਫਲਾਂ ਦਾ ਰਸ ਸੁੱਕ ਰਿਹਾ ਹੈ ਅਤੇ ਕੁਝ ਪੌਦੇ ਪੁੱਟਣੇ ਤੱਕ ਪੈ ਰਹੇ ਹਨ। ਜੋ ਪੌਦੇ ਬਚੇ ਹੋਏ ਹਨ, ਉਨ੍ਹਾਂ ਨੂੰ ਬਚਾਉਣ ਲਈ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵਿਭਾਗ ਨੇ ਸਲਾਹ ਦਿੱਤੀ ਹੈ ਕਿ ਦਿਨ ਦੇ ਸਮੇਂ ਘਰੋਂ ਬਾਹਰ ਨਿਕਲਦਿਆਂ ਸਿਰ ਨੂੰ ਕੱਪੜੇ ਨਾਲ ਢੱਕਿਆ ਜਾਵੇ ਅਤੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ, ਸਟ੍ਰੋਕ ਜਾਂ ਦਿਲ ਨਾਲ ਸੰਬੰਧਤ ਬਿਮਾਰੀਆਂ ਹਨ, ਉਨ੍ਹਾਂ ਨੂੰ ਸਿੱਧੀ ਧੁੱਪ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਚੱਕਰ ਆਉਣਾ, ਸਿਰ ਦਰਦ, ਪੇਟ ਦਰਦ, ਘਬਰਾਹਟ ਜਾਂ ਧੁੰਦਲਾ ਨਜ਼ਰ ਆਉਣ ਵਰਗੀਆਂ ਸਮੱਸਿਆਵਾਂ ਹੋਣ ’ਤੇ ਤੁਰੰਤ ਡਾਕਟਰੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਾਜ਼ਾਰ ਦੇ ਖਾਣੇ ਦੀ ਬਜਾਏ ਘਰ ਦਾ ਬਣਿਆ ਭੋਜਨ ਖਾਣ ਦੀ ਅਪੀਲ ਕੀਤੀ ਗਈ ਹੈ।