ਟੰਡਨ ਇੰਟਰਨੈਸ਼ਨਲ ਸਕੂਲ ਦੀ ਸਾਈਕਲ ਰੈਲੀ ਨੇ ਦਿੱਤਾ ਹਰਿਆ-ਭਰਿਆ ਤੇ ਤੰਦਰੁਸਤ ਭਵਿੱਖ ਦਾ ਸੰਦੇਸ਼ ਟੰਡਨ ਇੰਟਰਨੈਸ਼ਨਲ ਸਕੂਲ ਦੀ ਵਿਸ਼ਾਲ ਸਾਈਕਲ ਰੈਲੀ ਨੇ ਦਿੱਤਾ ਹਰਿਆ-ਭਰਿਆ ਤੇ ਤੰਦਰੁਸਤ ਭਵਿੱਖ ਦਾ ਸੰਦੇਸ਼
Publish Date: Mon, 29 Jun 2026 04:42 PM (IST)
Updated Date: Mon, 29 Jun 2026 04:43 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਟੰਡਨ ਇੰਟਰਨੈਸ਼ਨਲ ਸਕੂਲ ਵੱਲੋਂ ਸੋਨੀ ਸਾਈਕਲ ਕਲੱਬ ਦੇ ਸਹਿਯੋਗ ਨਾਲ ਵਾਤਾਵਰਨ ਸੰਭਾਲ, ਸਿਹਤਮੰਦ ਜੀਵਨ ਸ਼ੈਲੀ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ’ਚ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ, ਸਾਈਕਲਿੰਗ ਪ੍ਰੇਮੀਆਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਬਰਨਾਲਾ ਦੇ ਮੇਅਰ ਹਸਨ ਭਾਰਦਵਾਜ, ਪ੍ਰਸਿੱਧ ਡਾਕਟਰ ਡਾ. ਪਿਨਾਕ ਮੋਦਗਿੱਲ ਅਤੇ ਰਾਜਸਥਾਨ ਤੋਂ ਪਹੁੰਚੇ ਜੱਜ ਹਾਰਦਿਕ ਕੌਸ਼ਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨਾਂ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਆਪਣੇ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਸਾਈਕਲਿੰਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ, ਵਾਤਾਵਰਨ ਦੀ ਸੰਭਾਲ ਕਰਨ ਅਤੇ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ। ਇਹ ਰੈਲੀ ਟੰਡਨ ਇੰਟਰਨੈਸ਼ਨਲ ਸਕੂਲ ਤੋਂ ਸ਼ੁਰੂ ਹੋ ਕੇ ਭਗਤ ਸਿੰਘ ਚੌਂਕ ਤੱਕ ਪਹੁੰਚੀ, ਜਿੱਥੇ ਸਾਰੇ ਭਾਗੀਦਾਰਾਂ ਨੇ ਵਾਤਾਵਰਨ ਦੀ ਰੱਖਿਆ ਕਰਨ ਅਤੇ ਪ੍ਰਦੂਸ਼ਣ ਮੁਕਤ ਸਮਾਜ ਦੀ ਸਿਰਜਣਾ ਲਈ ਸਹੁੰ ਚੁੱਕੀ। ਇਸ ਉਪਰੰਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਰੈਲੀ ਦਾ ਸਮਾਪਨ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਹੋਇਆ, ਜਿੱਥੇ ਮੁੱਖ ਮਹਿਮਾਨਾਂ ਦਾ ਟਰਾਫੀਆਂ ਅਤੇ ਪੌਦੇ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਮੇਅਰ ਹਸਨ ਭਾਰਦਵਾਜ ਨੇ ਟੰਡਨ ਇੰਟਰਨੈਸ਼ਨਲ ਸਕੂਲ ਅਤੇ ਸੋਨੀ ਸਾਈਕਲ ਕਲੱਬ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਲੇ ਅਜਿਹੇ ਉਪਰਾਲੇ ਹਰ ਸਕੂਲ ਲਈ ਪ੍ਰੇਰਣਾ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਸਮਾਜ ’ਚ ਵੀ ਵਾਤਾਵਰਨ ਸੰਭਾਲ ਦਾ ਸੰਦੇਸ਼ ਪਹੁੰਚਾਉਣ, ਵੱਧ ਤੋਂ ਵੱਧ ਰੁੱਖ ਲਗਾਉਣ, ਸਾਈਕਲ ਦੀ ਵਰਤੋਂ ਵਧਾਉਣ ਅਤੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ। ਉਨ੍ਹਾਂ ਕਿਹਾ ਕਿ ਜਾਗਰੂਕ ਨੌਜਵਾਨ ਹੀ ਦੇਸ਼ ਦੀ ਅਸਲ ਤਾਕਤ ਹਨ ਅਤੇ ਉਨ੍ਹਾਂ ਦੇ ਛੋਟੇ-ਛੋਟੇ ਯਤਨ ਸਮਾਜ ’ਚ ਵੱਡਾ ਬਦਲਾਅ ਲਿਆ ਸਕਦੇ ਹਨ। ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਜਿਹੇ ਸਮਾਜਿਕ ਅਤੇ ਜਾਗਰੂਕਤਾ ਭਰਪੂਰ ਉਪਰਾਲੇ ਵਿਦਿਆਰਥੀਆਂ ’ਚ ਸਮਾਜ ਪ੍ਰਤੀ ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਵਾਤਾਵਰਨ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਲਈ ਸਾਈਕਲਿੰਗ ਸਭ ਤੋਂ ਸਰਲ, ਸਸਤਾ ਅਤੇ ਪ੍ਰਭਾਵਸ਼ਾਲੀ ਸਾਧਨ ਹੈ ਅਤੇ ਹਰ ਵਿਅਕਤੀ ਨੂੰ ਇਸ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਸ਼ਾਮਲ ਕਰਨਾ ਚਾਹੀਦਾ ਹੈ। ਸਕੂਲ ਦੇ ਐਮ.ਡੀ. ਸ਼ਿਵ ਸਿੰਗਲਾ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਹਮੇਸ਼ਾ ਸਿੱਖਿਆ ਦੇ ਨਾਲ-ਨਾਲ ਸਮਾਜਿਕ ਕਦਰਾਂ-ਕੀਮਤਾਂ ਅਤੇ ਵਾਤਾਵਰਨ ਸੰਭਾਲ ਨਾਲ ਜੁੜੇ ਪ੍ਰੋਗਰਾਮ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਸਾਈਕਲ ਰੈਲੀ ਕੇਵਲ ਇੱਕ ਸਮਾਗਮ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਦੇਣ ਲਈ ਇੱਕ ਮਜ਼ਬੂਤ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਨਾਗਰਿਕ ਹਫ਼ਤੇ ’ਚ ਕੁਝ ਦੂਰੀ ਵੀ ਸਾਈਕਲ ਰਾਹੀਂ ਤੈਅ ਕਰੇ ਤਾਂ ਪ੍ਰਦੂਸ਼ਣ ’ਚ ਕਮੀ ਆਉਣ ਦੇ ਨਾਲ-ਨਾਲ ਸਿਹਤ ਵੀ ਬਿਹਤਰ ਹੋਵੇਗੀ। ਉਨ੍ਹਾਂ ਨੇ ਸਮੂਹ ਭਾਗੀਦਾਰਾਂ, ਸੋਨੀ ਸਾਈਕਲ ਕਲੱਬ ਅਤੇ ਮੁੱਖ ਮਹਿਮਾਨਾਂ ਦਾ ਇਸ ਸਫਲ ਆਯੋਜਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਅੰਤ ’ਚ ਟੰਡਨ ਇੰਟਰਨੈਸ਼ਨਲ ਸਕੂਲ ਵਲੋਂ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ।