- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਪਾ ਤਾਜੋ ਕੈਂਚੀਆਂ ਨਜ਼ਦੀਕ ਖੜ੍ਹੇ ਗੰਦੇ ਪਾਣੀ ਤੋਂ ਪਰੇਸ਼ਾਨ ਦੁਕਾਨਦਾਰਾਂ ਵਲੋਂ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਤਾਜੋ ਕੈਂਚੀਆਂ ਬਾਹਰਲੇ ਬੱਸ ਸਟੈਂਡ ’ਤੇ ਖੜ੍ਹੇ ਗੰਦੇ ਪਾਣੀ ਤੋਂ ਪਰੇਸ਼ਾਨ ਲੋਕਾਂ ਵੱਲੋਂ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ ਕਰਦਿਆ ਦੁਕਾਨਦਾਰਾਂ ਮੱਖਣ ਸਿੰਘ, ਬੰਟੀ ਸਿੰਘ, ਗੁਰਮੀਤ ਮਹਿਤਾ, ਸੱਤ ਪਾਲ, ਰਿੰਕੂ ਮਿਸਤਰੀ, ਮਿਸਤਰੀ ਲਾਡੀ, ਸੁਰਿੰਦਰ ਸਿੰਘ, ਕੁਕੂ ਪੇਂਟਰ, ਜੱਗੀ ਸਿੰਘ, ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਸੀਵਰੇਜ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਸੜਕ ’ਤੇ ਖੜ੍ਹਾ ਹੈ, ਪਰ ਨਾ ਤਾਂ ਨਾਲਿਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਪਾਣੀ ਦੀ ਨਿਕਾਸੀ ਲਈ ਕੋਈ ਠੋਸ ਕਦਮ ਚੁੱਕਿਆ ਗਿਆ ਹੈ। ਭਿਆਨਕ ਗਰਮੀ ਕਾਰਨ ਇਸ ਪਾਣੀ ਵਿੱਚੋਂ ਬਹੁਤ ਹੀ ਭੈੜੀ ਬਦਬੂ ਆ ਰਹੀ ਹੈ, ਜਿਸ ਕਾਰਨ ਦੁਕਾਨਾਂ ’ਤੇ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ। ਗ੍ਰਾਹਕ ਵੀ ਗੰਦਗੀ ਤੇ ਬਦਬੂ ਕਾਰਨ ਦੁਕਾਨਾਂ ਵੱਲ ਆਉਣ ਤੋਂ ਕਤਰਾਉਂਦੇ ਹਨ, ਜਿਸ ਨਾਲ ਵਪਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਈਵੇ ਤੋਂ ਤੇਜ਼ ਰਫ਼ਤਾਰ ਨਾਲ ਲੰਘਣ ਵਾਲੀਆਂ ਬੱਸਾਂ ਤੇ ਹੋਰ ਵਾਹਨ ਗੰਦੇ ਪਾਣੀ ਦੇ ਛਿੱਟੇ ਦੁਕਾਨਾਂ ਅੰਦਰ ਤੱਕ ਸੁੱਟ ਜਾਂਦੇ ਹਨ। ਪੈਦਲ ਚੱਲਣ ਵਾਲਿਆਂ ਲਈ ਵੀ ਰਸਤਾ ਲਗਭਗ ਬੰਦ ਹੋ ਗਿਆ ਹੈ। ਲੋਕਾਂ ਨੇ ਕਿਹਾ ਕਿ ਬਰਸਾਤ ਦਾ ਮੌਸਮ ਸਿਰ ’ਤੇ ਹੈ ਤੇ ਜੇਕਰ ਸਮੇਂ ਸਿਰ ਪ੍ਰਬੰਧ ਨਾ ਕੀਤੇ ਗਏ ਤਾਂ ਪਾਣੀ ਦੁਕਾਨਾਂ ਵਿੱਚ ਦਾਖ਼ਲ ਹੋ ਕੇ ਵੱਡਾ ਨੁਕਸਾਨ ਕਰ ਸਕਦਾ ਹੈ। ਗੰਦੇ ਪਾਣੀ ਕਾਰਨ ਮੱਛਰਾਂ ਦੀ ਭਰਮਾਰ ਹੋ ਗਈ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਗਿਆ ਹੈ।ਉਨ੍ਹਾਂ ਆਖਿਆ ਕਿ ਇੱਥੋਂ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਰੋਜ਼ਾਨਾ ਆਪਣੇ ਦਫ਼ਤਰਾਂ ਵਿਚ ਆਉਣ-ਜਾਣ ਕਰਦੇ ਹਨ ਦੇ ਬਾਵਜੂਦ ਖੜ੍ਹੇ ਗੰਦੇ ਪਾਣੀ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਲੋਕਾਂ ਨੇ ਤੰਜ਼ ਕੱਸਦਿਆਂ ਕਿਹਾ ਕਿ ਲੱਗਦਾ ਹੈ ਅਧਿਕਾਰੀ ਇਸ ਸਮੱਸਿਆ ਨੂੰ ਦੇਖ ਕੇ ਵੀ ਅੱਖਾਂ ਬੰਦ ਕਰਕੇ ਲੰਘ ਜਾਂਦੇ ਹਨ।ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਫ਼ਾਈ ਕਰਮਚਾਰੀ ਅਤੇ ਸੀਵਰੇਜ ਦੀ ਟੀਮ ਮੌਕੇ ’ਤੇ ਕੰਮ ਕਰ ਰਹੀ ਹੈ। ਬੰਦ ਪਏ ਸੀਵਰੇਜ ਨੂੰ ਖੋਲ੍ਹਣ ਅਤੇ ਪਾਣੀ ਦੀ ਨਿਕਾਸੀ ਸੁਚਾਰੂ ਬਣਾਉਣ ਲਈ ਯਤਨ ਜਾਰੀ ਹਨ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।