ਠੁੱਲੀਵਾਲ ’ਚ ਸਟਾਫ਼ ਦੀ ਭਾਰੀ ਘਾਟ ਤੇ ਖਸਤਾ ਕਮਰੇ ਬਣੇ ਵੱਡੀ ਚਿੰਤਾ ਦਾ ਵਿਸ਼ਾ
ਪਾਵਰਕਾਮ ਸਬ ਡਿਵੀਜ਼ਨ ਠੁੱਲੀਵਾਲ ’ਚ ਸਟਾਫ਼ ਦੀ ਭਾਰੀ ਘਾਟ ਤੇ ਖਸਤਾ ਕਮਰੇ ਬਣੇ ਵੱਡੀ ਚਿੰਤਾ ਦਾ ਵਿਸ਼ਾ
Publish Date: Fri, 19 Jun 2026 04:03 PM (IST)
Updated Date: Sat, 20 Jun 2026 04:00 AM (IST)

:: 72 ’ਚੋਂ 37 ਅਸਾਮੀਆਂ ਖਾਲੀ, ਮੁਲਾਜ਼ਮਾਂ ’ਤੇ ਵਧਿਆ ਕੰਮ ਦਾ ਬੋਝ, ਖਪਤਕਾਰਾਂ ਨੂੰ ਵੀ ਝੱਲਣੀ ਪੈ ਰਹੀ ਖੱਜਲ-ਖੁਆਰੀ :ਖਾਲੀ ਅਸਾਮੀਆਂ ਭਰਨ ਅਤੇ ਨਵੇਂ ਕਮਰੇ ਬਣਾਉਣ ਲਈ ਫੰਡ ਜਾਰੀ ਕਰਨ ਦੀ ਮੰਗ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਦੇ ਸਬ ਡਿਵੀਜ਼ਨ ਠੁੱਲੀਵਾਲ ਅੰਦਰ ਲੰਬੇ ਸਮੇਂ ਤੋਂ ਚੱਲ ਰਹੀ ਸਟਾਫ਼ ਦੀ ਘਾਟ ਤੇ ਖ਼ਸਤਾ ਹਾਲਤ ਵਾਲੇ ਦਫ਼ਤਰੀ ਕਮਰਿਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਸਬ ਡਿਵੀਜ਼ਨ ਅਧੀਨ ਆਉਂਦੇ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਬਿਜਲੀ ਖਪਤਕਾਰਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਦੂਜੇ ਪਾਸੇ ਦਫ਼ਤਰ ’ਚ ਕੰਮ ਕਰ ਰਹੇ ਮੁਲਾਜ਼ਮ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਖਸਤਾ ਇਮਾਰਤ ਕਾਰਨ ਪ੍ਰੇਸ਼ਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡਿਵੀਜ਼ਨ ਠੁੱਲੀਵਾਲ ’ਚ ਕੁੱਲ 72 ਮਨਜ਼ੂਰਸ਼ੁਦਾ ਅਸਾਮੀਆਂ ਹਨ, ਜਿਨ੍ਹਾਂ ’ਚੋਂ 37 ਅਸਾਮੀਆਂ ਇਸ ਵੇਲੇ ਖਾਲੀ ਪਈਆਂ ਹਨ। ਇਨ੍ਹਾਂ ’ਚ ਤਿੰਨ ਐਲ.ਡੀ.ਐਸ., ਦੋ ਜੂਨੀਅਰ ਇੰਜੀਨੀਅਰ (ਜੇ.ਈ.), 22 ਏ.ਐਫ.ਐਸ., ਇੱਕ ਮੀਟਰ ਰੀਡਰ, ਇੱਕ ਵੀ.ਡੀ.ਐਸ. ਅਤੇ ਇੱਕ ਚੌਕੀਦਾਰ ਸਮੇਤ ਕਈ ਮਹੱਤਵਪੂਰਨ ਅਹੁਦੇ ਸ਼ਾਮਲ ਹਨ। ਇਨ੍ਹਾਂ ਅਸਾਮੀਆਂ ਦੇ ਲੰਬੇ ਸਮੇਂ ਤੋਂ ਖਾਲੀ ਹੋਣ ਕਾਰਨ ਬਿਜਲੀ ਸਬੰਧੀ ਸ਼ਿਕਾਇਤਾਂ, ਨਵੇਂ ਕੁਨੈਕਸ਼ਨ, ਬਿੱਲਾਂ ਦੀਆਂ ਤਰੁੱਟੀਆਂ, ਮੀਟਰਾਂ ਦੀ ਜਾਂਚ ਅਤੇ ਹੋਰ ਤਕਨੀਕੀ ਕੰਮਾਂ ਦੇ ਨਿਪਟਾਰੇ ਵਿੱਚ ਦੇਰੀ ਹੋ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਟਾਫ਼ ਦੀ ਘਾਟ ਕਾਰਨ ਖਪਤਕਾਰਾਂ ਨੂੰ ਕਈ ਵਾਰ ਇੱਕੋ ਕੰਮ ਲਈ ਦਫ਼ਤਰ ਦੇ ਵਾਰ-ਵਾਰ ਚੱਕਰ ਲਗਾਉਣੇ ਪੈਂਦੇ ਹਨ। ਬਿਜਲੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ’ਚ ਵੀ ਦੇਰੀ ਹੋ ਰਹੀ ਹੈ, ਜਿਸ ਕਾਰਨ ਪਿੰਡਾਂ ਦੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ਤੇ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸਬ ਡਿਵੀਜ਼ਨ ਦਫ਼ਤਰ ਅੰਦਰ ਬਣੇ ਆਰਜ਼ੀ ਕਮਰਿਆਂ ਦੀ ਹਾਲਤ ਵੀ ਬਹੁਤ ਹੀ ਮਾੜੀ ਹੋ ਚੁੱਕੀ ਹੈ। ਕਈ ਸਾਲ ਪਹਿਲਾਂ ਬਣੇ ਇਹ ਕਮਰੇ ਹੁਣ ਖਸਤਾ ਹਾਲਤ ’ਚ ਪਹੁੰਚ ਗਏ ਹਨ। ਕੰਧਾਂ ’ਚ ਤਰੇੜਾਂ ਪੈ ਚੁੱਕੀਆਂ ਹਨ ਅਤੇ ਛੱਤਾਂ ਵੀ ਕਮਜ਼ੋਰ ਹੋ ਗਈਆਂ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਰਿਕਾਰਡ ਅਤੇ ਮਹੱਤਵਪੂਰਨ ਦਸਤਾਵੇਜ਼ ਸੰਭਾਲਣ ਲਈ ਵੀ ਢੁੱਕਵੀਂ ਥਾਂ ਉਪਲਬਧ ਨਹੀਂ ਹੈ। ਕਈ ਵਾਰ ਰਿਕਾਰਡ ਨੂੰ ਸੁਰੱਖਿਅਤ ਰੱਖਣ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਲਾਜ਼ਮਾਂ ਨੇ ਦੱਸਿਆ ਕਿ ਲਗਾਤਾਰ ਹੋ ਰਹੀਆਂ ਸੇਵਾ ਮੁਕਤੀਆਂ ਕਾਰਨ ਸਟਾਫ਼ ਦੀ ਗਿਣਤੀ ਘਟਦੀ ਜਾ ਰਹੀ ਹੈ ਪਰ ਨਵੀਂ ਭਰਤੀ ਨਾ ਹੋਣ ਕਾਰਨ ਬਾਕੀ ਰਹਿ ਗਏ ਕਰਮਚਾਰੀਆਂ ਉੱਤੇ ਕੰਮ ਦਾ ਬੋਝ ਲਗਾਤਾਰ ਵੱਧ ਰਿਹਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਾਜਰ ਸਿੰਘ ਧਾਲੀਵਾਲ, ਇਕਾਈ ਪ੍ਰਧਾਨ ਮੇਵਾ ਸਿੰਘ ਭੱਟੀ, ਮੀਤ ਪ੍ਰਧਾਨ ਭੋਲਾ ਸਿੰਘ, ਖਜ਼ਾਨਚੀ ਜਸਵੀਰ ਸਿੰਘ, ਹਮੀਰ ਸਿੰਘ ਮਾਂਗਟ, ਹਰਜਿੰਦਰ ਸਿੰਘ ਸੋਹੀ, ਪਿਆਰਾ ਸਿੰਘ ਬਾਠ, ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਅਤੇ ਮੀਤ ਪ੍ਰਧਾਨ ਜਰਨੈਲ ਸਿੰਘ ਭੋਲਾ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਸਬ ਡਿਵੀਜ਼ਨ ਠੁੱਲੀਵਾਲ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਖਪਤਕਾਰਾਂ ਨੂੰ ਸਮੇਂ ਸਿਰ ਸੇਵਾਵਾਂ ਮਿਲ ਸਕਣ। ਇਸ ਦੇ ਨਾਲ ਹੀ ਦਫ਼ਤਰ ਅੰਦਰ ਖਸਤਾ ਹਾਲਤ ਵਾਲੇ ਆਰਜ਼ੀ ਕਮਰਿਆਂ ਨੂੰ ਢਾਹ ਕੇ ਨਵੇਂ ਕਮਰਿਆਂ ਦੀ ਉਸਾਰੀ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਜਾਵੇ।