ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਕੀਤੀ ਇੱਕ ਰੋਜ਼ਾ ਹੜਤਾਲ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਕੀਤੀ ਇੱਕ ਰੋਜਾ ਹੜਤਾਲ
Publish Date: Fri, 10 Jul 2026 04:08 PM (IST)
Updated Date: Sat, 11 Jul 2026 04:00 AM (IST)
: ਸ਼ੁੱਕਰਵਾਰ ਨੂੰ ਜ਼ਿਲ੍ਹੇ ’ਚ 14 ਸੇਵਾ ਕੇਂਦਰਾਂ ’ਚ ਕੰਮ ਹੋਇਆ ਠੱਪ ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਸੇਵਾ ਕੇਂਦਰ ਯੂਨੀਅਨ ਦੀ ਜਿਲ੍ਹਾ ਇਕਾਈ ਬਰਨਾਲਾ ਵਲੋਂ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਸੁੱਕਰਵਾਰ ਨੂੰ ਇੱਕ ਰੋਜਾ ਹੜ੍ਹਤਾਲ ਕਰਕੇ ਕੰਮਕਾਜ ਪੂਰੀ ਤਰ੍ਹਾਂ ਨਾਲ ਬੰਦ ਰੱਖਿਆ ਗਿਆ। ਜ਼ਿਲ੍ਹੇ ਅੰਦਰ ਬਰਨਾਲਾ, ਤਪਾ, ਮਹਿਲਕਲਾਂ, ਭਦੌੜ, ਸ਼ਹਿਣਾ ਵਿਖੇ ਚੱਲ ਰਹੇ 14 ਦੇ ਕਰੀਬ ਸੇਵਾ ਕੇਂਦਰਾਂ ’ਚ ਸ਼ੁੱਕਰਵਾਰ ਨੂੰ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਅਣਮਿਥੇ ਸਮੇਂ ਲਈ ਇੱਕ ਰੋਜ਼ਾ ਹੜ੍ਹਤਾਲ ਕੀਤੀ। ਇਸ ਮੌਕੇ ਸੇਵਾ ਕੇਂਦਰ ’ਚ ਕੰਮ ਕਰਦੇ ਮੁਲਾਜ਼ਮਾਂ ਪ੍ਰਧਾਨ ਗੁਰਵਿੰਦਰ ਸਿੰਘ, ਵਾਇਸ ਪ੍ਰਧਾਨ ਗੁਰਵਿੰਦਰ ਕੌਰ, ਲਵਿੰਦਰਦੀਪ ਸਿੰਘ, ਪ੍ਰੈੱਸ ਸਕੱਤਰ ਸੈਂਬਰ ਸਿੰਘ, ਖਜ਼ਾਨਚੀ ਜਗਸੀਰ ਸਿੰਘ ਤੇ ਬੇਅੰਤ ਸਿੰਘ ਆਦਿ ਨੇ ਕਿਹਾ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਸੇਵਾ ਕੇਂਦਰਾਂ ’ਚ ਕੰਮ ਕਰ ਰਹੇ ਹਨ। ਅੱਜ ਦੇ ਮਹਿੰਗਾਈ ਦੇ ਦੌਰ ’ਚ ਉਨ੍ਹਾਂ ਦੀਆਂ ਤਨਖਾਹਾਂ ਘੱਟ ਹੋਣ ਕਾਰਨ ਉਨ੍ਹਾਂ ਨੂੰ ਘਰਾਂ ਦਾ ਗੁਜਾਰਾ ਕਰਨਾ ਵੀ ਔਖਾ ਹੋ ਗਿਆ ਹੈ। ਠੇਕੇਦਾਰੀ ਸਿਸਟਮ ਰਾਹੀ ਉਨ੍ਹਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਪਹਿਲਾਂ ਵੀ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਸਬੰਧੀ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਪਰ ਹੁਣ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ’ਚ 15% ਵਾਧਾ ਕੀਤਾ ਜਾਵੇ। ਮੁਲਾਜ਼ਮਾਂ ਦੀ ਤਨਖਾਹ ਸਮੇਂ ਸਿਰ ਪਾਈ ਜਾਵੇ। ਟੀਏ ਦਾ 5 ਮਹੀਨਿਆਂ ਦਾ ਬਕਾਇਆ ਮੁਲਾਜ਼ਮਾਂ ਦੇ ਖਾਤਿਆਂ ’ਚ ਪਾਇਆ ਜਾਵੇ, 10 ਲੱਖ ਵਾਲੇ ਕਾਰਡ ਬਣਾਉਣ ਦਾ ਢਾਈ ਮਹੀਨਿਆਂ ਦਾ ਬਕਾਇਆ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਇਹ ਇੱਕ ਰੋਜ਼ਾ ਹੜ੍ਹਤਾਲ ਕੀਤੀ ਗਈ ਹੈ। ਪਰ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੇ ਮੀਟਿੰਗ ਲਈ ਬੁਲਾਇਆ ਗਿਆ ਹੈ ਜੇਕਰ ਫਿਰ ਵੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਨ੍ਹਾਂ ਵੱਲੋਂ ਅਗਲਾ ਸੰਘਰਸ਼ ਵਿੱਢਿਆ ਜਾਵੇਗਾ। ਹੜ੍ਹਤਾਲ ਕਾਰਨ ਲੋਕ ਹੋਏ ਖੱਜਲ-ਖੁਆਰ ਤਹਿਸੀਲ ਅੰਦਰ ਬਣੇ ਸੇਵਾ ਕੇਂਦਰ ’ਚ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਆਪਣਾ ਕੰਮਕਾਜ ਕਰਵਾਉਣ ਲਈ ਆਉਂਦੇ ਹਨ, ਪਰ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਹੜ੍ਹਤਾਲ ਕਾਰਨ ਲੋਕਾਂ ਨੂੰ ਇਸ ਦਾ ਖਮਿਆਜਾ ਭੁਗਤਨ ਲਈ ਮਜ਼ਬੂਰ ਹੋਣਾ ਪਿਆ। ਸੇਵਾ ਕੇਂਦਰ ’ਚ ਆਪਣਾ ਕੰਮਕਾਜ ਕਰਵਾਉਣ ਲਈ ਪੁੱਜੇ ਲੋਕਾਂ ਹਰਿੰਦਰ ਸਿੰਘ, ਨਿਰਭੈ ਸਿੰਘ, ਨਛੱਤਰ ਸਿੰਘ ਆਦਿ ਨੇ ਕਿਹਾ ਕਿ ਉਹ ਸੇਵਾ ਕੇਂਦਰ ’ਚ ਆਪਣਾ ਕੰਮ ਕਰਵਾਉਣ ਲਈ ਆਏ ਸਨ ਪਰ ਹੜ੍ਹਤਾਲ ਕਾਰਨ ਉਨ੍ਹਾਂ ਨੂੰ ਵਾਪਸ ਮੁੜ੍ਹਨ ਲਈ ਮਜਬੂਰ ਹੋਣਾ ਪਿਆ।