SBI ਦੇ 2 ਏਟੀਐੱਮ ਤੋੜ ਕੇ ਲੁੱਟੇ ਸਾਢੇ 5 ਲੱਖ, ਨਕਾਬਪੋਸ਼ ਲੁਟੇਰਿਆਂ ਨੇ 10 ਤੋਂ 15 ਮਿੰਟਾਂ 'ਚ ਦਿੱਤਾ ਵਾਰਦਾਤ ਨੂੰ ਅੰਜਾਮ; CCTV ਕੈਮਰਿਆਂ 'ਤੇ ਕੀਤੀ ਸਪਰੇਅ
ਐੱਸਐੱਚਓ ਨੇ ਦੱਸਿਆ ਕਿ ਪੁਲਸ ਵੱਲੋਂ ਬੈਂਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਹੋਰ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮੁੱਢਲੀ ਜਾਂਚ ਦੌਰਾਨ ਲੁਟੇਰੇ ਇੱਕ ਕਾਲੇ ਰੰਗ ਦੀ ਕਾਰ ਵਿੱਚ ਫਰਾਰ ਹੁੰਦੇ ਦਿਖਾਈ ਦਿੱਤੇ ਹਨ। ਲੁਟੇਰਿਆਂ ਦੀ ਪਛਾਣ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਫੋਰੈਂਸਿਕ ਮਾਹਿਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਲੁਟੇਰਿਆਂ ਨੇ ਮਹਿਜ਼ 10 ਤੋਂ 15 ਮਿੰਟਾਂ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
Publish Date: Mon, 09 Nov 2026 04:10 PM (IST)
Updated Date: Mon, 09 Nov 2026 04:13 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਦੀਵਾਲੀ ਵਾਲੇ ਦਿਨ ਸਵੇਰ ਹੋਣ ਤੋਂ ਪਹਿਲਾਂ ਹੀ ਅਣਪਛਾਤੇ ਲੁਟੇਰਿਆਂ ਨੇ ਭਵਾਨੀਗੜ੍ਹ ਵਿਖੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਰਾਮਪੁਰਾ ਰੋਡ ਨੇੜੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਬਾਹਰ ਲੱਗੇ ਦੋ ਏ.ਟੀ.ਐੱਮ. ਤੋੜ ਕੇ ਕਰੀਬ ਸਾਢੇ ਪੰਜ ਲੱਖ ਰੁਪਏ ਦੀ ਨਕਦੀ ਲੁੱਟ ਲਈ। ਮੁੱਢਲੀ ਜਾਣਕਾਰੀ ਅਨੁਸਾਰ ਤਿੰਨ ਤੋਂ ਚਾਰ ਨਕਾਬਪੋਸ਼ ਲੁਟੇਰੇ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਆਏ ਸਨ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਵਾਰਦਾਤ ਐਤਵਾਰ ਤੜਕਸਾਰ ਕਰੀਬ ਸਾਢੇ 3 ਤੋਂ 4 ਵਜੇ ਦਰਮਿਆਨ ਵਾਪਰੀ। ਲੁਟੇਰਿਆਂ ਨੇ ਸਭ ਤੋਂ ਪਹਿਲਾਂ ਏ.ਟੀ.ਐੱਮ. ਕਮਰੇ ਦੇ ਬਾਹਰ ਲੱਗੇ ਸ਼ਟਰ ਦੇ ਜਿੰਦਰੇ ਤੋੜੇ ਅਤੇ ਅੰਦਰ ਦਾਖ਼ਲ ਹੋ ਕੇ ਦੋਵੇਂ ਮਸ਼ੀਨਾਂ ਦੀ ਭੰਨ-ਤੋੜ ਕੀਤੀ। ਇਸ ਦੌਰਾਨ ਇੱਕ ਮਸ਼ੀਨ ਵਿੱਚੋਂ ਕਰੀਬ 45 ਹਜ਼ਾਰ ਰੁਪਏ ਅਤੇ ਦੂਜੀ ਮਸ਼ੀਨ ਵਿੱਚੋਂ ਲਗਭਗ ਪੰਜ ਲੱਖ ਰੁਪਏ ਕੱਢ ਕੇ ਲੁਟੇਰੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਆਪਣੀ ਪਛਾਣ ਲੁਕਾਉਣ ਲਈ ਏ.ਟੀ.ਐੱਮ ਕਮਰੇ ਵਿੱਚ ਦਾਖ਼ਲ ਹੁੰਦਿਆਂ ਹੀ ਸੀ.ਸੀ.ਟੀ.ਵੀ ਕੈਮਰਿਆਂ 'ਤੇ ਸਪਰੇਅ ਕਰ ਦਿੱਤੀ ਸੀ।
ਐੱਸਐੱਚਓ ਨੇ ਦੱਸਿਆ ਕਿ ਪੁਲਸ ਵੱਲੋਂ ਬੈਂਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਹੋਰ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮੁੱਢਲੀ ਜਾਂਚ ਦੌਰਾਨ ਲੁਟੇਰੇ ਇੱਕ ਕਾਲੇ ਰੰਗ ਦੀ ਕਾਰ ਵਿੱਚ ਫਰਾਰ ਹੁੰਦੇ ਦਿਖਾਈ ਦਿੱਤੇ ਹਨ। ਲੁਟੇਰਿਆਂ ਦੀ ਪਛਾਣ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਫੋਰੈਂਸਿਕ ਮਾਹਿਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਲੁਟੇਰਿਆਂ ਨੇ ਮਹਿਜ਼ 10 ਤੋਂ 15 ਮਿੰਟਾਂ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਉਧਰ, ਬੈਂਕ ਦੇ ਬ੍ਰਾਂਚ ਮੈਨੇਜਰ ਅੰਮ੍ਰਿਤ ਪਾਲ ਗੋਇਲ ਨੇ ਦੱਸਿਆ ਕਿ ਮੁੱਢਲੇ ਅਨੁਮਾਨ ਅਨੁਸਾਰ ਦੋਵੇਂ ਏ.ਟੀ.ਐੱਮ ਮਸ਼ੀਨਾਂ ਵਿੱਚ ਕਰੀਬ ਸਾਢੇ ਪੰਜ ਲੱਖ ਰੁਪਏ ਦੀ ਨਕਦੀ ਮੌਜੂਦ ਸੀ। ਹਾਲਾਂਕਿ ਲੁੱਟੀ ਗਈ ਅਸਲ ਰਕਮ ਦੀ ਪੁਸ਼ਟੀ ਬੈਂਕ ਦੀ ਤਕਨੀਕੀ ਟੀਮ ਵੱਲੋਂ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਹੋ ਸਕੇਗੀ।