- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੂਨਕ ’ਚ ਵਾਰਡ ਨੰਬਰ 4 ਦੇ ਕਾਂਗਰਸੀ ਕੌਂਸਲਰ ਮੁਖਤਿਆਰ ਸਿੰਘ 'ਤੇ ਨਗਰ ਕੌਂਸਲ ਦਫ਼ਤਰ ਅੰਦਰ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਥਾਣਾ ਮੂਨਕ ਪੁਲਿਸ ਨੇ 4 ਤੋਂ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਮੂਨਕ ’ਚ ਵਾਰਡ ਨੰਬਰ 4 ਦੇ ਕਾਂਗਰਸੀ ਕੌਂਸਲਰ ਮੁਖਤਿਆਰ ਸਿੰਘ 'ਤੇ ਨਗਰ ਕੌਂਸਲ ਦਫ਼ਤਰ ਅੰਦਰ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਥਾਣਾ ਮੂਨਕ ਪੁਲਿਸ ਨੇ 4 ਤੋਂ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ 28 ਜੂਨ ਨੂੰ ਮੁਖਤਿਆਰ ਸਿੰਘ ਛੱਪੜ ਵਿੱਚ ਮਿੱਟੀ ਪਾਉਣ ਸਬੰਧੀ ਮੀਟਿੰਗ ਲਈ ਨਗਰ ਕੌਂਸਲ ਦਫ਼ਤਰ ਪਹੁੰਚੇ ਸਨ। ਉਡੀਕ ਦੌਰਾਨ ਉਹ ਦਫ਼ਤਰ ਵਿੱਚ ਲੱਗੇ ਸੋਫੇ 'ਤੇ ਪੈ ਗਏ। ਕੁਝ ਸਮੇਂ ਬਾਅਦ 4-5 ਨਕਾਬਪੋਸ਼ ਵਿਅਕਤੀ ਲੋਹੇ ਦੀਆਂ ਰਾਡਾਂ ਨਾਲ ਲੈਸ ਹੋ ਕੇ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਘੇਰ ਕੇ ਸਿਰ, ਦੋਵੇਂ ਬਾਹਾਂ ਅਤੇ ਦੋਵੇਂ ਗੋਡਿਆਂ 'ਤੇ ਹਮਲਾ ਕਰ ਦਿੱਤਾ। ਰੌਲਾ ਪੈਣ 'ਤੇ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਦਾ ਮੋਬਾਈਲ ਫ਼ੋਨ ਵੀ ਤੋੜ ਦਿੱਤਾ। ਜ਼ਖ਼ਮੀ ਮੁਖਤਿਆਰ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਮੂਨਕ, ਫਿਰ ਸਿਵਲ ਹਸਪਤਾਲ ਸੰਗਰੂਰ ਦਾਖਲ ਕੀਤਾ ਗਿਆ, ਉਸ ਦੀ ਗੰਭੀਰ ਹਾਲਤ ਦੇਖਦਿਆਂ ਬਾਅਦ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ।
ਡਾਕਟਰਾਂ ਵੱਲੋਂ ਬਿਆਨ ਦੇਣ ਲਈ ਫਿੱਟ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਐਮਐਲਆਰ ਵਿੱਚ ਪੰਜ ਬਲੰਟ ਸੱਟਾਂ ਦਰਜ ਕੀਤੀਆਂ ਗਈਆਂ ਹਨ। ਪੀੜਤ ਨੇ ਆਪਣੇ ਬਿਆਨ ਵਿੱਚ ਇੱਕ ਵਿਅਕਤੀ 'ਤੇ ਸ਼ੱਕ ਜ਼ਾਹਿਰ ਕੀਤਾ ਹੈ, ਜਦਕਿ ਪੁਲਿਸ ਨੇ ਫ਼ਿਲਹਾਲ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਂਗਰਸੀ ਆਗੂ ਡਾ. ਅਜੈਬ ਸਿੰਘ ਪਾਪੜਾ ਨੇ ਇਸ ਜਾਨਲੇਵਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇੱਕ ਚੁਣੇ ਹੋਏ ਜਨ ਪ੍ਰਤੀਨਿਧੀ 'ਤੇ ਦਿਨ-ਦਿਹਾੜੇ ਹੋਇਆ ਹਮਲਾ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ਦੀ ਨਿਰਪੱਖ ਅਤੇ ਤੇਜ਼ ਜਾਂਚ ਕਰਕੇ ਹਮਲਾਵਰਾਂ ਅਤੇ ਸਾਜ਼ਿਸ਼ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਜਲਦ ਗ੍ਰਿਫ਼ਤਾਰ ਕਰੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।