ਹਾਏ ਮਹਿੰਗਾਈ, ਘਰੇਲੂ ਗੈਸ ਸਿਲੰਡਰਾਂ ਦੇ ਵਧੇ ਰੇਟਾਂ ਨੇ ਰਸੋਈ ਦਾ ਬਜਟ ਹਲਾਇਆ
ਘਰੇਲੂ ਗੈਸ ਸਿਲੰਡਰਾਂ ਦੇ ਵਧ ਰਹੇ ਰੇਟਾਂ ਨੇ ਰਸੋਈ ਦਾ ਬਜਟ ਹਲਾਇਆ
Publish Date: Sun, 14 Jun 2026 04:39 PM (IST)
Updated Date: Mon, 15 Jun 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਅੰਦਰ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਹਾਲ ਹੀ ’ਚ ਹੋਏ ਵਾਧੇ 29 ਪ੍ਰਤੀ ਸਿਲੰਡਰ ਨੇ ਆਮ ਪਰਿਵਾਰਾਂ ਦੇ ਮਾਸਿਕ ਬਜਟ ਨੂੰ ਸੱਚਮੁੱਚ ਹਿਲਾ ਕੇ ਰੱਖ ਦਿੱਤਾ ਹੈ। ਅੰਤਰਰਾਸ਼ਟਰੀ ਪੱਧਰ ਤੇ ਊਰਜਾ ਦੀਆਂ ਵਧੀਆਂ ਕੀਮਤਾਂ ਕਾਰਨ ਇਹ ਵਾਧਾ ਕੀਤਾ ਗਿਆ ਹੈ, ਜਿਸ ਨਾਲ ਮੱਧ ਵਰਗ ਅਤੇ ਲੋੜਵੰਦ ਪਰਿਵਾਰਾਂ ਦੀਆਂ ਮੁਸ਼ਕਲਾਂ ਕਾਫ਼ੀ ਵਧ ਗਈਆਂ ਹਨ। ਲਗਾਤਾਰ ਵਧ ਰਹੀਆਂ ਗੈਸ ਦੀਆਂ ਕੀਮਤਾਂ ’ਤੇ ਰਸੋਈ ਦਾ ਬਜਟ ਪੂਰੀ ਤਰ੍ਹਾਂ ਨਾਲ ਹਲਾ ਕੇ ਰੱਖ ਦਿੱਤਾ ਹੈ। ਪੇਸ਼ ਹਨ ਕੁੱਝ ਘਰੇਲੂ ਔਰਤਾਂ ਦੇ ਵਿਚਾਰ। ਘਰੇਲੂ ਬਜਟ ’ਤੇ ਦਬਾਅ : ਕੌਂਸਲਰ ਦੀਪਿਕਾ ਗੋਇਲ ਕੌਂਸਲਰ ਦੀਪਿਕਾ ਗੋਇਲ ਨੇ ਕਿਹਾ ਕਿ ਖ਼ਾਸ ਕਰਕੇ ਪ੍ਰਾਈਵੇਟ ਨੌਕਰੀਪੇਸ਼ਾ ਤੇ ਘੱਟ ਆਮਦਨ ਵਾਲੇ ਵਰਗਾਂ ਲਈ ਗੈਸ ਸਿਲੰਡਰ ਦੀ ਖਰੀਦ ਕਾਫ਼ੀ ਮੁਸ਼ਕਲ ਹੋ ਗਈ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਘਰੇਲੂ ਗੈਸ ਦੀਆਂ ਕੀਮਤਾਂ ’ਚ ਇਹ ਦੂਜਾ ਵਾਧਾ ਹੈ, ਲਗਾਤਾਰ ਦੂਜੀ ਵਾਰ ਕੀਮਤਾਂ ਵਧਣ ਨਾਲ ਘਰੇਲੂ ਖਪਤਕਾਰਾਂ ਦੇ ਮਹੀਨਾਵਾਰ ਬਜਟ ਤੇ ਵਾਧੂ ਬੋਝ ਵਧੇਗਾ। ਦੇਸ਼ ਦੀ ਆਮ ਜਨਤਾ ’ਚ ਚਿੰਤਾ ਦਾ ਵਧਣਾ ਸੁਭਾਵਿਕ ਹੈ, ਕਿਉਂਕਿ ਘਰੇਲੂ ਗੈਸ ਸਿਲੰਡਰ ਇਕ ਮੁੱਢਲੀ ਜ਼ਰੂਰਤ ਹੈ ਜਿਸ ਤੋਂ ਬਿਨਾਂ ਇੱਕ ਡੰਗ ਟਪਾਉਣਾ ਵੀ ਔਖਾ ਹੁੰਦਾ ਹੈ। ਸਿਲੰਡਰ ਦੀਆਂ ਕੀਮਤਾਂ ’ਚ ਨਾ ਕੀਤਾ ਜਾਵੇ ਵਾਧਾ : ਸਾਬਕਾ ਕੌਂਸਲਰ ਸਾਬਕਾ ਕੌਂਸਲਰ ਸੁਨੀਤਾ ਬਾਂਸਲ ਨੇ ਕਿਹਾ ਕਿ ਬੀਤੇ ਮਹੀਨਿਆਂ ਦੌਰਾਨ ਤਾਂ ਗੈਸ ਦੀ ਕਿੱਲਤ ਰਹੀ ਹੈ, ਹੁਣ ਵੀ ਘਰੇਲੂ ਗੈਸ ਸਿਲੰਡਰ ਬੁੱਕ ਨਹੀਂ ਹੋ ਰਹੇ ਕੇਂਦਰ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਘਰ ਚ ਗੈਸ ਸਿਲੰਡਰ ਹੀ ਖਾਲੀ ਪਿਆ ਹੋਵੇ ਤਾਂ ਕੀ ਇਹ ਅੱਛੇ ਦਿਨਾਂ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਇਹ ਵੀ ਦੱਸਣ ਦੀ ਲੋੜ ਜਾਪਦੀ ਹੈ ਕਿ ਘਰੇਲੂ ਗੈਸ ਸਿਲੰਡਰ ਅੱਤ ਜ਼ਰੂਰੀ ਹੈ ਇਸ ਦੇ ਰੇਟ ਨਾ ਵਧਾਏ ਜਾਣ। ਰੇਟ ਵਧਣ ਕਾਰਨ ਵਧੀ ਪਰੇਸ਼ਾਨੀ : ਜਸਵਿੰਦਰ ਸ਼ੇਰਗਿੱਲ ਸਮਾਜਸੇਵੀ ਅਕਾਲੀ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਨੇ ਕਿਹਾ ਕਿ ਗੈਸ ਸਿਲੰਡਰ ਦੇ ਰੇਟ ਵਧਣ ਕਾਰਨ ਨੂੰ ਪਰੇਸ਼ਾਨੀ ਤਾਂ ਹੈ ਹੀ, ਕਿਉਂਕਿ ਹੁਣ ਸ਼ਹਿਰ ਚ ਰਹਿਣ ਕਾਰਨ ਅਸੀਂ ਅੰਗੀਠੀ/ਚੁਲ੍ਹਾ ਤਾਂ ਵਰਤ ਨਹੀਂ ਸਕਦੇ ਇਸ ਲਈ ਵਧੇ ਰੇਟਾਂ ਤੇ ਵੀ ਰਸੋਈ ਗੈਸ ਸਿਲੰਡਰ ਲੈਣਾ ਸਾਡੀ ਮਜ਼ਬੂਰੀ ਹੀ ਹੋਵੇਗੀ। ਬਹੁਤੇ ਘਰਾਂ ਦੇ ਲੋਕ ਪ੍ਰਾਈਵੇਟ ਨੌਕਰੀ ਪੇਸ਼ਾ ਕਰਕੇ ਆਪਣਾ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਦੇ ਹਨ। ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਖਾਣ ਪੀਣ ਦੇ ਰੋਜ਼ਾਨਾ ਖਰਚਿਆਂ ਦੇ ਨਾਲ ਹੁਣ ਰਸੋਈ ਗੈਸ ਸਿਲੰਡਰ ਦੀ ਕੀਮਤ ਚ ਵਾਧੇ ਦਾ ਕੌੜਾ ਘੁੱਟ ਭਰਨਾ ਮਜ਼ਬੂਰੀ ਤੋਂ ਬਿਨਾਂ ਹੋਰ ਕੁਝ ਨਹੀਂ ਕੇਂਦਰ ਨੇ ਵਾਅਦੇ ਨਹੀਂ ਕੀਤੇ ਪੂਰੇ : ਪੂਨਮ ਦੂਆ ਸਮਾਜ ਸੇਵੀ ਪੂਨਮ ਦੂਆ ਨੇ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ ਜ਼ਮੀਨੀ ਪੱਧਰ ਤੇ ਲੋਕ ਮਹਿੰਗਾਈ ਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਹਨਾਂ ਨੂੰ ਮਹਿੰਗਾਈ ਦੀ ਮਾਰ ਹੇਠ ਧੱਕ ਦਿੱਤਾ ਹੈ ਅਤੇ ਦੇਸ਼ ਦਾ ਹਰ ਵਰਗ ਨਿਰਾਸ਼ ਹੈ। ਪੈਟਰੋਲ-ਡੀਜ਼ਲ ਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ਦੇ ਨਾਲ-ਨਾਲ ਰਸੋਈ ਗੈਸ ਦਾ ਮਹਿੰਗਾ ਹੋਣਾ ਘਰ ਦੇ ਮਾਸਿਕ ਖਰਚਿਆਂ ਨੂੰ ਅਸੰਤੁਲਿਤ ਕਰ ਰਿਹਾ ਹੈ।