ਰਿਹਾਇਸ਼ੀ ਇਲਾਕੇ ’ਚੋਂ ਲੰਘਦੀ ਕੱਸੀ ਕਾਰਨ ਲੋਕ ਪਰੇਸ਼ਾਨ ਰਿਹਾਇਸ਼ੀ ਇਲਾਕੇ ’ਚੋਂ ਲੰਘਦੀ ਕੱਸੀ ਕਾਰਨ ਲੋਕ ਪ੍ਰੇਸ਼ਾਨ
Publish Date: Mon, 06 Jul 2026 03:51 PM (IST)
Updated Date: Tue, 07 Jul 2026 04:00 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਹੰਡਿਆਇਆ ਰੋਡ ’ਤੇ ਸਥਿਤ ਗੁਰੂ ਤੇਗ ਬਹਾਦਰ ਨਗਰ ਡੀਸੀ ਦੀ ਰਿਹਾਇਸ ਦੇ ਬੈਕ ਸਾਇਡ ਰਿਹਾਇਸ਼ੀ ਇਲਾਕੇ ’ਚੋਂ ਲੰਘਦੀ ਕੱਸੀ ਪਿਛਲੇ ਲੰਬੇ ਸਮੇਂ ਤੋਂ ਓਵਰਫਲੋ ਹੋਣ ਕਾਰਨ ਰਿਹਾਇਸ਼ੀ ਇਲਾਕੇ ’ਚ ਰਹਿੰਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਹਾਇਸ਼ੀ ਇਲਾਕੇ ਗੁਰੂ ਤੇਗ ਬਹਾਦਰ ਨਗਰ ਦੇ ਵਸਨੀਕ ਸੀਸ਼ਨ ਕੁਮਾਰ, ਉਦੈ ਕੁਮਾਰ, ਰਜੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਇਹ ਕੱਸੀ ਲਗਾਤਾਰ ਓਵਰਫਲੋ ਹੋ ਕੇ ਵਗ ਰਹੀ ਹੈ, ਜਿਸ ਕਾਰਨ ਆਸਪਾਸ ਦੇ ਘਰਾਂ ’ਚ ਸਲਾਬ ਦੀ ਭਾਰੀ ਸਮੱਸਿਆ ਵੀ ਆ ਰਹੀ ਹੈ ਤੇ ਘਰਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਏਕੋਟ ਰੋਡ ਤੋਂ ਨਿਕਲਦੀ ਇਸ ਕੱਸੀ ’ਚ ਵੱਡੀ ਪੱਧਰ ਉਪਰ ਪਾਈਪ ਪਾ ਕੇ ਇਸ ਨੂੰ ਅੰਡਰ ਗਰਾਊਂਡ ਕਰ ਦਿੱਤਾ ਗਿਆ ਸੀ ਪਰ ਜਿੱਥੇ ਰਿਹਾਇਸ਼ੀ ਇਲਾਕਾ ਹੈ, ਉੱਥੇ ਲਗਭਗ 80 ਮੀਟਰ ਏਰੀਏ ’ਚ ਇਸ ਕੱਸੀ ਨੂੰ ਉਸੇ ਤਰ੍ਹਾਂ ਛੱਡ ਦਿੱਤਾ ਗਿਆ। ਇਸ ਕੱਸੀ ਦੀ ਸਫਾਈ ਨਾ ਹੋਣ ਕਾਰਨ ਇਸ ’ਚ ਆਉਂਦਾ ਪਾਣੀ ਓਵਰਫਲੋ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਹ ਦੱਸਦੇ ਹਨ ਲਗਭਗ 70 ਤੋਂ 80 ਮੀਟਰ ਰਸਤੇ ’ਚ ਇਸ ਕੱਸੀ ਨੂੰ ਕੋਈ ਵੀ ਖੇਤੀ ਯੋਗ ਜ਼ਮੀਨ ਨਹੀਂ ਲੱਗਦੀ ਅਤੇ ਇੱਥੇ ਸਿਰਫ ਰਿਹਾਇਸ਼ੀ ਮਕਾਨ ਬਣੇ ਹੋਏ ਹਨ। ਸੜਕ ਦੇ ਦੋਵੇ ਪਾਸੇ 8 ਫੁੱਟ ਡੂੰਘੇ ਮੇਨ ਹੋਲ ਬਣੇ ਹੋਏ ਹਨ ਜੋ ਢਕੇ ਨਹੀਂ ਹੋਏ ਹਨ, ਜਿਸ ’ਚ ਕਈ ਵਾਰ ਆਵਾਰਾ ਪਸ਼ੂ ਡਿੱਗ ਕੇ ਜਖਮੀ ਹੋ ਚੁੱਕੇ ਹਨ ਜੋ ਕਿ ਇਥੋਂ ਦੇ ਲੋਕਾਂ ਨੇ ਵੀ ਬਾਹਰ ਕਢਵਾਏ ਹਨ। ਇਹ ਮੇਨਹੋਲ ਢਕੇ ਨਾ ਹੋਣ ਕਾਰਨ ਕੋਈ ਵੀ ਬੱਚਾ ਜਾਂ ਬਜ਼ੁਰਗ ਵੀ ਇਸ ’ਚ ਡਿੱਗ ਸਕਦਾ ਹੈ, ਜਿਸ ਕਾਰਨ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਬਤ ਉਪਰ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆ ਤੋਂ ਮੰਗ ਕੀਤੀ ਕਿ ਇਸ 80 ਮੀਟਰ ਏਰੀਏ ’ਚ ਪਾਇਪਾਂ ਪੁਆਕੇ ਕੱਸੀ ਨੂੰ ਅੰਡਰ ਗਰਾਊਂਡ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਝੱਲਣੀ ਪਏ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਾਲੇ ਡਿਪਟੀ ਕਮਿਸ਼ਨਰ ਟੀ.ਬੈਨਿਥ ਇਹ ਮੌਕਾ ਦੇਖ ਕੇ ਗਏ ਸਨ ਪਰ ਉਸ ਤੋਂ ਬਾਅਦ ਵੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਸ ਕੱਸੀ ਦਾ ਐਸਟੀਮੇਟ ਇਹ ਪਾਸ ਹੋ ਚੁੱਕਾ ਪਰ ਫੰਡਾਂ ਦੀ ਘਾਟ ਕਾਰਨ ਕੰਮ ਨਹੀਂ ਕੀਤਾ ਗਿਆ। ਉਨਾਂ ਦੱਸਿਆ ਕਿ ਸਬੰਧਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਉਹ ਮੁੱਖ ਮੰਤਰੀ ਤੱਕ ਮੰਗ ਪੱਤਰ ਭੇਜ ਚੁੱਕੇ ਹਨ ਪਰ ਹੈਰਾਨੀ ਦੀ ਗੱਲ ਹੈ ਅਜੇ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ, ਉਹਨਾਂ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਕੱਸੀ ਨੂੰ ਜਲਦ ਅੰਡਰਗਰਾਉਂਡ ਕੀਤਾ ਜਾਵੇ ਤਾਂ ਜੋ ਮਹੱਲਾ ਨਿਵਾਸੀਆਂ ਨੂੰ ਆ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਜਾਵੇ।