- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਰਿਸ਼ ਦੀ ਮਾਰ, ਸੁੱਕ ਰਹੇ ਫਲ, ਬੇਰੰਗ ਹੋਈਆਂ ਸਬਜ਼ੀਆਂ

ਜਸਵੀਰ ਸਿੰਘ, ਪੰਜਾਬੀ ਜਾਗਰਣ
ਸੰਗਰੂਰ : ਗਰਮੀ ਦੇ ਸੀਜ਼ਨ ਦੌਰਾਨ ਜੂਨ ਮਹੀਨੇ ਦੇ ਦੂਜੇ ਹਫ਼ਤੇ ਹੋਈ ਬਾਰਿਸ਼ ਸਬਜ਼ੀਆਂ ਲਈ ਵਰਦਾਨ ਦੀ ਬਜਾਏ ਮੁਸੀਬਤ ਬਣ ਗਈ ਹੈ। ਭਾਵੇਂ ਬਾਰਿਸ਼ ਨੇ ਲੋਕਾਂ ਨੂੰ ਲੂ ਅਤੇ ਤੇਜ਼ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ, ਪਰ ਥੋੜ੍ਹੀ ਬਾਰਿਸ਼ ਤੋਂ ਬਾਅਦ ਵਧੀ ਹੁੰਮਸ ਨੇ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਖੇਤਾਂ ਅਤੇ ਘਰਾਂ ਵਿੱਚ ਲਾਈਆਂ ਗਈਆਂ ਕੱਦੂ, ਬੈਂਗਣ, ਭਿੰਡੀ, ਕਰੇਲਾ, ਤੋਰੀ ਆਦਿ ਗਰਮੀ ਦੀਆਂ ਸਬਜ਼ੀਆਂ ਬਿਮਾਰੀਆਂ ਅਤੇ ਕੀੜਿਆਂ ਦੇ ਹਮਲੇ ਕਾਰਨ ਖ਼ਰਾਬ ਹੋਣ ਲੱਗ ਪਈਆਂ ਹਨ। ਸੰਗਰੂਰ ਦੇ ਕਿਸਾਨ ਬਚਿੱਤਰ ਸਿੰਘ, ਗੁਰਜੀਤ ਸਿੰਘ ਅਤੇ ਧੰਨਾ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਵਿੱਚ ਬੀਜੀ ਗਈ ਫ਼ਸਲ ਹੁਣ ਵੱਖ-ਵੱਖ ਕਿਸਮ ਦੀਆਂ ਬਿਮਾਰੀਆਂ ਕਾਰਨ ਨਸ਼ਟ ਹੋਣ ਲੱਗ ਪਈ ਹੈ। ਪਹਿਲਾਂ ਲੂ ਅਤੇ ਜ਼ਿਆਦਾ ਗਰਮੀ ਨੇ ਸਬਜ਼ੀਆਂ ਦੇ ਵਾਧੇ ਨੂੰ ਪ੍ਰਭਾਵਿਤ ਕੀਤਾ ਅਤੇ ਹੁਣ ਬਾਰਿਸ਼ ਤੋਂ ਬਾਅਦ ਵਧੀ ਨਮੀ ਅਤੇ ਹੁੰਮਸ ਨੇ ਹਾਲਾਤ ਹੋਰ ਵਿਗਾੜ ਦਿੱਤੇ ਹਨ। ਕਿਸੇ ਕਿਸਾਨ ਨੇ ਇੱਕ ਏਕੜ ਅਤੇ ਕਿਸੇ ਨੇ ਤਿੰਨ ਏਕੜ ਵਿੱਚ ਸਬਜ਼ੀਆਂ ਦੀ ਕਾਸ਼ਤ ਕੀਤੀ ਸੀ, ਪਰ ਬਦਲਦੇ ਮੌਸਮ ਦੀ ਮਾਰ ਨੇ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਹੈ। ਸਬਜ਼ੀਆਂ ਤੋਂ ਇਲਾਵਾ ਫਲਦਾਰ ਬੂਟਿਆਂ ’ਤੇ ਵੀ ਬਿਮਾਰੀਆਂ ਅਤੇ ਹਾਨੀਕਾਰਕ ਕੀੜਿਆਂ ਦਾ ਕਹਿਰ ਵਧ ਗਿਆ ਹੈ। ਖੇਤਾਂ ਵਿੱਚ ਉੱਗੀ ਹਰੀ ਮਿਰਚ ਨੂੰ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਹੀ ਕੀੜਿਆਂ ਨੇ ਨੁਕਸਾਨ ਪਹੁੰਚਾਇਆ ਹੈ। ਇਸੇ ਤਰ੍ਹਾਂ ਸ਼ਿਮਲਾ ਮਿਰਚ, ਬੈਂਗਣ, ਤੋਰੀ ਅਤੇ ਭਿੰਡੀ ’ਤੇ ਰਸ ਚੂਸਣ ਵਾਲੀਆਂ ਮੱਖੀਆਂ ਅਤੇ ਛੇਦ ਕਰਨ ਵਾਲੇ ਕੀੜਿਆਂ ਦਾ ਹਮਲਾ ਹੋ ਰਿਹਾ ਹੈ। ਫਲਾਂ ਵਿੱਚ ਅਨਾਰ, ਮੌਸੰਮੀ ਅਤੇ ਚੀਕੂ ਵੀ ਕੀੜਿਆਂ ਅਤੇ ਬਿਮਾਰੀਆਂ ਕਾਰਨ ਗਲ ਕੇ ਹੇਠਾਂ ਡਿੱਗ ਰਹੇ ਹਨ। ਕਈ ਦਰੱਖਤਾਂ ’ਤੇ ਲੱਗੇ ਫਲਾਂ ਵਿੱਚ ਕੀੜੇ ਪੈ ਗਏ ਹਨ, ਜਿਸ ਕਾਰਨ ਬਾਗਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਫਲਦਾਰ ਬੂਟਿਆਂ ’ਤੇ ਹਰੇ ਤੇ ਕਾਲੇ ਤੇਲੇ ਦਾ ਹਮਲਾ
ਕਿਸਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਘਰ ਅਤੇ ਖੇਤ ਵਿੱਚ ਘਰੇਲੂ ਵਰਤੋਂ ਲਈ ਸਬਜ਼ੀਆਂ ਅਤੇ ਫਲਾਂ ਦੇ ਬੂਟਿਆਂ ਲਾਏ ਹੋਏ ਸਨ। ਬੂਟਿਆਂ ’ਤੇ ਲੱਗੇ ਹਰੇ-ਭਰੇ ਫਲ ਹੁਣ ਭੂਰੇ ਰੰਗ ਵਿੱਚ ਬਦਲ ਰਹੇ ਹਨ ਅਤੇ ਉਨ੍ਹਾਂ ਵਿੱਚ ਕੀੜੇ ਪੈ ਗਏ ਹਨ। ਉਨ੍ਹਾਂ ਕਿਹਾ ਕਿ ਫਲਦਾਰ ਬੂਟਿਆਂ ’ਤੇ ਚਿੱਟੀ ਉੱਲੀ, ਤੇਲਾ ਅਤੇ ਮਿਲੀਬਗ ਨੇ ਹਮਲਾ ਕਰ ਦਿੱਤਾ ਹੈ, ਜਿਸ ਕਾਰਨ ਫਲਾਂ ਦਾ ਰਸ ਸੁੱਕ ਗਿਆ ਹੈ ਅਤੇ ਕੁਝ ਬੂਟਿਆਂ ਉਖਾੜਣ ਤੱਕ ਪੈ ਗਏ ਹਨ।
ਸਬਜ਼ੀਆਂ ਦਾ ਰਸ ਚੂਸ ਰਹੇ ਕੀੜੇ
ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਫਲਾਂ ਤੋਂ ਇਲਾਵਾ ਲਾਲ ਪਿੱਠ ਵਾਲਾ ਕੀੜਾ ਪੇਠਾ, ਟਿੰਡਾ, ਫਲੀ, ਸ਼ਿਮਲਾ ਮਿਰਚ, ਬੈਂਗਣ ਅਤੇ ਭਿੰਡੀ ਦਾ ਰਸ ਚੂਸ ਰਿਹਾ ਹੈ। ਵੱਧ ਪਾਣੀ ਅਤੇ ਨਮੀ ਕਾਰਨ ਬੂਟਿਆਂ ਵੀ ਗਲਣ ਲੱਗ ਪਏ ਹਨ। ਹਾਲਾਤ ਇੰਨੇ ਮਾੜੇ ਹਨ ਕਿ ਹੁਣ ਬੂਟਿਆਂ ’ਤੇ ਲੱਗੇ ਫਲ ਤੋੜ ਕੇ ਜ਼ਮੀਨ ਵਿੱਚ ਦੱਬਣੇ ਪੈ ਰਹੇ ਹਨ, ਤਾਂ ਜੋ ਕੀੜਿਆਂ ਦਾ ਕਹਿਰ ਹੋਰ ਨਾ ਵਧੇ ਅਤੇ ਬਾਕੀ ਫ਼ਸਲ ਨੂੰ ਬਚਾਇਆ ਜਾ ਸਕੇ।