ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ 3 ਦਿਨਾਂ ਹੜ੍ਹਤਾਲ ਦਾ ਐਲਾਨ
ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵਲੋਂ 3 ਦਿਨਾਂ ਹੜ੍ਹਤਾਲ ਦਾ ਐਲਾਨ
Publish Date: Sun, 21 Jun 2026 03:31 PM (IST)
Updated Date: Mon, 22 Jun 2026 04:01 AM (IST)

: 24,25 ਤੇ 26 ਜੂਨ ਨੂੰ ਰਹੇਗਾ ਪੀਆਰਟੀ ਬੱਸਾਂ ਦਾ ਚੱਕਾ ਜਾਮ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਬਰਨਾਲਾ ਵੱਲੋਂ ਪ੍ਰਧਾਨ ਨਿਰਪਾਲ ਸਿੰਘ ਦੀ ਅਗਵਾਈ ਹੇਠ ਸੂਬਾ ਸੱਦੇ ’ਤੇ ਪੀਆਰਟੀਸੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਤਿੰਨ ਰੋਜ਼ਾ ਹੜ੍ਹਤਾਲ ’ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਨਿਰਪਾਲ ਸਿੰਘ, ਸੈਕਟਰੀ ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਮਨਦੀਪ ਸਿੰਘ, ਰਣਧੀਰ ਸਿੰਘ, ਬੂਟਾ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਵਲੋ ਆਪਣੀਆਂ ਮੰਗਾਂ ਠੇਕੇਦਾਰੀ ਸਿਸਟਮ ਬੰਦ ਕਰਨਾ, ਕਿਲੋਮੀਟਰ ਸਕੀਮ ਬੰਦ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ ਵਾਧਾ ਕਰਨ ਆਦਿ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਮੁਲਾਜ਼ਮਾ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਸਰਕਾਰ ਵਾਰ-ਵਾਰ ਵਾਅਦੇ ਕਰਕੇ ਮੁਕਰ ਚੁੱਕੀ ਹੈ। ਉਲਟਾ ਕਿਲੋਮੀਟਰ ਸਕੀਮਾਂ ਦੇ ਰਾਹੀਂ ਵਿਭਾਗਾਂ ਦਾ ਨਿੱਜੀਕਰਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਕਿਲੋਮੀਟਰ ਸਕੀਮਾਂ ਦੇ ਤਹਿਤ ਬੱਸਾਂ ਪਾ ਰਹੀ ਹੈ ਤੇ ਸਰਕਾਰੀ ਬੱਸਾਂ ਨਹੀਂ ਪਾਈਆਂ ਜਾ ਰਹੀਆਂ ਤੇ ਸਾਡੇ ਕੁਝ ਸਾਥੀ ਨਾਜਾਇਜ਼ ਜੇਲ੍ਹਾਂ ਦੇ ’ਚ ਬੰਦ ਕੀਤੇ ਹੋਏ ਨੇ, ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਲਟਾ ਮੁਲਾਜ਼ਮਾਂ ਨੂੰ ਦਬਾਉਣ ਦੇ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਹੜ੍ਹਤਾਲ 24,25 ਤੇ 26 ਜੂਨ ਤੱਕ ਜਾਰੀ ਰਹੇਗੀ। ਹੜ੍ਹਾਲ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।