ਪੇਪਰ ਲੀਕ ਦਾ ਮੁੱਦਾ ਸਿਆਸੀ ਨਹੀਂ ਇੱਕ ਯੋਜਨਾਬੱਧ ਘਪਲਾ : ਮੋਹਿਤ ਮਹਿੰਦਰਾ ਪ੍ਰੈੱਸ ਨੋਟ ਪੇਪਰ ਲੀਕ ਦਾ ਮੁੱਦਾ 'ਸਿਆਸੀ' ਨਹੀਂ ਸਗੋਂ ਇੱਕ ਯੋਜਨਾਬੱਧ 'ਘਪਲਾ' ਹੈ ਜਿਸ ਪਿੱਛੇ ਭਾਜਪਾ ਹੈ-ਮੋਹਿਤ ਮਹਿੰਦਰਾ
Publish Date: Tue, 30 Jun 2026 07:45 PM (IST)
Updated Date: Wed, 01 Jul 2026 04:10 AM (IST)
ਪੇਪਰ ਲੀਕ ਘਪਲੇ ਦੇ ਖ਼ਿਲਾਫ਼ ਲੜਾਈ ਹਮੇਸ਼ਾ ਤਿਆਰ ਹਾਂ : ਕਾਲਾ ਢਿੱਲੋਂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਦੇਸ਼ ’ਚ ਲਗਾਤਾਰ ਪੇਪਰ ਲੀਕ ਹੋਣ ਦਾ ਮੁੱਦਾ ਕੋਈ ਸਿਆਸੀ ਮੁੱਦਾ ਨਹੀਂ ਹੈ ਸਗੋਂ ਇਹ ਇੱਕ ਵੱਡਾ ਸਕੈਮ ਹੈ ਜਿਹੜਾ ਪੂਰਾ ਯੋਜਨਾਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਜਿਸ ਨਾਲ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਮੋਹਿਤ ਮਹਿੰਦਰਾ ਨੇ ਬਰਨਾਲਾ ਵਿਖੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਜ਼ਿਲ੍ਹੇ ਦੇ ਹੋਰ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਮੋਹਿਤ ਮਹਿੰਦਰਾ ਨੇ ਕਿਹਾ ਕਿ ਪੇਪਰ ਲੀਕ ਦਾ ਮੁੱਦਾ ਸ੍ਰੀ ਰਾਹੁਲ ਗਾਂਧੀ ਨੇ ਆਪਣੇ ਹੱਥ ਵਿੱਚ ਲੈ ਕੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਇੱਕ ਵੱਡੀ ਲੜਾਈ ਸ਼ੁਰੂ ਕੀਤੀ ਹੈ, ਜਿਸ ਤਹਿਤ ਹੈਰਾਨੀਜਨਕ ਖੁਲਾਸੇ ਸਾਹਮਣੇ ਆ ਰਹੇ ਹਨ ਕਿ ਮੁਲਕ ਦੇ ਨੌਜਵਾਨਾਂ ਦੇ ਭਵਿੱਖ ਨਾਲ ਪੂਰੇ ਯੋਜਨਾਬੱਧ ਤਰੀਕੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਦੇਸ਼ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ 90 ਪੇਪਰ ਲੀਕ ਹੋਏ ਹਨ। ਇੰਨੀ ਵੱਡੀ ਗਿਣਤੀ ਵਿੱਚ ਪੇਪਰ ਲੀਕ ਹੋਣ ਤੋਂ ਸਪੱਸ਼ਟ ਹੈ ਕਿ ਇਹ ਕੋਈ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਨੌਜਵਾਨਾਂ ਨਾਲ ਇੱਕ ਵੱਡਾ ਧੋਖਾ ਹੈ ਕਿਉਂਕਿ ਮਾਪੇ ਲੱਖਾਂ ਰੁਪਏ ਖਰਚ ਕਰਕੇ ਆਪਣੇ ਨੌਜਵਾਨ ਧੀਆਂ ਪੁੱਤਰਾਂ ਨੂੰ ਕੋਚਿੰਗ ਦਿਵਾਉਂਦੇ ਹਨ ਪਰੰਤੂ ਜਦੋਂ ਪੇਪਰ ਲੀਕ ਹੋਣ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਅਜਿਹੇ ਮਾਪੇ ਅਤੇ ਨੌਜਵਾਨ ਲੁੱਟੇ ਹੋਏ ਮਹਿਸੂਸ ਕਰਦੇ ਹਨ। ਸ੍ਰੀ ਮੋਹਿਤ ਮਹਿੰਦਰਾ ਨੇ ਕਿਹਾ ਕਿ ਪੇਪਰ ਲੀਕ ਹੋਣ ਤੋਂ ਬਾਅਦ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਆਤਮ ਹੱਤਿਆ ਦੀਆਂ ਘਟਨਾਵਾਂ ਇਹ ਸਿੱਧ ਕਰਦੀਆਂ ਹਨ ਕਿ ਪੇਪਰ ਲੀਕ ਹੋਣ ਦਾ ਮੁੱਦਾ ਨੌਜਵਾਨਾਂ ਦਾ ਮਾਨਸਿਕ ਹੀ ਨਹੀਂ ਸਗੋਂ ਸਮਾਜਿਕ ਤੇ ਆਰਥਿਕ ਸ਼ੋਸ਼ਣ ਵੀ ਹੈ ਜਿਸ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਮੋਹਿਤ ਮਹਿੰਦਰਾ ਨੇ ਪੰਜਾਬ ਦੇ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਕਿ ਸ੍ਰੀ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਇਹ ਲੜਾਈ ਸਮੁੱਚੇ ਨੌਜਵਾਨ ਵਰਗ ਲਈ ਹੈ ਜਿਹੜੀ ਭਵਿੱਖ ਵਿੱਚ ਪੇਪਰ ਲੀਕ ਹੋਣ ਵਰਗੇ ਵੱਡੇ ਘਪਲੇ ਨੂੰ ਰੋਕਣ ਲਈ ਫੈਸਲਾਕੁੰਨ ਹੋਵੇਗੀ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਤੇ ਸਮੁੱਚੇ ਪੰਜਾਬ ਚ ਜ਼ਿਲ੍ਹਾ ਹੈਡ ਕੁਆਰਟਰ ਤੇ ਪੇਪਰ ਲੀਕ ਹੋਣ ਦੇ ਮੁੱਦੇ ਤੇ ਅੱਜ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਜ਼ਿਲ੍ਹਾ ਹੈਡਕੁਆਟਰ ਤੇ ਇਹ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਮੁਲਕ ਦੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਵਿੱਚ ਅਸਫਲ ਰਹੀ ਹੈ।