ਇਸ਼ਤਿਹਾਰਾਂ ’ਚ ‘ਪਾਵਰ ਸਰਪਲੱਸ’, ਜ਼ਮੀਨ ’ਤੇ ਬਿਜਲੀ ਗਾਇਬ : ਸ਼ੰਟੀ ਇਸ਼ਤਿਹਾਰਾਂ ’ਚ ‘ਪਾਵਰ ਸਰਪਲੱਸ’, ਜ਼ਮੀਨ ’ਤੇ ਬਿਜਲੀ ਗਾਇਬ: ਯਾਦਵਿੰਦਰ ਸਿੰਘ ਸ਼ੰਟੀ
Publish Date: Tue, 30 Jun 2026 04:09 PM (IST)
Updated Date: Wed, 01 Jul 2026 04:02 AM (IST)
14 ਲੱਖ ਟਿਊਬਵੈੱਲਾਂ ਵਾਲੇ ਪੰਜਾਬ ’ਚ ਕਿਸਾਨ 8 ਘੰਟਿਆਂ ਦੀ ਥਾਂ 3-4 ਘੰਟੇ ਬਿਜਲੀ ਲਈ ਤਰਸੇ ਕਿਸਾਨ ਸੜਕਾਂ ’ਤੇ ਪਰ ਸਰਕਾਰ ਇਸ਼ਤਿਹਾਰਾਂ ’ਚ ਮਸਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਪੰਜਾਬ ਭਰ ’ਚ ਬਿਜਲੀ ਕੱਟਾਂ ਖ਼ਿਲਾਫ਼ ਮਜੀਠਾ (ਅੰਮ੍ਰਿਤਸਰ), ਸੰਗਰੂਰ, ਮਾਨਸਾ, ਪਟਿਆਲਾ, ਬਠਿੰਡਾ, ਧੋਲਾ, ਤਪਾ, ਗੋਇੰਦਵਾਲ ਸਾਹਿਬ, ਕੱਥੂਨੰਗਲ ਅਤੇ ਸ੍ਰੀ ਮੁਕਤਸਰ ਸਾਹਿਬ ਸਮੇਤ ਕਈ ਥਾਵਾਂ ’ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨੇ, ਗਰਿੱਡ ਘਿਰਾਓ ਅਤੇ ਚੱਕਾ ਜਾਮ ਮੁੱਖ ਮੰਤਰੀ ਭਗਵੰਤ ਮਾਨ ਦੇ ‘8 ਘੰਟੇ ਨਿਰੰਤਰ ਬਿਜਲੀ’ ਤੇ ‘ਪਾਵਰ ਸਰਪਲੱਸ ਪੰਜਾਬ’ ਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਰਹੇ ਹਨ। ਇਹ ਪ੍ਰਤੀਕਰਮ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਨੇ ਦਿੱਤਾ। ਸ਼ੰਟੀ ਨੇ ਕਿਹਾ ਕਿ ਝੋਨੇ ਦੀ ਲੁਆਈ ਦੇ ਸੀਜ਼ਨ ’ਚ ਪੰਜਾਬ ਦੀ ਬਿਜਲੀ ਮੰਗ 14,000 ਤੋਂ 16,000 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ, ਜਦਕਿ ਸਰਕਾਰ ਦੀ ਸਪਲਾਈ ਅਤੇ ਲੋਡ ਮੈਨੇਜਮੈਂਟ ਦੀ ਹਕੀਕਤ ਅੱਜ ਸਭ ਦੇ ਸਾਹਮਣੇ ਹੈ। ਪੰਜਾਬ ’ਚ ਲਗਭਗ 13.94 ਲੱਖ ਖੇਤੀਬਾੜੀ ਟਿਊਬਵੈੱਲ ਹਨ, ਜੋ ਖੇਤੀ ਦੀ ਰੀੜ੍ਹ ਦੀ ਹੱਡੀ ਹਨ, ਪਰ ਇਨ੍ਹਾਂ ਲਈ ਲੋੜੀਂਦੀ ਬਿਜਲੀ ਦੇਣ ’ਚ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਦਾਅਵਾ ਕਰਦੀ ਰਹੀ, ਪਰ ਕਿਸਾਨਾਂ ਨੂੰ ਸਿਰਫ਼ 3 ਤੋਂ 4 ਘੰਟੇ ਹੀ ਟੁੱਟੀ-ਫੁੱਟੀ ਸਪਲਾਈ ਮਿਲ ਰਹੀ ਹੈ। ਬਿਜਲੀ ਕਦੇ ਦਿਨ ’ਚ ਗਾਇਬ, ਕਦੇ ਰਾਤ ਨੂੰ ਕੱਟ, ਇਹ ਪ੍ਰਬੰਧ ਨਹੀਂ, ਪ੍ਰਸ਼ਾਸਕੀ ਅਰਾਜਕਤਾ ਹੈ। ਯਾਦਵਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਪੰਜਾਬ ਦੇ ਥਰਮਲ ਪਲਾਟਾਂ ਦੀ ਹਾਲਤ ਵੀ ਮਾਨ ਸਰਕਾਰ ਦੀ ਤਿਆਰੀ ਦੀ ਪੋਲ ਖੋਲ੍ਹਦੀ ਹੈ। ਲਹਿਰਾ ਮੋਹੱਬਤ ਥਰਮਲ ਪਲਾਂਟ ’ਚ ਕਈ ਯੂਨਿਟ ਬੰਦ ਰਹੇ, ਜਦਕਿ ਰੋਪੜ ਥਰਮਲ ਪਲਾਂਟ ਦੀ ਉਤਪਾਦਨ ਸਮਰੱਥਾ ਵੀ ਦਬਾਅ ਹੇਠ ਰਹੀ। ਜਦ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਝੋਨੇ ਦੇ ਸੀਜ਼ਨ ’ਚ ਮੰਗ ਰਿਕਾਰਡ ਪੱਧਰ ’ਤੇ ਜਾਵੇਗੀ, ਤਾਂ ਬੈਕਅੱਪ ਪ੍ਰਬੰਧ ਪਹਿਲਾਂ ਕਿਉਂ ਨਹੀਂ ਕੀਤੇ ਗਏ? ਉਨ੍ਹਾਂ ਕਿਹਾ ਕਿ ਬਿਜਲੀ ਨਾ ਮਿਲਣ ਕਾਰਨ ਕਿਸਾਨ ਮਹਿੰਗਾ ਡੀਜ਼ਲ ਫੂਕ ਕੇ ਜਨਰੇਟਰ ਚਲਾਉਣ ਲਈ ਮਜਬੂਰ ਹਨ। ਇੱਕ ਏਕੜ ਝੋਨੇ ਦੀ ਸਿੰਚਾਈ ਦਾ ਵਾਧੂ ਡੀਜ਼ਲ ਖਰਚਾ ਕਿਸਾਨ ਦੀ ਕਮਰ ਤੋੜ ਰਿਹਾ ਹੈ। ਪਹਿਲਾਂ ਹੀ ਕਰਜ਼ੇ ਹੇਠ ਦਬਿਆ ਅੰਨਦਾਤਾ ਹੁਣ ਸਰਕਾਰ ਦੀ ਨਾਕਾਮੀ ਦੀ ਕੀਮਤ ਆਪਣੀ ਜੇਬ ਤੋਂ ਭਰ ਰਿਹਾ ਹੈ। ਯਾਦਵਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਸਾਰਾ ਧਿਆਨ ਇਸ਼ਤਿਹਾਰਾਂ, ਸੋਸ਼ਲ ਮੀਡੀਆ ਅਤੇ ਇਮੇਜ ਮੈਨੇਜਮੈਂਟ ‘ਤੇ ਹੈ। ਜ਼ਮੀਨ ‘ਤੇ ਨਾ ਬਿਜਲੀ ਹੈ, ਨਾ ਪ੍ਰਬੰਧ ਹੈ, ਨਾ ਜਵਾਬਦੇਹੀ ਹੈ। ਇਹ ਸਰਕਾਰ ਪਾਵਰ ਸਰਪਲੱਸ ਨਹੀਂ, ਪ੍ਰੋਪੈਗੈਂਡਾ ਸਰਪਲੱਸ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਏਅਰ-ਕੰਡੀਸ਼ਨਡ ਹਾਲਾਂ ’ਚ ਸਟੇਜੀ ਭਾਸ਼ਣ ਦੇਣ ਦੀ ਥਾਂ ਪਿੰਡਾਂ ’ਚ ਜਾਣ, ਗਰਿੱਡਾਂ ਅੱਗੇ ਬੈਠੇ ਕਿਸਾਨਾਂ ਦੀਆਂ ਅੱਖਾਂ ’ਚ ਝਾਤ ਮਾਰਣ ਅਤੇ ਦੱਸਣ ਕਿ ਉਨ੍ਹਾਂ ਦੇ ਵਾਅਦਿਆਂ ਦਾ ਕੀ ਬਣਿਆ। ਯਾਦਵਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਭਗਵੰਤ ਮਾਨ ਦੇ ਇਸ ਧੋਖੇ, ਇਸ ਨਾਕਾਮੀ ਅਤੇ ਇਸ ਅਹੰਕਾਰ ਨੂੰ ਯਾਦ ਰੱਖੇਗਾ ਅਤੇ ਸਮਾਂ ਆਉਣ ‘ਤੇ ਇਸਦਾ ਲੋਕਤੰਤਰਿਕ ਜਵਾਬ ਜ਼ਰੂਰ ਦੇਵੇਗਾ।