ਮਹਿਲ ਕਲਾਂ ਹਲਕੇ ਦੀ ਸਿਆਸਤ ਭਖੀ
ਮਹਿਲ ਕਲਾਂ ਹਲਕੇ ਦੀ ਸਿਆਸਤ ਭਖੀ
Publish Date: Sat, 27 Jun 2026 06:03 PM (IST)
Updated Date: Sun, 28 Jun 2026 04:04 AM (IST)

ਵਿਧਾਇਕ ਦੇ ਇਲਜ਼ਾਮਾਂ ਤੋਂ ਬਾਅਦ ਖਿਆਲੀ ਦੇ ਹੱਕ ’ਚ ਇਕੱਠੇ ਹੋਏ ਮਜ਼ਦੂਰ ਖਿਆਲੀ ਨੇ ਸਾਥੋਂ ਇਕ ਵੀ ਰੁਪਇਆ ਨਹੀਂ ਲਿਆ, ਸਗੋਂ ਸਾਡੇ ਪਰਿਵਾਰ ਦੀ ਮਦਦ ਕੀਤੀ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲਕਲਾਂ : ਪਿਛਲੇ ਦਿਨੀਂ ਹਲਕਾ ਵਿਧਾਇਕ ਵੱਲੋਂ ਇਕ ਜਨਤਕ ਇਕੱਠ ’ਚ ਆਪਣੇ ਸੰਬੋਧਨ ਦੌਰਾਨ ਭਾਈ ਲਾਲੋ ਮੰਚ ਦੇ ਸੂਬਾਈ ਆਗੂ ਹਰਜੀਤ ਸਿੰਘ ਖਿਆਲੀ ਉਪਰ ਸੜਕ ਹਾਦਸੇ ’ਚ ਜਾਨ ਗਵਾਉਣ ਵਾਲੇ ਪਿੰਡ ਰਾਏਸਰ ਦੇ ਇੱਕ ਵਿਆਕਤੀ ਦੇ ਪਰਿਵਾਰ ਤੋਂ ਸਮਝੌਤੇ ਬਦਲੇ 25 ਹਜ਼ਾਰ ਰੁਪਏ ਲੈਣ ਦੇ ਲਗਾਏ ਇਲਜ਼ਾਮ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪਿੰਡ ਰਾਏਸਰ ਦੇ ਸਬੰਧਿਤ ਪੀੜਤ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਹਰਜੀਤ ਸਿੰਘ ਖਿਆਲੀ ਉਪਰ ਪੈਸੇ ਲੈਣ ਦੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਹਰਜੀਤ ਸਿੰਘ ਖਿਆਲੀ ਨੂੰ ਗਰੀਬ ਲੋਕਾਂ ਦਾ ਸੱਚਾ ਹਮਦਰਦ ਕਿਹਾ। ਇਸ ਮੌਕੇ ਮ੍ਰਿਤਕ ਨੌਜਵਾਨ ਦੇ ਭਰਾ ਜਸਵਿੰਦਰ ਸਿੰਘ ਤੇ ਮਾਤਾ ਸ਼ਿੰਦਰ ਕੌਰ ਵਾਸੀ ਰਾਏਸਰ ਨੇ ਕਿਹਾ ਕਿ ਸੜਕ ਹਾਦਸੇ ’ਚ ਉਨ੍ਹਾਂ ਦੇ ਨੌਜਵਾਨ ਮੈਂਬਰ ਦੀ ਮੌਤ ਹੋ ਜਾਣ ਤੋਂ ਬਾਅਦ ਹਰਜੀਤ ਸਿੰਘ ਖਿਆਲੀ ਨੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆ ਕੇ ਸਹਿਯੋਗ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰਜੀਤ ਸਿੰਘ ਖਿਆਲੀ ਨੇ ਪਰਿਵਾਰ ਤੋਂ ਪੈਸਾ ਲੈਣਾ ਤਾਂ ਦੂਰ ਬਲਕਿ ਚਾਹ ਦਾ ਕੱਪ ਤੱਕ ਨਹੀਂ ਪੀਤਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਰਜੀਤ ਸਿੰਘ ਖਿਆਲੀ ਉਪਰ ਸਾਡੇ ਪਰਿਵਾਰ ਤੋਂ ਪੈਸੇ ਲੈਣ ਦੇ ਜੋ ਦੋਸ਼ ਲਗਾਏ ਹਨ, ਉਹ ਪੂਰੀ ਤਰ੍ਹਾਂ ਝੂਠੇ ਬੇਬੁਨਿਆਦ ਹਨ। ਪਰਿਵਾਰ ਨੇ ਕਿਹਾ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਪੁਖਤਾ ਸਬੂਤ ਹੈ ਤਾਂ ਉਹ ਜਨਤਕ ਕੀਤਾ ਜਾਵੇ, ਨਹੀਂ ਤਾਂ ਅਜਿਹੇ ਝੂਠੇ ਦੋਸ਼ ਲਗਾ ਕੇ ਸਮਾਜ ਸੇਵਾ ਕਰਨ ਵਾਲੇ ਲੋਕਾਂ ਦੀ ਛਵੀ ਨਾ ਖ਼ਰਾਬ ਕੀਤੀ ਜਾਵੇ। ਇਸ ਮੌਕੇ ਭਾਈ ਲਾਲੋ ਮੰਚ ਸੂਬਾਈ ਆਗੂ ਹਰਜੀਤ ਸਿੰਘ ਖਿਆਲੀ ਨੇ ਵੀ ਦੋਸ ਲਗਾਉਣ ਵਾਲੇ ਲੋਕਾਂ ਨੂੰ ਖੁੱਲ੍ਹੀ ਚਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਰਾਏਸਰ ਵਾਲੇ ਮਸਲੇ ’ਚ ਪੀੜਤ ਪਰਿਵਾਰ ਤੋਂ 25 ਹਜ਼ਾਰ ਰੁਪਏ ਤਾਂ ਦੂਰ ਇਕ ਰੁਪਈਆ ਵੀ ਲੈਣ ਸਬੰਧੀ ਇਕ ਵੀ ਠੋਸ ਸਬੂਤ ਪੇਸ਼ ਕਰ ਦੇਣ ਤਾਂ ਉਹ ਜਨਤਕ ਤੌਰ ’ਤੇ ਲੋਕਾਂ ਤੋਂ ਆਪਣੀ ਗਲਤੀ ਮੰਨਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਬਿਨਾਂ ਤੱਥਾਂ ਦੇ ਇਲਜ਼ਾਮ ਲਗਾਉਣਾ ਇੱਕ ਜ਼ਿੰਮੇਵਾਰ ਜਨ ਪ੍ਰਤੀਨਿਧੀ ਨੂੰ ਸ਼ੋਭਾ ਨਹੀਂ ਦਿੰਦਾ। ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਗਰੀਬ ਤੇ ਮਜ਼ਦੂਰ ਵਰਗ ਦੇ ਹੱਕਾਂ ਲਈ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹਲਕੇ ਦੇ ਲੋਕ ਸੱਚ ਤੇ ਝੂਠ ਤੋਂ ਭਲੀਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਹੱਕਾਂ ਲਈ ਲੜੀ ਜਾ ਰਹੀ ਨੂੰ ਲੜਾਈ ਨੂੰ ਬਿਨਾਂ ਕਿਸੇ ਡਰ ਦੇ ਜਾਰੀ ਰੱਖਣਗੇ। ਸ਼ਨਿੱਚਰਵਾਰ ਨੂੰ ਪਿੰਡ ਸਹਿਜੜ੍ਹਾ ਵਿਖੇ ਮਜ਼ਦੂਰਾਂ ਵੱਲੋਂ ਹਰਜੀਤ ਸਿੰਘ ਖਿਆਲੀ ਦੇ ਹੱਕ ’ਚ ਕੀਤੇ ਇਕੱਠ ’ਚ ਪੁੱਜੇ ਪੀੜਤ ਪਰਿਵਾਰ ਨੇ ਮੁੜ ਦੁਹਰਾਇਆ ਕਿ ਹਰਜੀਤ ਸਿੰਘ ਖਿਆਲੀ ਨੇ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਰਕਮ ਨਹੀਂ ਲਈ ਬਲਕਿ ਸਾਡੇ ਪਰਿਵਾਰ ਦਾ ਦਿਲੋਂ ਸਾਥ ਦਿੱਤਾ ਜਿਸ ’ਤੇ ਉਹ ਉਨ੍ਹਾਂ ਦੇ ਹਮੇਸ਼ਾਂ ਰਿਣੀ ਰਹਿਣਗੇ।