- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਰਨੇ ਦੌਰਾਨ ਸਾਰੇ ਨੁਮਾਇੰਦਿਆਂ ਨੇ ਮੋਹਨਜੀਤ ਸਿੰਘ ’ਤੇ ਕਥਿਤ ਤਸ਼ੱਦਦ ਕਰਨ ਵਾਲੇ ਇੱਕ ਡੀਐੱਸਪੀ, ਦੋ ਐੱਸਐੱਚਓ ਅਤੇ ਇੱਕ ਏਐੱਸਆਈ ਖ਼ਿਲਾਫ਼ ਬੇਅਦਬੀ ਕਾਨੂੰਨ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ।

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਦੇ ਲੋਕ ਮਿਲਣੀ ਸਮਾਗਮ ਦੌਰਾਨ ਕਾਲਾ ਝੰਡਾ ਲਹਿਰਾਉਣ ਕਾਰਨ ਪੁਲਿਸ ਹਿਰਾਸਤ ਵਿੱਚ ਕਥਿਤ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਮੋਹਨਜੀਤ ਸਿੰਘ ਦੇ ਹੱਕ ਵਿੱਚ ਐਤਵਾਰ ਨੂੰ ਮੋਹਨਜੀਤ ਇਨਸਾਫ਼ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਐੱਸਐੱਸਪੀ ਦਫ਼ਤਰ ਸੰਗਰੂਰ ਦੇ ਸਾਹਮਣੇ ਸਿਆਸੀ, ਸਮਾਜਿਕ, ਕਿਸਾਨ, ਮਜ਼ਦੂਰ ਸਮੇਤ ਹੋਰ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਵਿਸ਼ਾਲ ਧਰਨਾ ਲਾਇਆ ਗਿਆ। ਧਰਨੇ ਵਿੱਚ ਸ਼ਾਮਲ ਲੋਕਾਂ ਨੇ ਪੱਗਾਂ ਤੇ ਕਾਲੀਆਂ ਪੱਟੀਆਂ ਬੰਨਕੇ ਆਪਣਾ ਰੋਸ ਪ੍ਰਗਟਾਇਆ। ਧਰਨੇ ਦੌਰਾਨ ਸਾਰੇ ਨੁਮਾਇੰਦਿਆਂ ਨੇ ਮੋਹਨਜੀਤ ਸਿੰਘ ’ਤੇ ਕਥਿਤ ਤਸ਼ੱਦਦ ਕਰਨ ਵਾਲੇ ਇੱਕ ਡੀਐੱਸਪੀ, ਦੋ ਐੱਸਐੱਚਓ ਅਤੇ ਇੱਕ ਏਐੱਸਆਈ ਖ਼ਿਲਾਫ਼ ਬੇਅਦਬੀ ਕਾਨੂੰਨ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ।
3 ਸਤੰਬਰ ਤੋਂ ਸਿਵਲ ਹਸਪਤਾਲ ਸੰਗਰੂਰ ਵਿੱਚ ਦਾਖ਼ਲ ਪੀੜਤ ਮੋਹਨਜੀਤ ਸਿੰਘ ਦੀ ਐਤਵਾਰ ਦੁਪਹਿਰ ਅਚਾਨਕ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਭਾਜਪਾ ਦੀ ਜ਼ਿਲ੍ਹਾ ਪ੍ਰਧਾਨ-2 ਦਾਮਨ ਬਾਜਵਾ ਸਮੇਤ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਮੋਹਨਜੀਤ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਇਸ ਸਬੰਧੀ ਜਾਣਕਾਰੀ ਸਮਾਜਿਕ ਕਾਰਕੁਨ ਅਮਿਤੋਜ ਮਾਨ ਨੇ ਧਰਨੇ ਵਾਲੀ ਥਾਂ ’ਤੇ ਮੰਚ ਤੋਂ ਜਾਣਕਾਰੀ ਦਿੱਤੀ ਅਤੇ ਪੁਲਿਸ ਪ੍ਰਸ਼ਾਸਨ ਸਮੇਤ ਸਿਹਤ ਵਿਭਾਗ ਤੋਂ ਮੰਚ ’ਤੇ ਆ ਕੇ ਮੋਹਨਜੀਤ ਸਿੰਘ ਦੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਸਿਵਲ ਹਸਪਤਾਲ ਸੰਗਰੂਰ ਦੇ ਐੱਮਡੀ (ਮੈਡੀਸਨ) ਡਾ. ਹਿਮਾਂਸ਼ੂ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਮੋਹਨਜੀਤ ਸਿੰਘ ਦੇ ਸਿਰ ਵਿੱਚ ਦਰਦ ਸੀ ਅਤੇ ਨਿਊਰੋ ਦੇ ਮਾਹਿਰ ਦੀ ਸਲਾਹ ਲੈਣ ਦੀ ਲੋੜ ਸੀ, ਜਿਸ ਕਾਰਨ ਉਸ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਧਰਨੇ ਦੀ ਸਮਾਪਤੀ ਮੌਕੇ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਉਪਰੋਕਤ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ 13 ਸਤੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਧਰਨੇ ਦੌਰਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਵਾਰਿਸ ਪੰਜਾਬ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਗਰੂਰ ਅਰਵਿੰਦ ਖੰਨਾ ਤੇ ਵਿਨਰਜੀਤ ਸਿੰਘ ਗੋਲਡੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕੀਤਾ।