- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਦੀ ਮਹਿਲ ਕਲਾਂ ਲੋਕ ਮਿਲਣੀ ਤੋਂ ਬਾਅਦ ਨਿਰਾਸ਼ ਹੋਏ ਲੋਕ

ਮਹਿਲ ਕਲਾਂ ਲਈ ਨਾ ਕੀਤਾ ਕੋਈ ਵਿਸ਼ੇਸ਼ ਐਲਾਨ, ਰਿਵਾਇਤੀ ਅੰਦਾਜ਼ ’ਚ ਤੀਰ ਛੱਡਣ ਤੇ ਕਿੱਕਲੀ ਸੁਣ ਕੇ ਖੁਸ਼ ਹੋਏ ਭਮੱਕੜ
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਮੰਗਲਵਾਰ ਨੂੰ ਦੇਰ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਲੋਕ ਮਿਲਣੀ ਕੀਤੀ ਗਈ। ਇਸ ਲੋਕ ਮਿਲਣੀ ਦੌਰਾਨ ਮਹਿਲ ਕਲਾਂ ਸਬ-ਡਿਵੀਜ਼ਨ ਨਾਲ ਜੁੜੀਆਂ ਲੰਬੇ ਸਮੇਂ ਤੋਂ ਲਟਕਦੀਆਂ ਬੁਨਿਆਦੀ ਮੰਗਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮੁੱਖ ਮੰਤਰੀ ਵੱਲੋਂ ਆਪਣੇ ਰਿਵਾਇਤੀ ਅੰਦਾਜ਼ ’ਚ ਹਵਾ ’ਚ ਸਿਆਸੀ ਤੀਰ ਛੱਡ ਤੇ ਕਿੱਕਲੀ ਸੁਣਾਕੇ ਆਪਣੇ ਭਮੱਕੜਾਂ ਨੂੰ ਤਾਂ ਖੁਸ਼ ਕਰ ਦਿੱਤਾ ਪਰ ਇਲਾਕੇ ਦੇ ਲੋਕਾਂ, ਕਿਸਾਨ ਜਥੇਬੰਦੀਆਂ ਅਤੇ ਸਿਆਸੀ ਆਗੂਆਂ, ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ’ਚ ਨਿਰਾਸ਼ਾ ਹੈ। ਮਹਿਲ ਕਲਾਂ ਨੂੰ ਸਬ-ਡਿਵੀਜ਼ਨ ਦਾ ਦਰਜਾ ਮਿਲਣ ਦੇ ਬਾਵਜੂਦ ਆਪ ਸਰਕਾਰ ਅੱਜ ਤੱਕ ਇੱਥੇ ਆਪਣਾ ਪ੍ਰਸ਼ਾਸਨਿਕ ਕੰਪਲੈਕਸ ਨਹੀਂ ਬਣਾ ਸਕੀ। ਸਬ-ਡਿਵੀਜ਼ਨ ਦੇ ਸਰਕਾਰੀ ਦਫ਼ਤਰ ਅਸਥਾਈ ਪ੍ਰਬੰਧਾਂ ਹੇਠ ਨਰੇਗਾ ਭਵਨ ’ਚ ਬੇਹੱਦ ਖਸਤਾ ਹਾਲਤ ’ਚ ਚੱਲ ਰਹੇ ਇਨ੍ਹਾਂ ਦਫ਼ਤਰਾਂ ’ਚ ਮੁਲਾਜ਼ਮਾਂ ਨੂੰ ਸੀਮਤ ਸਹੂਲਤਾਂ ’ਚ ਕੰਮ ਕਰਨਾ ਪੈ ਰਿਹਾ ਹੈ। ਇਸ ਕਾਰਨ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਸਰਕਾਰੀ ਕੰਮਾਂ ਲਈ ਭਾਰੀ ਖੱਜਲ-ਖੁਆਰੀ ਝੱਲਣੀ ਪੈਂਦੀ ਹੈ। ਹਲਕੇ ਦੇ ਲੋਕਾਂ ਨੂੰ ਪੂਰੀ ਆਸ ਸੀ ਕਿ ਆਪ ਆਗੂ ਹਲਕੇ ਨਾਲ ਸਬੰਧਿਤ ਵੱਖ ਵੱਖ ਮੰਗਾਂ ਨੂੰ ਜੋਰ ਸੋਰ ਨਾਲ ਮੁੱਖ ਮੰਤਰੀ ਅੱਗੇ ਰੱਖਣਗੇ ਤੇ ਸੀਐਮ ਭਗਵੰਤ ਮਾਨ ਸਬ-ਡਿਵੀਜ਼ਨ ਮਹਿਲ ਕਲਾਂ ਲਈ ਆਧੁਨਿਕ ਪ੍ਰਸ਼ਾਸਨਿਕ ਕੰਪਲੈਕਸ ਦੀ ਉਸਾਰੀ ਦਾ ਐਲਾਨ ਕਰਨਗੇ, ਪਰ ਅਜਿਹਾ ਨਾ ਹੋਣ ਕਾਰਨ ਲੋਕਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ।
ਸਿਹਤ ਸੇਵਾਵਾਂ ਦਾ ਮੁੱਦਾ ਵੀ ਲੋਕਾਂ ਦੀ ਚਿੰਤਾ ਦਾ ਕੇਂਦਰ ਬਣਿਆ ਹੋਇਆ ਹੈ। ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ, ਸਰਕਾਰੀ ਹਸਪਤਾਲ ਚੰਨਣਵਾਲ ਅਤੇ ਸਰਕਾਰੀ ਹਸਪਤਾਲ ਛਾਪਾ ’ਚ ਮਾਹਿਰ ਡਾਕਟਰਾਂ, ਨਰਸਿੰਗ ਸਟਾਫ਼ ਤੇ ਹੋਰ ਕਰਮਚਾਰੀਆਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਇਲਾਜ ਲਈ ਵੱਡੇ ਸ਼ਹਿਰਾਂ ਵੱਲ ਰੁਖ ਕਰਨਾ ਪੈਂਦਾ ਹੈ। ਤਹਿਸੀਲ ਕੰਪਲੈਕਸ ਲਈ ਲਗਾਇਆ ਬੋਰਡ ਅੱਜ ਵੀ ਉਸਾਰੀ ਦੀ ਉਡੀਕ ਕਰ ਰਿਹਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਪਿੰਡ ਠੀਕਰੀਵਾਲ ਵਿਖੇ ਨਰਸਿੰਗ ਦੇ ਕਾਲਜ਼ ਦੇ ਕੀਤੇ ਐਲਾਨ ਸਬੰਧੀ ਵੀ ਕੋਈ ਗੱਲ ਨਹੀਂ ਕੀਤੀ। ਹਲਕਾ ਮਹਿਲ ਕਲਾਂ ਨਾਲ ਸਬੰਧਿਤ ਵੱਖ ਵੱਖ ਪਿਡਾਂ ਦੇ ਸਰਪੰਚਾਂ ਪੰਚਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸਰਤ ਤੇ ਦੱਸਿਆਂ ਕਿ ਇਸ ਮੁੱਖ ਮੰਤਰੀ ਦੀ ਇਸ ਲੋਕ ਮਿਲਣੀ ਦਾ ਹਲਕੇ ਨੂੰ ਕੋਈ ਲਾਭ ਨਹੀਂ, ਕਿਉਂਕਿ ਹਲਕੇ ਨਾਲ ਸਬੰਧਿਤ ਕਿਸੇ ਵੀ ਗ੍ਰਾਮ ਪੰਚਾਇਤ ਨੂੰ ਧੇਲਾ ਨਹੀਂ ਦਿੱਤਾ।
ਬਾਕਸ ਨਿਊਜ
ਮੁੱਖ ਮੰਤਰੀ ਵੱਲੋਂ ਦਿੱਤੇ 50 ਲੱਖ ਦੇ ਚੈੱਕ ਨੂੰ ਲੈ ਕੇ ਪਿਆ ਰੌਲਾ
ਵੱਡਾ ਪਿੰਡ ਹੋਣ ਕਰਕੇ ਮਹਿਲ ਕਲਾਂ ’ਚ ਦੋ ਪੰਚਾਇਤਾਂ ਮਹਿਲ ਕਲਾਂ ਤੇ ਮਹਿਲ ਕਲਾਂ ਸੋਢੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਹ ਲੋਕ ਮਿਲਣੀ ਮਹਿਲ ਕਲਾਂ ਸੋਢੇ ਵਿਖੇ ਰੱਖੀ ਗਈ। ਸੀਐਮ ਦਫ਼ਤਰ ਤੋਂ ਤੈਅ ਪ੍ਰੋਗਰਾਮ ਅਨੁਸਾਰ ਲੋਕ ਮਿਲਣੀ ਕਰਾਉਣ ਵਾਲੀ ਪੰਚਾਇਤ ਨੂੰ ਮੁੱਖ ਮੰਤਰੀ ਵੱਲੋਂ 50 ਹਜਾਰ ਦਾ ਚੈਂਕ ਦਿੱਤਾ ਜਾਂਦਾ ਹੈ। ਪਰ ਇਥੇ ਇਸ ਦੇ ਉਲਟ ਮੁੱਖ ਮੰਤਰੀ ਵੱਲੋਂ ਇਹ ਚੈਕ ਮਹਿਲ ਕਲਾਂ ਸੋਢੇ ਦੀ ਪੰਚਾਇਤ ਦੀ ਬਜਾਏ ਮਹਿਲ ਕਲਾਂ ਦੀ ਪੰਚਾਇਤ ਨੂੰ ਸੌਂਪ ਦਿੱਤਾ ਗਿਆ। ਜਿਸ ਕਰਕੇ ਮਹਿਲ ਕਲਾਂ ਸੋਢੇ ਦੇ ਲੋਕਾਂ ’ਚ ਕਾਫ਼ੀ ਨਿਰਾਸ਼ਾ ਦੇਖਣ ਨੂੰ ਮਿਲੀ। ਪਰ ਲੋਕ ਮਿਲਣੀ ਤੋਂ ਅਗਲੇ ਦਿਨ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਪਣੇ ਸੋਸਲ ਮੀਡੀਆ ਅਕਾਊਂਟ ਦੇ ਮੁੱਖ ਮੰਤਰੀ ਵੱਲੋਂ ਇਹ ਚੈਕ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੇਣ ਦੀ ਪੋਸਟ ਪਾ ਕੇ ਮਾਮਲੇ ਨੂੰ ਸਾਂਤ ਕਰਨ ਦੀ ਕੋਸ਼ਿਸ ਕੀਤੀ ਗਈ।
ਸਰਕਾਰ ਮਹਿਲ ਕਲਾਂ ਦੇ ਵਿਕਾਸ ਲਈ ਸੁਹਿਰਦ ਨਹੀਂ : ਟਿੱਬਾ
ਇਸ ਸਬੰਧੀ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ਼ ਕੁਲਵੰਤ ਸਿੰਘ ਟਿੱਬਾ ਨੇ ਤਿੱਖੀ ਪ੍ਰਤੀਕਿਰਿਆ ਜਾਹਰ ਕਰਦਿਆਂ ਕਿਹਾ ਕਿ ਸਰਕਾਰ ਹਲਕਾ ਮਹਿਲ ਕਲਾਂ ਦੇ ਵਿਕਾਸ ਲਈ ਬਿਲਕੁਲ ਵੀ ਸੁਹਿਰਦ ਨਹੀਂ, ਕਿਉਂਕਿ ਹਲਕਾ ਵਿਧਾਇਕ ਵੀ ਮੁੱਖ ਮੰਤਰੀ ਦੀ ਲੋਕ ਮਿਲਣੀ ਦੌਰਾਨ ਹਲਕੇ ਦੀਆਂ ਮੁੱਖ ਮੰਗਾਂ ਤੇ ਸਮੱਸਿਆਵਾਂ ਸਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਾਉਣ ’ਚ ਅਸਫ਼ਲ ਸਾਬਤ ਹੋਏ ਹਨ। ਮੁੱਖ ਮੰਤਰੀ ਦੀ ਇਸ ਲੋਕ ਮਿਲਣੀ ਤੇ ਪਾਣੀ ਵਾਂਗ ਪੈਸਾ ਵਹਾਉਣ ਦੇ ਬਾਵਜੂਦ ਹਲਕੇ ਨੂੰ ਇੱਕ ਵੀ ਧੇਲੇ ਦਾ ਫਾਇਦਾ ਨਹੀਂ ਹੋਇਆ। ਉਨ੍ਹਾਂ ਮੁੱਖ ਮੰਤਰੀ ਦੀ ਆਮਦ ਤੇ ਕਿਸਾਨਾਂ,ਮਜ਼ਦੂਰਾਂ ਤੇ ਔਰਤਾਂ ਦੀ ਪੁਲਿਸ ਵੱਲੋਂ ਕੀਤੀ ਖਿੱਚ ਧੂਹ ਦੀ ਨਿੰਦਾ ਕੀਤੀ।