ਸਰਕਾਰੀ ਹਸਪਤਾਲ ’ਚ ਦਾਖਲ ਮਰੀਜ਼ ਦੇ ਕਮਰੇ ਨੂੰ ਅੱਧੀ ਰਾਤ ਲਗਾਇਆ ਜਿੰਦਰਾ
ਸਰਕਾਰੀ ਹਸਪਤਾਲ ’ਚ ਦਾਖਲ ਮਰੀਜ ਦੇ ਕਮਰੇ ਨੂੰ ਅੱਧੀ ਰਾਤ ਲਗਾਇਆ ਜਿੰਦਰਾ
Publish Date: Fri, 19 Jun 2026 06:10 PM (IST)
Updated Date: Sat, 20 Jun 2026 04:04 AM (IST)

: ਮਰੀਜ ਦੀ ਪਤਨੀ ਨੇ ਸ਼ੋਸਲ ਮੀਡੀਆ ’ਤੇ ਲਾਇਵ ਹੋ ਕੇ ਦੱਸੀ ਸਾਰੀ ਕਹਾਣੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਮਰੀਜ਼ ਦੇ ਕਮਰੇ ਨੂੰ ਕਿਸੇ ਅਣਪਛਾਤੇ ਵੱਲੋਂ ਜਿੰਦਰਾ ਲਗਾਏ ਜਾਣ ਦੀ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲਾਇਵ ਹੋ ਕੇ ਪੀੜ੍ਹਤ ਮਰੀਜ਼ ਦੀ ਪਤਨੀ ਨੇ ਸਾਰੀ ਕਹਾਣੀ ਜੱਗ ਜਾਹਰ ਕਰਦਿਆਂ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਹਿਰ ਦੀ ਰਹਿਣ ਵਾਲੀ ਉਸ਼ਾ ਭਰੀ ਨਾਮਕ ਮਹਿਲਾ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਇਸ ਖ਼ੌਫਨਾਕ ਵਾਕਏ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਗੋਡਿਆਂ ਦਾ ਆਪ੍ਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ ਦੇ ਕਮਰਾ ਨੰਬਰ 11 ਵਿੱਚ ਭਰਤੀ ਸਨ। ਬੀਤੀ ਰਾਤ ਕਰੀਬ 2 ਵਜੇ, ਆਪ੍ਰੇਸ਼ਨ ਦੇ ਦਰਦ ਕਾਰਨ ਉਨ੍ਹਾਂ ਦੇ ਪਤੀ ਨੂੰ ਨੀਂਦ ਨਹੀਂ ਆ ਰਹੀ ਸੀ ਤੇ ਉਸ਼ਾ ਵੀ ਉਨ੍ਹਾਂ ਦੇ ਕੋਲ ਜਾਗ ਰਹੀ ਸੀ। ਇਸੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਬਾਹਰੋਂ ਆ ਕੇ ਉਨ੍ਹਾਂ ਦੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਲਗਾ ਦਿੱਤੀ ਤੇ ਉਨ੍ਹਾਂ ਨੂੰ ਅੰਦਰ ਹੀ ਬੰਦ ਕਰ ਦਿੱਤਾ। ਉਸ਼ਾ ਭਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕਮਰੇ ਦੇ ਬਾਹਰ ਕਿਸੇ ਸ਼ੱਕੀ ਹਲਚਲ ਦਾ ਅਹਿਸਾਸ ਹੋਇਆ, ਤਾਂ ਉਨ੍ਹਾਂ ਨੇ ਅੰਦਰੋਂ ਆਵਾਜ਼ ਲਗਾਈ। ਪਰ ਇਸ ਦੇ ਬਾਵਜੂਦ ਕਿਸੇ ਨੇ ਦਰਵਾਜ਼ਾ ਨਹੀਂ ਖੁੱਲ੍ਹਿਆ। ਇਸ ਤੋਂ ਬਾਅਦ ਉਹ ਘਬਰਾ ਗਈ। ਇੱਕ ਪਾਸੇ ਕਮਰੇ ਦਾ ਦਰਵਾਜ਼ਾ ਬਾਹਰੋਂ ਲਾਕ ਸੀ ਤੇ ਦੂਜੇ ਪਾਸੇ ਉਨ੍ਹਾਂ ਦੇ ਪਤੀ ਬੈੱਡ ’ਤੇ ਗੰਭੀਰ ਦਰਦ ਨਾਲ ਤੜਫ ਰਹੇ ਸਨ, ਪਰ ਚਾਹੁੰਦੇ ਹੋਏ ਵੀ ਉਹ ਡਾਕਟਰ ਜਾਂ ਨਰਸ ਨੂੰ ਬੁਲਾਉਣ ਲਈ ਬਾਹਰ ਨਹੀਂ ਜਾ ਸਕੀ। ਬੇਵੱਸ ਮਹਿਲਾ ਨੇ ਸਵੇਰੇ 4 ਵਜੇ ਵਾਰਡ-25 ਦੇ ਨਗਰ ਕੌਂਸਲਰ (ਪਾਰਸ਼ਦ) ਨਵੀਨ ਕੌਸ਼ਲ ਨੂੰ ਫ਼ੋਨ ਲਗਾਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੌਂਸਲਰ ਨਵੀਨ ਕੌਸ਼ਲ ਤੁਰੰਤ ਖ਼ੁਦ ਸਿਵਲ ਹਸਪਤਾਲ ਪਹੁੰਚੇ ਤੇ ਉਨ੍ਹਾਂ ਨੇ ਕਮਰੇ ਦੀ ਕੁੰਡੀ ਖੋਲ੍ਹ ਕੇ ਅੰਦਰ ਬੰਦ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ। ਉਸ਼ਾ ਭਰੀ ਆਪਣੇ ਤੜਫਦੇ ਪਤੀ ਦੇ ਇਲਾਜ ਲਈ ਡਿਊਟੀ ’ਤੇ ਮੌਜੂਦ ਡਾਕਟਰਾਂ ਤੇ ਨਰਸਿੰਗ ਸਟਾਫ਼ ਕੋਲ ਪਹੁੰਚੀ। ਇਸ ਮਾਮਲੇ ਸਬੰਧੀ ਜਦ ਹਸਪਤਾਲ ਦੀ ਐੱਸਐੱਮਓ ਡਾਕਟਰ ਇੰਦੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਘਟਨਾ ਨੂੰ ਲੈ ਕੇ ਲਿਖਤੀ ਰੂਪ ’ਚ ਕੋਈ ਅਧਿਕਾਰਤ ਸ਼ਿਕਾਇਤ ਨਹੀਂ ਆਈ ਹੈ। ਮਾਮਲਾ ਉਨ੍ਹਾਂ ਦੇ ਨੋਟਿਸ ’ਚ ਆਇਆ ਹੈ ਤੇ ਉਹ ਖ਼ੁਦ ਇਸ ਦੀ ਜਾਂਚ ਕਰਨਗੇ।