ਬਠਿੰਡਾ-ਚੰਡੀਗੜ੍ਹ ਹਾਈਵੇਅ 'ਤੇ ਭਿਆਨਕ ਹਾਦਸਾ, ਟਰੱਕ ਨੇ ਐਕਟੀਵਾ ਨੂੰ ਮਾਰੀ ਟੱਕਰ, ਨੂੰਹ ਦੀ ਦਰਦਨਾਕ ਮੌਤ ਤੇ ਸੱਸ ਜ਼ਖ਼ਮੀ ਵੀਰਵਾਰ ਨੂੰ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਪਿੰਡ ਫੱਗੂਵਾਲਾ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਐਕਟੀਵਾ ਸਵਾਰ ਨੂੰਹ ਅਤੇ ਸੱਸ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਹਸਪਤਾਲ ਪਹੁੰਚਣ ਤੋਂ ਬਾਅਦ ਇਲਾਜ ਦੌਰਾਨ ਨੂੰਹ ਦੀ ਮੌਤ ਹੋ ਗਈ, ਜਦਕਿ ਸੱਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।
Publish Date: Thu, 09 Jul 2026 03:58 PM (IST)
Updated Date: Thu, 09 Jul 2026 04:11 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ - ਵੀਰਵਾਰ ਨੂੰ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਪਿੰਡ ਫੱਗੂਵਾਲਾ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਐਕਟੀਵਾ ਸਵਾਰ ਨੂੰਹ ਅਤੇ ਸੱਸ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਹਸਪਤਾਲ ਪਹੁੰਚਣ ਤੋਂ ਬਾਅਦ ਇਲਾਜ ਦੌਰਾਨ ਨੂੰਹ ਦੀ ਮੌਤ ਹੋ ਗਈ, ਜਦਕਿ ਸੱਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਗਾਂਧੀ ਨਗਰ, ਭਵਾਨੀਗੜ੍ਹ ਦੀ ਰਹਿਣ ਵਾਲੀ ਮਨਜੀਤ ਕੌਰ ਉਰਫ਼ ਤਨੂੰ (28) ਪਤਨੀ ਸੋਨੂੰ ਰਾਮ ਆਪਣੀ ਸੱਸ ਪਰਮਜੀਤ ਕੌਰ ਉਰਫ਼ ਪੰਮੀ (47) ਪਤਨੀ ਜੋਗਿੰਦਰ ਰਾਮ ਉਰਫ਼ ਕੁੱਕਾ ਨਾਲ ਐਕਟੀਵਾ 'ਤੇ ਭਵਾਨੀਗੜ੍ਹ ਤੋਂ ਸੰਗਰੂਰ ਵੱਲ ਜਾ ਰਹੀ ਸੀ। ਜਦੋਂ ਉਹ ਪਿੰਡ ਫਗੂਵਾਲਾ ਨੇੜੇ ਪਹੁੰਚੀਆਂ ਤਾਂ ਉਨ੍ਹਾਂ ਦੀ ਐਕਟੀਵਾ ਇੱਕ ਟਰੱਕ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਦੋਵਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਪਰਿਵਾਰਕ ਮੈਂਬਰਾਂ ਅਨੁਸਾਰ ਮਨਜੀਤ ਕੌਰ ਉਰਫ਼ ਤਨੂੰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦਕਿ ਪਰਮਜੀਤ ਕੌਰ ਉਰਫ਼ ਪੰਮੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅਗਲੇ ਇਲਾਜ ਲਈ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਣ ਉਪਰੰਤ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮੰਦਭਾਗੀ ਘਟਨਾ ਨਾਲ ਗਾਂਧੀ ਨਗਰ ਅਤੇ ਸਮੁੱਚੇ ਭਵਾਨੀਗੜ੍ਹ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।