ਫ਼ਰਜ਼ੀ ਵੀਡੀਓ ਤੇ ਝੂਠਾ ਪ੍ਰਚਾਰ ਮੈਨੂੰ ਪੰਜਾਬ ਲਈ ਕੰਮ ਕਰਨ ਤੋਂ ਨਹੀਂ ਰੋਕ ਸਕਦਾ : ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ
Publish Date: Thu, 25 Jun 2026 09:15 PM (IST)
Updated Date: Fri, 26 Jun 2026 04:13 AM (IST)

: ਕਾਂਗਰਸ, ਭਾਜਪਾ ਤੇ ਅਕਾਲੀ ਦਲ ਪੰਜਾਬ ਦੀ ਤਰੱਕੀ ਖ਼ਿਲਾਫ਼ ਇੱਕਜੁੱਟ ਹੋਏ ਕਿਉਂਕਿ ਉਹ ਲੋਕਾਂ ਦਾ ਪਿਆਰ ਬਰਦਾਸ਼ਤ ਨਹੀਂ ਕਰ ਸਕਦੇ : ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਪਿੰਡ ਝਲੂਰ ਅਮਰਾ ਪੱਤੀ ਧਰਮਸ਼ਾਲਾ ਸਾਹਮਣੇ ਸੱਥ ’ਚ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ’ਚ ਹੋਏ ਭਰਵੇਂ ਇਕੱਠ ਨਾਲ ਲੋਕ ਮਿਲਣੀ ਕਰਦਿਆਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇਹ ਤਿੰਨੋਂ ਪਾਰਟੀਆਂ ਪੰਜਾਬ ਦੀ ਬੇਮਿਸਾਲ ਤਰੱਕੀ ਦੇ ਖ਼ਿਲਾਫ਼ ਇੱਕਜੁੱਟ ਹੋ ਗਈਆਂ ਹਨ, ਕਿਉਂਕਿ ਉਹ ਆਪ ਦੀ ਅਗਵਾਈ ਵਾਲੀ ਸਰਕਾਰ ਨੂੰ ਮਿਲ ਰਹੇ ਭਰਵੇਂ ਜਨਤਕ ਸਮਰਥਨ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀਆਂ। ਬਰਨਾਲਾ ਵਿਖੇ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀਆਂ ਹਨ ਕਿਉਂਕਿ ਉਹ ਸੂਬੇ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਅਤੇ ਉਨ੍ਹਾਂ ਨੇ ਮੈਨੂੰ ਬਦਨਾਮ ਕਰਨ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਧਰਮ ਦੇ ਨਾਂ ਤੇ ਫ਼ਰਜ਼ੀ ਵੀਡੀਓ ਅਤੇ ਝੂਠੇ ਪ੍ਰਚਾਰ ਦਾ ਸਹਾਰਾ ਲਿਆ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਲੋਕ-ਪੱਖੀ ਫੈਸਲਿਆਂ ਦੀ ਸੂਚੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਲੀਹੋਂ ਲਾਹੁਣ ਦੀਆਂ ਬਾਰ-ਬਾਰ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦਾ ਪੂਰਾ ਧਿਆਨ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਤੇ ਕੇਂਦਰਿਤ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਭਰ ਦੀਆਂ ਔਰਤਾਂ ਨੂੰ ਪਹਿਲੀ ਜੁਲਾਈ ਤੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਵਿੱਤੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਪਿੰਡਾਂ ਵਿੱਚ ਹਾਈ-ਟੈਨਸ਼ਨ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ ਦੇ ਦੇਸ਼ ਦੇ ਪਹਿਲੇ ਪ੍ਰਾਜੈਕਟ ਦੀ ਸ਼ੁਰੂਆਤ ਬਾਰੇ ਦੱਸਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਸਾਜ਼ਿਸ਼ ਜਾਂ ਬਦਨਾਮੀ ਦੀ ਮੁਹਿੰਮ ਉਨ੍ਹਾਂ ਨੂੰ ਲੋਕਾਂ ਲਈ ਕੰਮ ਕਰਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਤੋਂ ਨਹੀਂ ਰੋਕ ਸਕਦੀ। ਲੋਕ ਮਿਲਣੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਮ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਲਈ ਕਈ ਇਤਿਹਾਸਕ ਫੈਸਲੇ ਲਏ ਹਨ। : 5 ਦਿਨਾਂ ਤੱਕ ਔਰਤਾਂ ਦੇ ਖਾਤਿਆਂ ’ਚ ਪੈ ਜਾਣਗੇ ਪੈਸੇ ਹੀ ਪੈਸੇ: ਮਾਨ ਸੱਥ ਤੋਂ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜ ਦਿਨਾਂ ਬਾਅਦ ਯਾਨੀ ਪਹਿਲੀ ਜੁਲਾਈ ਤੋਂ ਪੰਜਾਬ ਭਰ ਦੀਆਂ ਔਰਤਾਂ ਨੂੰ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਵਿੱਤੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ, “18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਸਬੰਧੀ ਉਨ੍ਹਾਂ ਦੇ ਮੋਬਾਈਲ ਫੋਨਾਂ ਤੇ ਮੈਸੇਜ ਮਿਲਣਗੇ। ਪੰਜਾਬ ਦੀ ਹਰ ਔਰਤ ਨੂੰ 1,000 ਰੁਪਏ, ਜਦੋਂ ਕਿ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਮਿਲਣਗੇ। ਇਹ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਲਗਭਗ 97 ਫ਼ੀਸਦੀ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਦੀ ਉਮੀਦ ਹੈ ਅਤੇ ਪੰਜਾਬ ਸਰਕਾਰ ਨੇ ਇਸ ਨੂੰ ਲਾਗੂ ਕਰਨ ਲਈ ਬਜਟ ਵਿੱਚ 9,300 ਕਰੋੜ ਰੁਪਏ ਰੱਖੇ ਹਨ। : ਤੁਸੀ ਅਗਲੀ ਸਰਕਾਰ ਬਣਾਓ ਮੈ ਪਿੰਡਾਂ ’ਚੋਂ ਬਿਜਲੀ ਦੇ ਖੰਬੇ ਤੇ ਤਾਰਾਂ ਦਾ ਜਾਲ ਕਰਾਂਗਾ ਖਤਮ: ਮਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਪ ਸਰਕਾਰ ਨੇ ਹਾਈ-ਟੈਨਸ਼ਨ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦਾ ਦੇਸ਼ ਦਾ ਪਹਿਲਾ ਅਹਿਮ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜਿਸ ਦੀ ਸ਼ੁਰੂਆਤ ਉਨ੍ਹਾਂ ਦੇ ਆਪਣੇ ਪਿੰਡ ਤੋਂ ਇੱਕ ਪਾਇਲਟ ਪ੍ਰਾਜੈਕਟ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ, ਇਹ ਇਤਿਹਾਸਕ ਪ੍ਰਾਜੈਕਟ ਪਿੰਡਾਂ ਨੂੰ ਸਿਰਾਂ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਅਤੇ ਫਾਲਤੂ ਖੰਭਿਆਂ ਦੇ ਜਾਲ ਤੋਂ ਮੁਕਤ ਕਰੇਗਾ। ਬਿਜਲੀ ਦੇ ਖੰਭੇ ਅਤੇ ਉੱਪਰਲੀਆਂ ਤਾਰਾਂ ਲੋਕਾਂ, ਪਸ਼ੂਆਂ ਅਤੇ ਖਾਸ ਕਰ ਕੇ ਬੱਚਿਆਂ ਲਈ ਕਰੰਟ ਲੱਗਣ ਦਾ ਲਗਾਤਾਰ ਖ਼ਤਰਾ ਬਣੀਆਂ ਰਹਿੰਦੀਆਂ ਹਨ। ਜਦੋਂ ਟਰੈਕਟਰ, ਕੰਬਾਈਨਾਂ ਅਤੇ ਹੋਰ ਵਾਹਨ ਇਨ੍ਹਾਂ ਤਾਰਾਂ ਦੀ ਲਪੇਟ ਵਿੱਚ ਆਉਂਦੇ ਹਨ ਤਾਂ ਅਕਸਰ ਹਾਦਸੇ ਵਾਪਰਦੇ ਹਨ। ਉਨ੍ਹਾਂ ਅੱਗੇ ਕਿਹਾ, ਫਸਲਾਂ ਨੂੰ ਲੱਗਣ ਵਾਲੀ ਅੱਗ ਕਾਰਨ ਵੀ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ, ਜਦੋਂ ਕਿ ਮੀਂਹ, ਹਨੇਰੀ ਅਤੇ ਤੇਜ਼ ਹਵਾਵਾਂ ਕਾਰਨ ਖੰਭੇ ਅਤੇ ਤਾਰਾਂ ਟੁੱਟ ਜਾਂਦੀਆਂ ਹਨ, ਜਿਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਅਤੇ ਪਾਵਰ ਕਾਰਪੋਰੇਸ਼ਨ ਨੂੰ ਵਿੱਤੀ ਨੁਕਸਾਨ ਹੁੰਦਾ ਹੈ। ਇਹ ਪ੍ਰਾਜੈਕਟ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਪੱਕੀ ਰਾਹਤ ਦੇਵੇਗਾ ਅਤੇ ਪਿੰਡਾਂ ਵਿੱਚ ਜੀਵਨ ਪੱਧਰ ਨੂੰ ਬਿਹਤਰ ਬਣਾਏਗਾ। ਸਰਕਾਰੀ ਖ਼ਜ਼ਾਨੇ ਦੀ ਇੱਕ-ਇੱਕ ਪਾਈ ਲੋਕਾਂ ਦੀ ਭਲਾਈ ਲਈ ਸਮਝਦਾਰੀ ਨਾਲ ਖ਼ਰਚੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ 90 ਫ਼ੀਸਦੀ ਤੋਂ ਵੱਧ ਘਰਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ। ਉਨ੍ਹਾਂ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਭਰ ਵਿੱਚ 14,000 ਕਿਲੋਮੀਟਰ ਪਾਈਪਲਾਈਨਾਂ ਅਤੇ ਖਾਲੇ ਬਣਾਏ ਹਨ ਤਾਂ ਜੋ ਪੰਜਾਬ ਦੇ ਹਰ ਕੋਨੇ ਵਿੱਚ ਕਿਸਾਨਾਂ ਤੱਕ ਸਿੰਚਾਈ ਦੀਆਂ ਸਹੂਲਤਾਂ ਪਹੁੰਚ ਸਕਣ। ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਪਾਈਪਲਾਈਨਾਂ ਅਤੇ ਖਾਲਿਆਂ ਰਾਹੀਂ ਲਗਪਗ 21,000 ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਨਾਲ ਕਿਸਾਨਾਂ ਦੀਆਂ ਸਿੰਚਾਈ ਲੋੜਾਂ ਪੂਰੀਆਂ ਕਰ ਕੇ ਉਨ੍ਹਾਂ ਨੂੰ ਵੱਡਾ ਫਾਇਦਾ ਹੋਵੇਗਾ। ਨਹਿਰਾਂ ਅਤੇ ਨਦੀਆਂ ਵਿੱਚ ਰੀਚਾਰਜ ਪੁਆਇੰਟ ਬਣਾਏ ਗਏ ਹਨ, ਜਿਸ ਦੇ ਨਤੀਜੇ ਵਜੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਦੋ ਤੋਂ ਚਾਰ ਮੀਟਰ ਤੱਕ ਵਧਿਆ ਹੈ। : ਅਕਾਲੀ ਦਲ ਬਣਿਆ ਨਣਦ ਭਰਜਾਈ ਪਾਰਟੀ: ਮੁੱਖ ਮੰਤਰੀ ਸ੍ਰੋਮਣੀ ਅਕਾਲੀ ਦਲ ਹੁਣ ਨਣਦ ਭਰਜਾਈ ਦੀ ਪਾਰਟੀ ਬਣ ਕੇ ਰਹਿ ਗਿਆ ਹੈ, ਜਿੱਥੇ ਇੱਕ ਨਣਦ ਐਮ.ਪੀ. ਤੇ ਦੂਜੀ ਭਰਜਾਈ ਐਮ.ਐਲ.ਏ. ਹੈ। ਸੁਖਬੀਰ ਬਾਦਲ 2022 ਦੀ ਚੋਣ ਹਾਰ ਤੋਂ ਬਾਅਦ ਅਜੇ ਵੀ ਸਦਮੇ ਵਿੱਚ ਹਨ। ਉਨ੍ਹਾਂ ਅੱਗੇ ਕਿਹਾ, ਜਦੋਂ ਮੇਰੇ ਵਿਰੋਧੀ ਸਿਆਸੀ ਤੌਰ ਤੇ ਮੇਰਾ ਮੁਕਾਬਲਾ ਕਰਨ ਵਿੱਚ ਅਸਫ਼ਲ ਰਹਿੰਦੇ ਹਨ, ਤਾਂ ਉਹ ਮੈਨੂੰ ਧਾਰਮਿਕ ਅਧਾਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਉਂਕਿ ਮੈਂ ਉਨ੍ਹਾਂ ਲਈ ਇੱਕ ਡਰਾਉਣਾ ਸੁਪਨਾ ਬਣ ਗਿਆ ਹਾਂ, ਇਸ ਲਈ ਉਨ੍ਹਾਂ ਨੇ ਹੁਣ ਮੈਨੂੰ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਚੁਣਿਆ ਹੈ। ਉਹ ਰੋਜ਼ਾਨਾ ਫ਼ਰਜ਼ੀ ਵੀਡੀਓ ਬਣਾਉਂਦੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਵਾਇਰਲ ਕਰਦੇ ਹਨ। ਮੁੱਖ ਮੰਤਰੀ ਨੇ ਸਾਫ਼ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਉਨ੍ਹਾਂ ਨੂੰ ਰੋਕ ਨਹੀਂ ਸਕਣਗੀਆਂ। ਉਨ੍ਹਾਂ ਭਰੋਸਾ ਦਿੱਤਾ, “ਮੈਂ ਬਿਜਲੀ, ਪਾਣੀ, ਸੜਕਾਂ, ਪਿੰਡਾਂ ਦੇ ਛੱਪੜਾਂ, ਆਮ ਆਦਮੀ ਕਲੀਨਿਕਾਂ, ਹਸਪਤਾਲਾਂ ਅਤੇ ਰੋਜ਼ਗਾਰ ਦੇ ਮੌਕਿਆਂ ਲਈ ਕੰਮ ਕਰਨਾ ਜਾਰੀ ਰੱਖਾਂਗਾ।” ਹਾਲੀਆ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ਉਹ ਇੱਕ ਤੋਂ ਬਾਅਦ ਇੱਕ ਦੋਸ਼ ਲਾ ਕੇ ਮੈਨੂੰ ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਦੇ ਬਾਹਰ ਮੇਰੇ ਬਾਈਕਾਟ ਦੇ ਪੋਸਟਰ ਲਗਾਉਣ ਦੇ ਹੁਕਮ ਦਿੱਤੇ ਹਨ। ਪਰ ਅਜਿਹੇ ਪੋਸਟਰ ਅਕਾਲੀ ਦਲ ਜਾਂ ਸੁਖਬੀਰ ਬਾਦਲ ਖ਼ਿਲਾਫ਼ ਕਿਉਂ ਨਹੀਂ ਲਗਾਏ ਗਏ, ਜਦੋਂ ਉਨ੍ਹਾਂ ਨੇ ਖ਼ੁਦ ਬੇਅਦਬੀ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਕਬੂਲੀ ਸੀ?। ਉਨ੍ਹਾਂ ਅੱਗੇ ਕਿਹਾ, 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੁਖਬੀਰ ਬਾਦਲ ਨੇ ਆਪਣੀਆਂ ਗਲਤੀਆਂ ਸਵੀਕਾਰ ਕੀਤੀਆਂ, ਗਲਤ ਕੰਮਾਂ ਨੂੰ ਮੰਨਿਆ, ਗੋਲੀਕਾਂਡ ਦੀ ਜ਼ਿੰਮੇਵਾਰੀ ਲਈ ਅਤੇ ਮੰਨਿਆ ਕਿ ਸੰਗਤ ਖ਼ਿਲਾਫ਼ ਹੁਕਮ ਜਾਰੀ ਕੀਤੇ ਗਏ ਸਨ। ਕੀ ਕਿਸੇ ਨੇ ਉਨ੍ਹਾਂ ਖ਼ਿਲਾਫ਼ ਗੁਰਦੁਆਰਿਆਂ ਦੇ ਬਾਹਰ ਬਾਈਕਾਟ ਦੇ ਪੋਸਟਰ ਲਗਾਏ? ਮੁੱਖ ਮੰਤਰੀ ਨੇ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ, ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ। ਉਨ੍ਹਾਂ ਕਿਹਾ, “ਜਦੋਂ ਮੈਂ ਪਿੰਡਾਂ, ਜਨਤਕ ਇਕੱਠਾਂ ਤੇ ਰੈਲੀਆਂ ਵਿੱਚ ਜਾਂਦਾ ਹਾਂ ਤਾਂ ਭਾਰੀ ਇਕੱਠ ਹੁੰਦਾ ਹੈ। : ਝਲੂਰ ਦੀ ਪੰਚਾਇਤ ਨੂੰ ਮੁੱਖ ਮੰਤਰੀ ਨੇ ਦਿੱਤਾ 51 ਲੱਖ ਰੁਪਏ ਦਾ ਚੈੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਝਲੂਰ ਪਿੰਡ ਪੁੱਜਦਿਆਂ ਜਿੱਥੇ ਪਹਿਲਾਂ ਸੰਤਾਂ ਦੀ ਕੁਟੀਆਂ ’ਚ ਨਤਮਸ਼ਕ ਹੋਏ, ਉਸ ਉਪਰੰਤ ਬਰਨਾਲਾ ਝਲੂਰ ਰੋਡ ’ਤੇ ਨਹਿਰੀ ਪਾਣੀ ਦੇ ਮੋਘੇ ਦਾ ਉਦਘਾਟਨ ਕਰਨ ਉਪਰੰਤ ਜਿਉਂ ਹੀ ਝਲੂਰ ਪਿੰਡ ਦੀ ਸੱਥ ’ਤੇ ਸਜੇ ਮੰਚ ’ਤੇ ਗਏ ਤਾਂ ਪਿੰਡਦੀ ਪੰਚਾਇਤ ਵਲੋ. ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ’ਚ ਹਲਕਾ ਇੰਚਾਰਜ਼ ਹਰਿੰਦਰ ਸਿੰਘ ਧਾਲੀਵਾਲ, ਹਲਕਾ ਮਹਿਲ ਕਲਾਂ ਦੇ ਵਿਧਾਇਕ ਤੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਨਗਰ ਨਿਗਮ ਬਰਨਾਲਾ ਦੇ ਪਹਿਲੇ ਬਣੇ ਮੇਅਰ ਹਸਨਪ੍ਰੀਤ ਭਾਰਦਵਾਜ, ਈਸਵਿੰਦਰ ਸਿੰਘ ਜੰਡੂ, ਸਰਪੰਚ ਲਾਡੀ ਝਲੂਰ ਦੀ ਪੰਚਾਇਤੀ ਤੇ ਆਪ ਆਗੂਆਂ ਤੇ ਵਰਕਰਾਂ ਨੇ ਮੁੱਖ ਮੰਤਰੀ ਦਾ ਸਨਮਾਨ ਕੀਤਾ ਤਾਂ ਮੁੱਖ ਮੰਤਰੀ ਵਲੋਂ ਵੀ ਪਿੰਡ ਦੇ ਵਿਕਾਸ ਲਈ 51 ਲੱਖ ਰੁਪਏ ਦਾ ਚੈੱਕ ਜਾਰੀ ਕੀਤਾ ਗਿਆ। ਇਸ ਮੌਕੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਆਦਿ ਵੀ ਹਾਜ਼ਰ ਸਨ।