ਹਨੀ ਟਰੈਪ ’ਚ ਫਸਾ ਕੇ ਵਿਅਕਤੀ ਤੋਂ ਲੱਖਾਂ ਰੁਪਏ ਲੁੱਟੇ, ਕੀਤੀ ਕੁੱਟਮਾਰ
ਹਨੀ ਟਰੈਪ ’ਚ ਫਸਾ ਕੇ ਵਿਅਕਤੀ ਤੋਂ ਲੱਖਾਂ ਲੁੱਟੇ, ਕੀਤੀ ਮਾਰਕੁੱਟ
Publish Date: Wed, 24 Jun 2026 05:14 PM (IST)
Updated Date: Wed, 24 Jun 2026 05:16 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਸਥਾਨਕ ਪੁਲਿਸ ਵੱਲੋਂ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਹਨੀ ਟਰੈਪ ਵਿੱਚ ਫਸਾਉਂਦਿਆਂ ਕੁੱਟਮਾਰ ਕਰ ਕੇ ਲੱਖਾਂ ਰੁਪਏ ਵਸੂਲਣ ਦੇ ਦੋਸ਼ਾਂ ਹੇਠ ਮਾਂ-ਧੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਲਹਿਰਾ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਪਾਲ ਸਿੰਘ ਪੁੱਤਰ ਸ਼ਿਆਮ ਲਾਲ ਵਾਸੀ ਲਹਿਲ ਕਲਾਂ ਨੇ ਪੁਲਿਸ ਕੋਲ ਦਿੱਤੇ ਬਿਆਨਾਂ ਵਿੱਚ ਦੋਸ਼ ਲਾਇਆ ਕਿ ਜਸਵੀਰ ਕੌਰ ਪਤਨੀ ਗੁਰਤੇਜ ਸਿੰਘ ਵਾਸੀ ਲਹਿਲ ਕਲਾਂ ਦੀ ਧੀ ਗੁਰਪ੍ਰੀਤ ਕੌਰ, ਜੋ ਪਿੰਡ ਢਡਿਆਲ ਵਿਖੇ ਵਿਆਹੀ ਹੋਈ ਹੈ, ਦਾ ਆਪਣੇ ਪਤੀ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਹਰਪਾਲ ਸਿੰਘ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਸ਼ਿਕਾਇਤਕਰਤਾ ਮੁਤਾਬਿਕ ਗੁਰਪ੍ਰੀਤ ਕੌਰ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦੀ ਸੀ ਅਤੇ ਕੱਪੜੇ ਦੇ ਕੰਮ ਦੇ ਬਹਾਨੇ ਉਸ ਤੋਂ ਅਕਸਰ ਪੈਸਿਆਂ ਦੀ ਮੰਗ ਕਰਦੀ ਸੀ। ਉਸ ਨੇ ਪਹਿਲਾਂ ਵੀ ਹਰਪਾਲ ਸਿੰਘ ਤੋਂ ਕੁਝ ਰਕਮ ਲਈ ਹੋਈ ਸੀ। ਹਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 17 ਮਾਰਚ 2025 ਨੂੰ ਗੁਰਪ੍ਰੀਤ ਕੌਰ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਕਿਹਾ ਕਿ ਉਸ ਦੀ ਮਾਤਾ ਜਸਵੀਰ ਕੌਰ ਵੀ ਉੱਥੇ ਮੌਜੂਦ ਹੈ। ਜਦੋਂ ਉਹ ਆਪਣੀ ਗੱਡੀ ਰਾਹੀਂ ਉੱਥੇ ਪਹੁੰਚਿਆ ਤਾਂ ਮਾਂ-ਧੀ ਨੇ ਉਸ ਨੂੰ ਬੈੱਡਰੂਮ ਵਿੱਚ ਲੈ ਜਾ ਕੇ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਵੀ ਉਤਾਰ ਦਿੱਤੀ। ਇਸ ਦੌਰਾਨ ਉਸ ਦੀ ਵੀਡੀਓ ਬਣਾ ਲਈ ਅਤੇ ਬਾਅਦ ਵਿੱਚ ਉਸ ਨੂੰ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕੀਤਾ ਜਾਣ ਲੱਗਾ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਮਾਂ-ਧੀ ਨੇ ਡਰਾ-ਧਮਕਾ ਕੇ ਉਸ ਤੋਂ ਹੁਣ ਤੱਕ 2 ਲੱਖ 12 ਹਜ਼ਾਰ 500 ਰੁਪਏ ਵਸੂਲ ਕਰ ਲਏ ਹਨ ਅਤੇ ਹੋਰ ਪੈਸਿਆਂ ਦੀ ਮੰਗ ਕਰਦਿਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਹਰਪਾਲ ਸਿੰਘ ਨੂੰ ਇਸ ਮਾਮਲੇ ਦੀ ਜਾਣਕਾਰੀ ਉਸ ਵੇਲੇ ਮਿਲੀ, ਜਦੋਂ ਉਸ ਦੇ ਇੱਕ ਦੋਸਤ ਨੇ ਦੱਸਿਆ ਕਿ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਗਈ ਹੈ। ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਜਸਵੀਰ ਕੌਰ ਅਤੇ ਗੁਰਪ੍ਰੀਤ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮਾਂ-ਧੀ ਨੂੰ ਕਾਬੂ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।