- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਖ਼ਮੀ ਅਨਿਲ ਪ੍ਰਸਾਦ ਨੇ ਪੁਲਿਸ ਨੂੰ ਦੱਸਿਆ ਕਿ ਰੱਖੜੀ ਵਾਲੇ ਦਿਨ ਸ਼ਾਮ ਕਰੀਬ ਸੱਤ ਵਜੇ ਕੁਝ ਨੌਜਵਾਨ ਗਲੀ ਵਿੱਚ ਗਾਲੀ-ਗਲੋਚ ਕਰ ਰਹੇ ਸਨ। ਰੌਲਾ ਸੁਣ ਕੇ ਉਹ ਬਾਹਰ ਆਏ ਤਾਂ ਨੌਜਵਾਨ ਬੱਚਿਆਂ ਅਤੇ ਮੁਹੱਲਾ ਵਾਸੀਆਂ ਨੂੰ ਧਮਕੀਆਂ ਦੇ ਰਹੇ ਸਨ ਕਿ ਉਨ੍ਹਾਂ ਨੂੰ ਗਲੀ ਵਿੱਚ ਤੇਜ਼ ਰਫ਼ਤਾਰ ਮੋਟਰਸਾਈਕਲ ਚਲਾਉਣ ਤੋਂ ਰੋਕਣ ਵਾਲੇ ਉਹ ਕੌਣ ਹੁੰਦੇ ਹਨ। ਅਨਿਲ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਰਨ ’ਤੇ ਮੁਲਜ਼ਮਾਂ ਨੇ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ।

ਸੰਵਾਦ ਸੂਤਰ, ਪੰਜਾਬੀ ਜਾਗਰਣ, ਮਾਲੇਰਕੋਟਲਾ: ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਗੋਬਿੰਦ ਨਗਰ ਦੀਆਂ ਗਲੀਆਂ ਵਿੱਚ ਤੇਜ਼ ਰਫ਼ਤਾਰ ਮੋਟਰਸਾਈਕਲ ਚਲਾਉਣ ਤੋਂ ਰੋਕਣ ’ਤੇ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਇਕ ਪਰਿਵਾਰ ’ਤੇ ਹਮਲਾ ਕਰ ਦਿੱਤਾ। ਸ਼ੁੱਕਰਵਾਰ ਰਾਤ ਵਾਪਰੀ ਇਸ ਘਟਨਾ ਵਿੱਚ ਹਥਿਆਰਬੰਦ ਨੌਜਵਾਨਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਬੱਚਿਆਂ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਹਮਲੇ ਵਿੱਚ 17 ਸਾਲਾ ਆਕਾਸ਼ ਕੁਮਾਰ ਦੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਸੰਦੀਪ ਪ੍ਰਸਾਦ, ਚਾਚੇ ਅਨਿਲ ਪ੍ਰਸਾਦ, ਰੋਹਿਤ ਕੁਮਾਰ ਅਤੇ ਗੁਆਂਢੀ ਇਮਰਾਨ ਜ਼ਖ਼ਮੀ ਹੋ ਗਏ। ਇਮਰਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ ਹੈ।
ਜ਼ਖ਼ਮੀ ਅਨਿਲ ਪ੍ਰਸਾਦ ਨੇ ਪੁਲਿਸ ਨੂੰ ਦੱਸਿਆ ਕਿ ਰੱਖੜੀ ਵਾਲੇ ਦਿਨ ਸ਼ਾਮ ਕਰੀਬ ਸੱਤ ਵਜੇ ਕੁਝ ਨੌਜਵਾਨ ਗਲੀ ਵਿੱਚ ਗਾਲੀ-ਗਲੋਚ ਕਰ ਰਹੇ ਸਨ। ਰੌਲਾ ਸੁਣ ਕੇ ਉਹ ਬਾਹਰ ਆਏ ਤਾਂ ਨੌਜਵਾਨ ਬੱਚਿਆਂ ਅਤੇ ਮੁਹੱਲਾ ਵਾਸੀਆਂ ਨੂੰ ਧਮਕੀਆਂ ਦੇ ਰਹੇ ਸਨ ਕਿ ਉਨ੍ਹਾਂ ਨੂੰ ਗਲੀ ਵਿੱਚ ਤੇਜ਼ ਰਫ਼ਤਾਰ ਮੋਟਰਸਾਈਕਲ ਚਲਾਉਣ ਤੋਂ ਰੋਕਣ ਵਾਲੇ ਉਹ ਕੌਣ ਹੁੰਦੇ ਹਨ। ਅਨਿਲ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਰਨ ’ਤੇ ਮੁਲਜ਼ਮਾਂ ਨੇ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ।
ਦੋਸ਼ ਹੈ ਕਿ ਸੁਰਿੰਦਰ ਕੁਮਾਰ ਨੇ ਅਨਿਲ ਦੇ ਮੋਢੇ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ। ਇਸ ਤੋਂ ਬਾਅਦ ਕੁਲਦੀਪ ਸਿੰਘ ਨੇ 17 ਸਾਲਾ ਆਕਾਸ਼ ਨੂੰ ਜ਼ਮੀਨ ’ਤੇ ਸੁੱਟ ਕੇ ਉਸ ਦੇ ਪੇਟ, ਗਰਦਨ ਅਤੇ ਪਿੱਠ ’ਤੇ ਕਿਰਚ ਨਾਲ ਕਈ ਵਾਰ ਕੀਤੇ। ਇਸ ਦੌਰਾਨ ਆਕਾਸ਼ ਗੰਭੀਰ ਜ਼ਖ਼ਮੀ ਹੋ ਗਿਆ। ਰੌਲਾ ਸੁਣ ਕੇ ਸੰਦੀਪ ਪ੍ਰਸਾਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਛੁਡਾਉਣ ਲਈ ਆਇਆ ਤਾਂ ਪਵਨ ਕੁਮਾਰ ਨੇ ਉਸ ਦੇ ਸਿਰ ’ਤੇ ਇੱਟ ਨਾਲ ਹਮਲਾ ਕਰ ਦਿੱਤਾ।
ਅਨਿਲ ਅਨੁਸਾਰ ਹਮਲਾਵਰ ਇਸ ਤੋਂ ਬਾਅਦ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਦੇ ਦੂਜੇ ਭਤੀਜੇ ਰੋਹਿਤ ਕੁਮਾਰ ਨੂੰ ਘੇਰ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਗੁਆਂਢੀ ਇਮਰਾਨ ਨੂੰ ਵੀ ਹਮਲਾਵਰਾਂ ਨੇ ਨਹੀਂ ਬਖ਼ਸ਼ਿਆ ਅਤੇ ਉਸ ’ਤੇ ਵੀ ਹਮਲਾ ਕੀਤਾ। ਵਾਰਦਾਤ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਗੰਭੀਰ ਜ਼ਖ਼ਮੀ ਆਕਾਸ਼ ਦੀ ਬਾਅਦ ਵਿੱਚ ਮੌਤ ਹੋ ਗਈ।
ਥਾਣਾ ਸਿਟੀ-1 ਦੇ ਐੱਸਐੱਚਓ ਸਬ-ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੁਰਿੰਦਰ ਕੁਮਾਰ, ਕੁਲਦੀਪ ਸਿੰਘ, ਪਵਨ ਕੁਮਾਰ, ਸੋਨੀ ਵਾਸੀ ਰਵਿਦਾਸ ਨਗਰ, ਹਮਜ਼ਾ, ਸਾਹਿਲ ਉਰਫ਼ ਕੱਦੂ ਵਾਸੀ ਸਰੌਂਦ ਚੌਕ ਅਤੇ ਸ਼ੂਟਰ ਵਾਸੀ ਕੋਲੇ ਮਾਲੇਰਕੋਟਲਾ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।