- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਡਾਕਟਰਜ਼ ਡੇਅ ’ਤੇ ਸੀਏ ਡੇਅ ਮੌਕੇ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਂਟਸ ਦਾ ਸ਼ਾਨਦਾਰ ਸਨਮਾਨ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਟੰਡਨ ਇੰਟਰਨੈਸ਼ਨਲ ਸਕੂਲ, ਬਰਨਾਲਾ ਵਿਖੇ ਰਾਸ਼ਟਰੀ ਡਾਕਟਰਜ਼ ਡੇਅ ਅਤੇ ਸੀਏ ਡੇਅ ਦੇ ਮੌਕੇ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਮਾਜ ਨੂੰ ਸਿਹਤ ਸੇਵਾਵਾਂ ਅਤੇ ਵਿੱਤੀ ਖੇਤਰ ’ਚ ਵਿਲੱਖਣ ਯੋਗਦਾਨ ਪਾਉਣ ਵਾਲੇ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਂਟਸ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਡਾ. ਪਿਨਾਕ ਮੌਦਗਿਲ, ਸੀਈਓ ਜੇ.ਆਈ.ਐਸ. ਹੈਲਥਕੇਅਰ ਅਤੇ ਚੇਅਰਮੈਨ ਐੱਸਡੀ ਸਭਾ (ਰਜਿ.) ਬਰਨਾਲਾ ਤੇ ਹਸਨਪ੍ਰੀਤ ਭਾਰਦਵਾਜ, ਮੇਅਰ, ਨਗਰ ਨਿਗਮ ਬਰਨਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਪ੍ਰਿਯੰਕਾ ਸ਼ਰਮਾ, ਡਾਇਰੈਕਟਰ, ਦੂਨ ਇੰਸਟੀਚਿਊਟ, ਬਰਨਾਲਾ ਅਤੇ ਲਾਇਨ ਮਨਜੀਤ ਕਾਂਸਲ, ਰੀਜਨ ਚੇਅਰਪਰਸਨ, ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਆਪਣੇ ਸੰਬੋਧਨ ਦੌਰਾਨ ਡਾ. ਪਿਨਾਕ ਮੌਦਗਿਲ ਨੇ ਕਿਹਾ ਕਿ ਡਾਕਟਰ ਮਨੁੱਖਤਾ ਦੀ ਸੇਵਾ ਦਾ ਸਰਵੋਤਮ ਉਦਾਹਰਨ ਹਨ। ਉਹ ਆਪਣੀ ਸੇਵਾ, ਮਿਹਨਤ ਅਤੇ ਸਮਰਪਣ ਨਾਲ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਚਾਰਟਰਡ ਅਕਾਊਂਟੈਂਟ ਵੀ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਅਤੇ ਪਾਰਦਰਸ਼ੀ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤੇ ਅਜਿਹੇ ਪੇਸ਼ੇਵਰਾਂ ਦਾ ਸਨਮਾਨ ਕਰਨਾ ਸਮਾਜ ਦੀ ਨੈਤਿਕ ਜ਼ਿੰਮੇਵਾਰੀ ਹੈ। ਮੇਅਰ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਸਮਾਜ ਦੇ ਅਸਲ ਨਾਇਕਾਂ ਨੂੰ ਸਨਮਾਨਿਤ ਕਰਨ ਦੀ ਇਹ ਪਹਿਲ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ’ਚ ਸੇਵਾ, ਸਮਰਪਣ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ ਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣਦੇ ਹਨ। ਸ਼ਿਵ ਸਿੰਗਲਾ, ਪ੍ਰਧਾਨ, ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਨੇ ਕਿਹਾ ਕਿ ਡਾਕਟਰ ਤੇ ਚਾਰਟਰਡ ਅਕਾਊਂਟੈਂਟ ਸਮਾਜ ਦੇ ਦੋ ਮਜ਼ਬੂਤ ਥੰਮ੍ਹ ਹਨ। ਇੱਕ ਮਨੁੱਖੀ ਜੀਵਨ ਦੀ ਰੱਖਿਆ ਕਰਦਾ ਹੈ ਤੇ ਦੂਜਾ ਦੇਸ਼ ਦੀ ਆਰਥਿਕ ਵਿਵਸਥਾ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੇ ਸਮੂਹ ਮੈਂਬਰਾਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਸਮਾਗਮ ਨੂੰ ਸਫ਼ਲ ਬਣਾਇਆ। ਅੰਤ ’ਚ ਲਾਇਨ ਸ਼ਿਵ ਸਿੰਗਲਾ ਨੇ ਸਮੂਹ ਮਹਿਮਾਨਾਂ, ਸਨਮਾਨਿਤ ਡਾਕਟਰਾਂ, ਚਾਰਟਰਡ ਅਕਾਊਂਟੈਂਟਸ ਤੇ ਹਾਜ਼ਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਟੰਡਨ ਇੰਟਰਨੈਸ਼ਨਲ ਸਕੂਲ, ਬਰਨਾਲਾ ਦੇ ਪ੍ਰਬੰਧਕਾਂ ਅਤੇ ਸਮੁੱਚੀ ਟੀਮ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ, ਨਿੱਘੇ ਸਹਿਯੋਗ ਤੇ ਸ਼ਾਨਦਾਰ ਪ੍ਰਾਹੁਣਚਾਰੀ ਲਈ ਵਿਸ਼ੇਸ਼ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਭਵਿੱਖ ’ਚ ਵੀ ਸਿਹਤ, ਸਿੱਖਿਆ, ਵਾਤਾਵਰਣ ਸੰਭਾਲ, ਗਊ ਸੇਵਾ ਤੇ ਸਮਾਜ ਸੇਵਾ ਨਾਲ ਸਬੰਧਤ ਲੋਕ-ਭਲਾਈ ਦੇ ਪ੍ਰੋਜੈਕਟ ਪੂਰੇ ਉਤਸ਼ਾਹ ਨਾਲ ਜਾਰੀ ਰੱਖੇਗਾ।