ਨਾਜਾਇਜ਼ ਕਬਜ਼ੇ ਨੂੰ ਲੈਕੇ ਖੁੱਡੀ ਕਲਾਂ ਦਾ ਸਰਪੰਚ ਸਸਪੈਂਡ ਨਾਜਾਇਜ਼ ਕਬਜ਼ੇ ਨੂੰ ਲੈਕੇ ਖੁੱਡੀ ਕਲਾਂ ਦਾ ਸਰਪੰਚ ਸਸਪੈਂਡ
Publish Date: Tue, 07 Jul 2026 06:25 PM (IST)
Updated Date: Wed, 08 Jul 2026 04:03 AM (IST)
ਸਰਪੰਚ ਨੇ ਕਿਹਾ ਮੈਨੂੰ ਰਾਜਨੀਤਿਕ ਦਬਾਅ ਹੇਠ ਕੀਤਾ ਸਸਪੈਂਡ ਸ਼ਿਕਾਇਤ ਕਰਤਾ ਸਤਨਾਮ ਸਿੰਘ ਨੇ ਕੀਤੀ ਸੀ ਵਿਭਾਗ ਨੂੰ ਕਾਰਵਾਈ ਲਈ ਸ਼ਿਕਾਇਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਪਿੰਡ ਖੁੱਡੀ ਕਲਾਂ ਦੇ ਮੌਜੂਦਾ ਸਰਪੰਚ ਸਿਮਰਜੀਤ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ। ਸਸਪੈਂਡ ਕਰਨ ਦੀ ਕਾਰਵਾਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਰਨਾਲਾ ਦੇ ਹੁਕਮਾਂ ਤਹਿਤ ਕੀਤੀ ਗਈ ਹੈ। ਜਿੱਥੇ ਪਿੰਡ ਖੁੱਡੀ ਕਲਾਂ ਦੇ ਰਹਿਣ ਵਾਲੇ ਸਤਨਾਮ ਸਿੰਘ ਪੁੱਤਰ ਸਰਬਜੀਤ ਸਿੰਘ ਤੋਂ ਮਿਲੀ ਇਕ ਸ਼ਿਕਾਇਤ ਤਹਿਤ ਕਾਰਵਾਈ ਕੀਤੀ ਗਈ ਹੈ। : ਕੀ ਕਹਿੰਦਾ ਹੈ ਸ਼ਿਕਾਇਤ ਕਰਤਾ ਸਤਨਾਮ ਸਿੰਘ ਇਸ ਮਾਮਲੇ ਸਬੰਧੀ ਸ਼ਿਕਾਇਤ ਕਰਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਵੱਲੋਂ ਪੰਚਾਇਤੀ ਜ਼ਮੀਨਾਂ ਉੱਪਰ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦਾ ਸਰਪੰਚ ਨਾਜਾਇਜ਼ ਜ਼ਮੀਨ ਬਹੁਤ ਟਾਈਮ ਤੋਂ ਵਾਹ ਰਿਹਾ ਸੀ, ਜੋ ਧੱਕਾ ਵੀ ਕਰ ਰਿਹਾ। ਸਬੰਧਿਤ ਵਿਭਾਗ ਵੱਲੋਂ ਨਾਜਾਇਜ਼ ਕਬਜ਼ਾ ਹਟਾਇਆ ਗਿਆ। ਇਸ ਤੋਂ ਕੋਟਲਾ-ਲਸਾੜਾ ਡਰੇਣ ਕੋਲ ਵੀ ਘੱਟੋ ਘੱਟ ਇੱਕ ਕਿੱਲੇ ਦੇ ਲਗਭਗ ਜ਼ਮੀਨ ਇਹਦੇ ਵਿੱਚੋਂ ਨਿਕਲੇ ਹੈ। ਅਸੀਂ ਪ੍ਰਸ਼ਾਸਨ ਤੱਕ ਪਹੁੰਚ ਕੀਤੀ, ਪ੍ਰਸ਼ਾਸਨ ਦੇ ਅਸੀਂ ਧਿਆਨ ’ਚ ਲਿਆਂਦਾ ਵੀ, ਸਾਡੇ ਨਾਲ ਸ਼ਰੇਆਮ ਬੰਦਾ ਧੱਕਾ ਕਰ ਰਿਹਾ ਸੀ। ਪਹਿਲਾਂ ਤੋਂ ਹੀ ਸਾਨੂੰ ਖੇਤ ਵੀ ਦਾ ਰਸਤਾ ਨਹੀਂ ਦਿੰਦਾ ਸੀ। ਸਰਕਾਰੀ ਰਾਸਤਾ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਸਾਨੂੰ ਪਰੇਸ਼ਾਨ ਕਰਦਾ ਸੀ। ਇਸ ਲਈ ਸੰਬੰਧਿਤ ਵਿਭਾਗ ਨੂੰ ਕਾਨੂੰਨੀ ਕਾਗਜ਼ਤ ਤਹਿਤ ਸ਼ਿਕਾਇਤ ਕੀਤੀ ਸ਼ਿਕਾਇਤ ਤੋਂ ਬਾਅਦ ਅਸੀਂ ਸਬੰਧਤ ਵਿਭਾਗ ਦੀ ਕਾਰਵਾਈ ਤੋਂ ਸੰਤੁਸ਼ਟ ਹਾਂ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁੜਾਉਣਾ ਬਹੁਤ ਵਧੀਆ ਉਪਰਾਲਾ ਹੈ। :ਕੀ ਕਹਿੰਦੇ ਹਨ ਸਹਾਇਕ ਸੀਨੀਅਰ ਸਹਾਇਕ ਇਸ ਮੌਕੇ ਸਬੰਧਿਤ ਵਿਭਾਗ ਦੇ ਅਧਿਕਾਰੀ ਸੀਨੀਅਰ ਸਹਾਇਕ ਡੀਏ ਮਨਪ੍ਰੀਤ ਸਿੰਘ ਦਿਓਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵੱਲੋ ਹੁਕਮ ਜਾਰੀ ਹੋਏ ਸਨ। ਇਸ ਤਹਿਤ 13-06-26 ਨੂੰ ਮਾਲ ਵਿਭਾਗ, ਕਾਨੂੰਗੋ ਤੇ ਪ੍ਰਸ਼ਾਸਨ ਦੀ ਹਾਜ਼ਰੀ ’ਚ ਇੱਕ ਨਿਸ਼ਾਨਦੇਹੀ ਕੀਤੀ ਗਈ ਸੀ। ਨਿਸ਼ਾਨਦੇਹੀ ’ਚ ਸਰਪੰਚ ਸਿਮਰਜੀਤ ਸਿੰਘ ਮੌਜੂਦਾ ਸਰਪੰਚ 5 ਕਨਾਲ 0 ਮਰਲੇ ਕਾਬਜ਼ ਪਾਇਆ ਗਿਆ ਸੀ। ਜਿਸ ਦੇ ਆਧਾਰ ’ਤੇ ਬੀਡੀਪੀਓ ਬਰਨਾਲਾ ਕੋਲੋਂ ਇੱਕ ਰਿਪੋਰਟ ਅਨੁਸਾਰ ਸਰਪੰਚ ਨਾਜਾਇਜ਼ ਕਾਬਜ਼ ਆਧਾਰ ’ਤੇ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਸਰਪੰਚ ਖ਼ਿਲਾਫ਼ ਨਾਜਾਇਜ਼ ਕਬਜ਼ੇ ਸਬੰਧੀ ਪਿੰਡ ਦੇ ਸਤਨਾਮ ਸਿੰਘ ਵੱਲੋਂ ਵੀ ਸ਼ਿਕਾਇਤ ਮਿਲੀ ਸੀ। ਨਾਜਾਇਜ਼ ਕਬਜ਼ਾ ਕਰਨ ਦੀ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਬੀਡੀਪੀਓ ਬਰਨਾਲਾ ਕੋਲੋਂ ਰਿਪੋਰਟਾਂ ਅਨੁਸਾਰ ਸਰਪੰਚ ਨਾਜਾਇਜ਼ ਕਾਬਜ਼ ਦੇ ਆਧਾਰ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਸੀਨੀਅਰ ਸਹਾਇਕ ਮਨਪ੍ਰੀਤ ਸਿੰਘ ਦਿਓਲ ਨੇ ਕਿਹਾ ਕਿ ਸਰਪੰਚ ਦੀ ਥਾਂ ’ਤੇ ਕਾਨੂੰਨ ਅਨੁਸਾਰ ਇੱਕ ਹਫਤੇ ਵਿੱਚ ਬੀਡੀਪੀਓ ਵੱਲੋਂ ਪੰਚਾਂ ਨਾਲ ਮੀਟਿੰਗ ਤੋਂ ਬਾਅਦ ਪੰਚਾਂ ਵਿੱਚੋਂ ਹੀ ਅਧਿਕਾਰਤ ਪੰਚ ਨੂੰ ਜਿੰਮੇਦਾਰੀ ਦਿੱਤੀ ਜਾਵੇਗੀ। ਜੇਕਰ ਕੋਈ ਸਹਿਮਤੀ ਨਹੀਂ ਬਣਦੀ ਵਿਕਾਸ ਕਾਰਜਾਂ ਲਈ ਪ੍ਰਬੰਧਕ ਲਾਇਆ ਜਾਵੇਗਾ। : ਕੀ ਕਹਿੰਦੇ ਹਨ ਸਸਪੈਂਡ ਸਿਮਰਜੀਤ ਸਿੰਘ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਮੌਜੂਦਾ ਸਸਪੈਂਡ ਹੋਏ ਸਰਪੰਚ ਸਿਮਰਜੀਤ ਸਿੰਘ ਨੇ ਸਬੰਧਿਤ ਵਿਭਾਗ ਤੇ ਰਾਜਨੀਤਿਕ ਦਬਾਅ ਹੇਠ ਉਨ੍ਹਾਂ ਨੂੰ ਸਸਪੈਂਡ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਰਾਜਨੀਤਿਕ ਤੌਰ ’ਤੇ ਉਨ੍ਹਾਂ ਨੂੰ ਸਰਪੰਚ ਬਣਨ ਸਮੇਂ ਤੋਂ ਲੈ ਕੇ ਹੁਣ ਤੱਕ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਸੀ, ਪਹਿਲਾਂ ਸਰਪੰਚੀ ਚੋਣਾਂ ’ਚ ਵੀ ਉਹਦੇ ਨਾਲ ਧੱਕਾ ਹੋਇਆ ਉਸ ਤੋਂ ਬਾਅਦ ਹੁਣ ਜਾਣ ਬੁੱਝ ਕੇ ਝੂਠੀ ਦਫਤਰੀ ਕਾਰਵਾਈ ਤਹਿਤ ਉਸ ਨੂੰ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ’ਚ ਕੁੱਲ 9 ਪੰਚਾਇਤ ਮੈਂਬਰ ਹਨ, ਜਿਨ੍ਹਾਂ ਵਿੱਚੋਂ 8 ਪੰਚਾਇਤ ਮੈਂਬਰ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਸਦੇ ਨਾਂ ’ਤੇ ਕੋਈ ਵੀ ਪੰਚਾਇਤੀ ਜ਼ਮੀਨ ਤੇ ਉਸ ਵੱਲੋਂ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਕੀਤਾ ਗਿਆ, ਪਰ ਜਾਣ ਬੁੱਝ ਕੇ ਸਭ ਕੁਝ ਰਾਜਨੀਤਿਕ ਦਬਾਅ ਹੇਠ ਕੀਤਾ ਗਿਆ ਹੈ। ਸਸਪੈਂਡ ਹੋਏ ਸਰਪੰਚ ਸਿਮਰਜੀਤ ਸਿੰਘ ਨੇ ਕਿਹਾ ਬਲਾਕ ਸੰਮਤੀ ਚੋਣਾਂ ਤੇ ਸਰਪੰਚੀ ਚੋਣਾਂ ਵਿੱਚ ਉਨ੍ਹਾਂ ਦੇ ਉਮੀਦਵਾਰ ਜਿੱਤ ਗਏ ਸਨ। ਜਿਸ ਦੇ ਨਤੀਜੇ ਵਜੋਂ ਇਹ ਰਾਜਨੀਤਿਕ ਦਬਾਅ ਹੇਠ ਕੀਤਾ ਜਾ ਰਿਹਾ ਹੈ। ਸਸਪੈਂਡ ਹੋਏ ਸਰਪੰਚ ਨੇ ਕਿਹਾ ਕਿ ਸਬੰਧਿਤ ਵਿਭਾਗ ਵੱਲੋਂ ਨਿਸ਼ਾਨ ਦੇਹੀ ਸਮੇਂ ਕਿਸੇ ਵੀ ਪੰਚਾਇਤ ਮੈਂਬਰ ਨੂੰ ਤੇ ਸਰਪੰਚ ਨੂੰ ਮੌਕੇ ’ਤੇ ਨਹੀਂ ਬੁਲਾਇਆ ਗਿਆ ਤੇ ਨਾ ਹੀ ਕੋਈ ਨੋਟਿਸ ਦਿੱਤਾ ਗਿਆ। ਉਨ੍ਹਾਂ ਪੱਕੇ ਤੌਰ ’ਤੇ ਦਾਅਵਾ ਕੀਤਾ ਕਿ ਉਸ ਵੱਲੋਂ ਕੋਈ ਵੀ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਨਹੀਂ ਕੀਤਾ ਗਿਆ। ਇਸ ਮੌਕੇ ਪੰਚ ਜੋਰਾ ਸਿੰਘ,ਪੰਚ ਮਲਕੀਤ ਸਿੰਘ, ਪੰਚ ਲਛਮਣ ਸਿੰਘ,ਸਰਪੰਚ ਬਲਜੀਤ ਸਿੰਘ, ਪੰਚ ਜਸਵੀਰ ਕੌਰ,ਪੰਚ ਪਰਮਜੀਤ ਕੌਰ,ਪੰਚ ਜਸਵੀਰ ਕੌਰ,ਪੰਚ ਸੁਖਪਾਲ ਕੌਰ,ਗੁਰਮੇਲ ਸਿੰਘ,ਸੁਖਦੇਵ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।।