- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫ਼ਾਈ ਕਾਮਿਆਂ ਦੇ ਧਰਨੇ ’ਚ ਕੌਂਸਲ ਦੇ ਪਾਈਪ ਚੋਰੀ ਕਰਨ ਦਾ ਮਾਮਲਾ ਗਰਮਾਇਆ

- ਸੈਨਟਰੀ ਇੰਸਪੈਕਟਰ ’ਤੇ ਲੱਗੇ ਪਾਈਪਾਂ ਚੋਰੀ ਦੇ ਗੰਭੀਰ ਇਲਜ਼ਾਮ
- ਕੌਂਸਲ ਪ੍ਰਸ਼ਾਸਨ ਨੇ ਜਾਂਚ ਕਰਵਾਉਣ ਦੀ ਆਖੀ ਗੱਲ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਫ਼ਾਈ ਕਾਮਿਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਤੋਂ ਡਾਢੇ ਨਾਰਾਜ਼ ਹੋਏ ਸਫ਼ਾਈ ਸੇਵਕਾਂ ਵੱਲੋਂ ਬੁੱਧਵਾਰ ਨੂੰ ਸੁਨਾਮ ਵਿਖੇ ਨਗਰ ਕੌਂਸਲ ਦਫ਼ਤਰ ਸਾਹਮਣੇ ਸ਼ੁਰੂ ਕੀਤੇ ਬੇਮਿਆਦੀ ਧਰਨੇ ਵਿੱਚ ਸੈਨੇਟਰੀ ਇੰਸਪੈਕਟਰ ਵੱਲੋਂ ਕਥਿਤ ਤੌਰ ’ਤੇ ਨਗਰ ਕੌਂਸਲ ਦੀਆਂ ਪਾਈਪਾਂ ਚੋਰੀ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ। ਧਰਨਾਕਾਰੀਆਂ ਨੇ ਸੈਨੇਟਰੀ ਇੰਸਪੈਕਟਰ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਉਂਦਿਆਂ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਧਰਨੇ ’ਤੇ ਬੈਠੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਮਨ ਸਿੱਖਨ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਵਿੱਚ ਤਾਇਨਾਤ ਸੈਨੇਟਰੀ ਇੰਸਪੈਕਟਰ ਮੇਜਰ ਸਿੰਘ ਨੇ ਨਗਰ ਕੌਂਸਲ ਦੀਆਂ ਪਾਈਪਾਂ ਚੋਰੀ ਕਰ ਕੇ ਆਪਣੇ ਖੇਤਾਂ ਵਿੱਚ ਪਾਣੀ ਦੀ ਸਪਲਾਈ ਲਈ ਪਾ ਲਈਆਂ, ਉਕਤ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਉਪਰੰਤ ਲੋਹੇ ਦੀਆਂ ਪਾਈਪਾਂ ਕਢਵਾ ਦਿੱਤੀਆਂ ਪਰ ਇਹ ਪਤਾ ਨਹੀਂ ਉਹ ਪਾਈਪਾਂ ਰੱਖੀਆਂ ਕਿੱਥੇ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰੀ ਵਾਹਨਾਂ ਲਈ ਵਰਤਿਆ ਜਾਣ ਵਾਲਾ ਸੈਂਕੜੇ ਲੀਟਰ ਡੀਜ਼ਲ ਅਤੇ ਪੈਟਰੋਲ ਨੂੰ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਉਕਤ ਇੰਸਪੈਕਟਰ ਵੱਲੋਂ ਆਪਣੇ ਘਰ ਲਿਜਾਇਆ ਜਾ ਰਿਹਾ ਹੈ, ਜਿਸ ਨਾਲ ਸਰਕਾਰ ਅਤੇ ਕੌਂਸਲ ਨੂੰ ਕਾਫ਼ੀ ਵਿੱਤੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਾ ਕਰਨ ਦੇ ਦਾਅਵੇ ਕਰ ਰਹੇ ਪਰ ਸੁਨਾਮ ਨਗਰ ਕੌਂਸਲ ਵਿੱਚ ਤਾਇਨਾਤ ਸੈਨੇਟਰੀ ਇੰਸਪੈਕਟਰ ਭ੍ਰਿਸ਼ਟਾਚਾਰ ਦੀਆਂ ਹੱਦਾਂ ਪਾਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਾਬਤ ਕਰਨ ਵਾਲੇ ਵੀਡੀਓ ਸਬੂਤ ਵਜੋਂ ਮੌਜੂਦ ਹਨ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਸੈਨੇਟਰੀ ਇੰਸਪੈਕਟਰ ਵਿਰੁੱਧ ਤੁਰੰਤ ਮਾਮਲਾ ਦਰਜ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਸੈਨੇਟਰੀ ਇੰਸਪੈਕਟਰ ਮੇਜਰ ਸਿੰਘ ਨੇ ਲਾਏ ਹੋਰ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਫ਼ਾਈ ਕਰਮਚਾਰੀ ਪ੍ਰਸ਼ਾਸਨ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਮਜਬੂਰ ਕਰਨ, ਬੇਲੋੜਾ ਦਬਾਅ ਪਾਉਣ ਲਈ ਇਹ ਝੂਠੇ ਦੋਸ਼ ਲਾ ਰਹੇ ਹਨ। ਇਸ ਸਬੰਧੀ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਨਿਰਮਾਣ ਅਤੇ ਕਾਰਜ ਸਾਧਕ ਅਫ਼ਸਰ ਬਾਲ ਕ੍ਰਿਸ਼ਨ ਗੋਗੀਆ ਨੇ ਆਖਿਆ ਕਿ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਮਨ ਸਿੱਖਣ ਵੱਲੋਂ ਸੈਨੇਟਰੀ ਇੰਸਪੈਕਟਰ ਮੇਜਰ ਸਿੰਘ ਤੇ ਲਾਏ ਸਾਰੇ ਦੋਸ਼ਾਂ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ। ਇਸੇ ਦੌਰਾਨ ਸਫ਼ਾਈ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਦੁਲੀਆ ਰਾਮ, ਪ੍ਰਧਾਨ ਅਮਨ ਸਿੱਖਣ, ਜਨਰਲ ਸਕੱਤਰ ਵਿਜੇ ਡੋਨੀ, ਅਜੇ ਕੁਮਾਰ, ਸ਼ਰਧਾ ਰਾਮ, ਸੁਨੀਲ ਕੁਮਾਰ, ਰਮਨ ਕੁਮਾਰ, ਸੁਰਿੰਦਰ ਕੁਮਾਰ, ਭੂਰਾ ਰਾਮ ਅਤੇ ਸੰਜੀਵ ਕੁਮਾਰ ਨੇ ਆਖਿਆ ਕਿ ਸੂਬੇ ਦੀ ਸਰਕਾਰ ਸਫ਼ਾਈ ਕਾਮਿਆਂ ਦੀਆਂ ਮੰਗਾਂ ਪੂਰੀਆਂ ਕਰਨ ਨੂੰ ਯਕੀਨੀ ਬਣਾਵੇ।