ਅੰਤਰਰਾਸ਼ਟਰੀ ਯੋਗ ਦਿਵਸ: ਸੈਂਕੜੇ ਬਰਨਾਲਾ ਵਾਸੀਆਂ ਨੇ ਕੀਤਾ ਯੋਗ
ਅੰਤਰਰਾਸ਼ਟਰੀ ਯੋਗ ਦਿਵਸ: ਸੈਂਕੜੇ ਬਰਨਾਲਾ ਵਾਸੀਆਂ ਨੇ ਕੀਤਾ ਯੋਗਾ
Publish Date: Sun, 21 Jun 2026 04:01 PM (IST)
Updated Date: Mon, 22 Jun 2026 04:01 AM (IST)

: ਪੰਜਾਬ ਸਰਕਾਰ ਵੱਲੋਂ ਸੀਐੱਮ ਯੋਗਸ਼ਾਲਾ ਉਪਰਾਲਾ, ਰੋਜ਼ਾਨਾ 255 ਥਾਵਾਂ ’ਤੇ ਲੱਗ ਰਹੀਆਂ ਹਨ ਫ੍ਰੀ ਕਲਾਸਾਂ : ਮੀਤ ਹੇਅਰ : ਸਿਹਤਮੰਦ ਸਰੀਰ ਤੇ ਮਨ ਲਈ ਯੋਗ ਨੂੰ ਅਪਣਾਇਆ ਜਾਵੇ : ਡੀਸੀ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ’ਚ ਕਰਵਾਇਆ ਜ਼ਿਲ੍ਹਾ ਪੱਧਰੀ ਯੋਗ ਸਮਾਗਮ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ, ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਕੁਮਾਰ ਰਾਹੁਲ ਆਈਏਐੱਸ, ਕਮਿਸ਼ਨਰ ਆਯੂਸ਼ ਕਵਲਪ੍ਰੀਤ ਕੌਰ ਬਰਾੜ ਆਈਏਐੱਸ ਤੇ ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਖੰਨਾ ਦੇ ਨਿਰਦੇਸ਼ਾਂ ਤਹਿਤ ਤੇ ਡੀਸੀ ਹਰਪ੍ਰੀਤ ਸਿੰਘ ਆਈਏਐੱਸ ਦੀ ਅਗਵਾਈ ਹੇਠ ਕੌਮਾਂਤਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਇਥੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ’ਚ ਕਰਾਇਆ ਗਿਆ। ਜਿਸ ’ਚ ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਨਰੋਏ ਸਰੀਰ ਤੇ ਨਰੋਏ ਮਨ ਲਈ ਯੋਗ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆਂ ’ਚ ਯੋਗ ਨੂੰ ਮਾਨਤਾ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਸਿਹਤਯਾਬੀ ਲਈ ਸੀਐੱਮ ਦੀ ਯੋਗਸ਼ਾਲਾ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਬਿਲਕੁਲ ਮੁਫ਼ਤ ਯੋਗ ਕਲਾਸਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਤੇ ਸ਼ਹਿਰਾਂ ’ਚ ਵੀ 255 ਥਾਵਾਂ ਉੱਤੇ ਯੋਗ ਕਲਾਸਾਂ ਚੱਲ ਰਹੀਆਂ ਹਨ ਤੇ ਰੋਜ਼ਾਨਾ 6500 ਦੇ ਕਰੀਬ ਵਿਅਕਤੀ ਇਨ੍ਹਾਂ ਮੁਫ਼ਤ ਕਲਾਸਾਂ ਦਾ ਲਾਭ ਲੈ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਯੋਗ ਨਾਲ ਜੁੜਨ ਤੇ ਮੁਫ਼ਤ ਕਲਾਸਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਡੀਸੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਹੈ ਜਿਸ ਦਾ ਵਿਸ਼ਾ ਸਿਹਤਮੰਦ ਬੁਢਾਪੇ ਲਈ ਯੋਗ ਰੱਖਿਆ ਹੈ। ਅੱਜ ਦੇ ਸਮਾਗਮ ਦਾ ਉਦੇਸ਼ ਹਰ ਉਮਰ ਦੇ ਲੋਕਾਂ ਨੂੰ ਸਿਹਤਮੰਦ, ਸਰਗਰਮ ਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਵੀ ਯੋਗ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਜੀਵਨਸ਼ੈਲੀ ਸਿਹਤਮੰਦ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਬਰਨਾਲਾ ਡਾ. ਅਮਨ ਕੌਸ਼ਲ ਨੇ ਕਿਹਾ ਕਿ ਯੋਗ ਨਾ ਸਿਰਫ਼ ਬਿਮਾਰੀਆਂ ਤੋਂ ਬਚਾਅ ਕਰਦਾ ਹੈ, ਸਗੋਂ ਮਨ ਨੂੰ ਸ਼ਾਂਤੀ ਅਤੇ ਜੀਵਨ ਵਿੱਚ ਸੰਤੁਲਨ ਵੀ ਪ੍ਰਦਾਨ ਕਰਦਾ ਹੈ। ਇਸ ਮੌਕੇ ਯੋਗ ਮਾਹਿਰਾਂ ਵਲੋਂ ਵੱਖ ਵੱਖ ਯੋਗ ਕਿਰਿਆਵਾਂ ਕਰਾਈਆਂ ਗਈਆਂ ਜਿਸ ਦਾ ਸੈਂਕੜੇ ਬਰਨਾਲਾ ਵਾਸੀਆਂ ਨੇ ਲਾਹਾ ਲਿਆ। ਇਸ ਮੌਕੇ ਸਟੇਜ ਸੰਚਾਲਨ ਪ੍ਰਿੰਸੀਪਲ ਹਰੀਸ਼ ਬਾਂਸਲ ਵਲੋਂ ਕੀਤਾ ਗਿਆ। ਇਸ ਮੌਕੇ ਮੇਅਰ ਨਗਮ ਨਿਗਮ ਬਰਨਾਲਾ ਹਸਨ ਭਾਰਦਵਾਜ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਐਸ. ਪੀ (ਡੀ) ਅਸ਼ੋਕ ਕੁਮਾਰ ਸ਼ਰਮਾ, ਐਸਡੀਐਮ ਬਰਨਾਲਾ ਡਾ. ਅਜੀਤਪਾਲ ਸਿੰਘ ਚਹਿਲ, ਡੀਐਸਪੀ (ਸਿਟੀ) ਸਤਬੀਰ ਸਿੰਘ, ਪ੍ਰਿੰਸੀਪਲ ਡਾ. ਸੰਦੀਪ ਕੁਮਾਰ, ਡਾ. ਅਮਨਦੀਪ ਸਿੰਘ, ਡਾ. ਸੀਮਾ, ਆਯੁਰਵੇਦਾ ਤੇ ਯੂਨਾਨੀ ਵਿਭਾਗ ਦਾ ਸਟਾਫ਼ ਮੌਜੂਦ ਸੀ।