ਐਕਸ਼ਨ ਮੋਡ 'ਚ ਮੰਤਰੀ ਚੀਮਾ ! ਆਬਕਾਰੀ ਤੇ GST ਦਫ਼ਤਰ 'ਚ ਮਾਰਿਆ ਛਾਪਾ, ਗੈਰ-ਹਾਜ਼ਰ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਖੁੱਲ੍ਹੀ ਪੋਲ, ਹੋਵੇਗੀ ਵਿਭਾਗੀ ਕਾਰਵਾਈ
ਹਰਪਾਲ ਸਿੰਘ ਚੀਮਾ ਨੇ ਦਫ਼ਤਰਾਂ 'ਚ ਹਾਜ਼ਰੀ ਰਜਿਸਟਰ ਵੀ ਚੈੱਕ ਕੀਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਸਮੇਂ ਸਿਰ ਡਿਊਟੀ 'ਤੇ ਪਹੁੰਚਣਾ ਅਤੇ ਨਿਰਧਾਰਤ ਸਮੇਂ ਤੱਕ ਦਫ਼ਤਰ 'ਚ ਮੌਜੂਦ ਰਹਿਣਾ ਜ਼ਰੂਰੀ ਹੈ। ਸਰਕਾਰੀ ਕੰਮਕਾਜ 'ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Publish Date: Wed, 25 Nov 2026 01:36 PM (IST)
Updated Date: Wed, 25 Nov 2026 01:39 PM (IST)
ਜਾਗਰਣ ਸੰਵਾਦਦਾਤਾ, ਸੰਗਰੂਰ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਸਵੇਰੇ ਸੰਗਰੂਰ 'ਚ ਜੀਐੱਸਟੀ ਅਤੇ ਆਬਕਾਰੀ ਵਿਭਾਗ ਦੇ ਦਫ਼ਤਰ 'ਚ ਅਚਾਨਕ ਚੈਕਿੰਗ ਕਰ ਕੇ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਹਾਜ਼ਰੀ ਦਾ ਜਾਇਜ਼ਾ ਲਿਆ। ਬਿਨਾਂ ਕਿਸੇ ਅਗਾਊਂ ਸੂਚਨਾ ਦੇ ਦਫ਼ਤਰ ਪਹੁੰਚੇ ਵਿੱਤ ਮੰਤਰੀ ਨੂੰ ਚੈਕਿੰਗ ਦੌਰਾਨ ਸਹਾਇਕ ਕਮਿਸ਼ਨਰ ਰਾਜ ਕਰ ਅਰਵਿੰਦਰ ਕੌਰ ਸਮੇਤ ਕਈ ਅਧਿਕਾਰੀ ਅਤੇ ਮੁਲਾਜ਼ਮ ਵੱਡੀ ਗਿਣਤੀ 'ਚ ਗੈਰ-ਹਾਜ਼ਰ ਮਿਲੇ। ਦਫ਼ਤਰ 'ਚ ਸਿਰਫ਼ ਗਿਣਤੀ ਦੇ ਮੁਲਾਜ਼ਮ ਹੀ ਹਾਜ਼ਰ ਸਨ। ਇਸ ਨਾਲ ਸਰਕਾਰੀ ਦਫ਼ਤਰ 'ਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਡਿਊਟੀ ਪ੍ਰਤੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ।
ਵਿੱਤ ਮੰਤਰੀ ਦੇ ਅਚਾਨਕ ਪਹੁੰਚਣ ਨਾਲ ਮੁਲਾਜ਼ਮਾਂ 'ਚ ਹੜਕੰਪ ਮਚ ਗਿਆ। ਚੈਕਿੰਗ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਹਾਜ਼ਰੀ ਦੇ ਨਾਲ-ਨਾਲ ਵਿਭਾਗੀ ਕੰਮਕਾਜ ਦੀ ਵੀ ਜਾਂਚ ਕੀਤੀ। ਇਸ ਦੌਰਾਨ ਡਿਊਟੀ ਤੋਂ ਗੈਰ-ਹਾਜ਼ਰ ਮਿਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਬਾਰੇ ਉਨ੍ਹਾਂ ਨੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਤੋਂ ਜਵਾਬ ਮੰਗਿਆ।
ਹਰਪਾਲ ਸਿੰਘ ਚੀਮਾ ਨੇ ਦਫ਼ਤਰਾਂ 'ਚ ਹਾਜ਼ਰੀ ਰਜਿਸਟਰ ਵੀ ਚੈੱਕ ਕੀਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਸਮੇਂ ਸਿਰ ਡਿਊਟੀ 'ਤੇ ਪਹੁੰਚਣਾ ਅਤੇ ਨਿਰਧਾਰਤ ਸਮੇਂ ਤੱਕ ਦਫ਼ਤਰ 'ਚ ਮੌਜੂਦ ਰਹਿਣਾ ਜ਼ਰੂਰੀ ਹੈ। ਸਰਕਾਰੀ ਕੰਮਕਾਜ 'ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਦਾ ਡਿਊਟੀ 'ਤੇ ਦੇਰੀ ਨਾਲ ਪਹੁੰਚਣਾ ਹੌਲੀ-ਹੌਲੀ ਇਕ ਰੁਝਾਨ ਬਣਦਾ ਜਾ ਰਿਹਾ ਹੈ, ਜੋ ਚਿੰਤਾਜਨਕ ਹੈ। ਇਸ ਤਰ੍ਹਾਂ ਦੀ ਲਾਪਰਵਾਹੀ ਨੂੰ ਰੋਕਣ ਅਤੇ ਸਰਕਾਰੀ ਦਫ਼ਤਰਾਂ 'ਚ ਅਨੁਸ਼ਾਸਨ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅਚਨਚੇਤ ਚੈਕਿੰਗ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰ ਲੋਕਾਂ ਦੀ ਸੇਵਾ ਲਈ ਹਨ ਅਤੇ ਇੱਥੇ ਆਉਣ ਵਾਲੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਵਾਰ-ਵਾਰ ਚੱਕਰ ਨਹੀਂ ਕੱਟਣੇ ਚਾਹੀਦੇ। ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਮੇਂ ਸਿਰ ਦਫ਼ਤਰ ਪਹੁੰਚ ਕੇ ਲੋਕਾਂ ਦੇ ਕੰਮ ਨਿਪਟਾਉਣ।
ਚੈਕਿੰਗ ਦੌਰਾਨ ਗੈਰ-ਹਾਜ਼ਰ ਪਾਏ ਗਏ ਮੁਲਾਜ਼ਮਾਂ ਦੇ ਸਬੰਧ 'ਚ ਹਾਜ਼ਰੀ ਰਜਿਸਟਰ ਅਤੇ ਵਿਭਾਗੀ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਇਸ ਦੇ ਆਧਾਰ 'ਤੇ ਸਬੰਧਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਖ਼ਿਲਾਫ਼ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਵਿੱਤ ਮੰਤਰੀ ਦੀ ਇਸ ਅਚਾਨਕ ਚੈਕਿੰਗ ਨਾਲ ਸਰਕਾਰੀ ਵਿਭਾਗਾਂ 'ਚ ਮੁਲਾਜ਼ਮਾਂ ਦੀ ਹਾਜ਼ਰੀ ਅਤੇ ਕੰਮਕਾਜ ਨੂੰ ਲੈ ਕੇ ਹਲਚਲ ਦੇਖਣ ਨੂੰ ਮਿਲੀ।