ਭਾਜਪਾ ਕੇਂਦਰ ਦੀ 'ਅੰਮ੍ਰਿਤ' ਸਕੀਮ ਨੇ ਬਰਨਾਲੇ 'ਚ ਲਾਏ ਨਵੇਂ 5 ਟਿਊਬਵੈੱਲ ਭਾਜਪਾ ਕੇਂਦਰ ਦੀ 'ਅੰਮ੍ਰਿਤ' ਸਕੀਮ ਨੇ ਬਰਨਾਲੇ 'ਚ ਲਾਏ ਨਵੇਂ 5 ਟਿਊਬਵੈੱਲ
Publish Date: Sat, 04 Jul 2026 06:43 PM (IST)
Updated Date: Sun, 05 Jul 2026 04:05 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲੇ ਸ਼ਹਿਰ ਦੇ ਵਿੱਚ ਕੇਂਦਰ ਸਰਕਾਰ ਦੀ ‘ਅੰਮ੍ਰਿਤ’ ਸਕੀਮ ਤਹਿਤ ਮੰਜ਼ੂਰ ਹੋਈ ਗ੍ਰਾਂਟ ਨਾਲ ਲੋਕਾਂ ਦੀ ਸਹੂਲਤ ਲਈ 5 ਵੱਖ-ਵੱਖ ਥਾਵਾਂ ’ਤੇ ਟਿਊਬਵੈੱਲ ਲਾਏ ਗਏ ਹਨ। ਇਨ੍ਹਾਂ ਟਿਊਬਵੈੱਲਾਂ ਨੂੰ ਲੈ ਕੇ ਹੁਣ ਸਿਆਸਤ ਭਖ ਗਈ ਐ। ਭਾਜਪਾ ਆਗੂਆਂ ਵੱਲੋਂ ਕੇਵਲ ਸਿੰਘ ਢਿੱਲੋਂ ਦਾ ਤੇ ਆਮ ਆਦਮੀ ਪਾਰਟੀ ਵਾਲਿਆਂ ਵੱਲੋਂ ਆਵਦੇ ਉੱਚ ਲੀਡਰਾਂ ਦਾ ਵੱਖੋ-ਵੱਖਰੇ ਤੌਰ ’ਤੇ ਧੰਨਵਾਦ ਕੀਤਾ ਜਾ ਰਿਹਾ ਹੈ। -- ਵਾਰਡ ਵਾਸੀਆਂ ਨੇ ਪੈਸੇ ਇਕੱਠੇ ਕਰਕੇ ਇਕ ਟਿਊਬਵੈੱਲ ਲਵਾਇਆ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਦੀ ਅੰਮ੍ਰਿਤ ਸਕੀਮ ਤਹਿਤ ਬਰਨਾਲੇ ਸ਼ਹਿਰ ਵਾਸਤੇ 12 ਕਰੋੜ ਰੁਪਏ ਦੀ ਰਾਸ਼ੀ ਮੰਜ਼ੂਰ ਹੋਈ ਸੀ। ਐਸੇ ਫੰਡ ਨਾਲ ਸ਼ਹਿਰ ’ਚ 5 ਨਵੇਂ ਟਿਊਬਵੈੱਲ ਪਾਸ ਹੋਏ ਸੀ, ਜਿਨ੍ਹਾਂ ਨੂੰ ਸਬੰਧਤ ਮਹਿਕਮੇ ਦੇ ਅਫ਼ਸਰਾਂ ਨੇ ਵੱਖ-ਵੱਖ ਥਾਂਈਂ ਲਵਾ ਦਿੱਤਾ ਹਨ ਤੇ ਪਾਈਪ ਲਾਈਨਾਂ ਪਾਉਣ ਦਾ ਕੰਮ ਵੀ ਨੇਪਰੇ ਚਾੜ੍ਹਿਆ ਜਾ ਰਿਹਾ ਐ। ਦੱਸਣਯੋਗ ਹੈ ਬਰਨਾਲੇ ਸ਼ਹਿਰ ਦੇ ਕਈ ਵਾਰਡਾਂ ’ਚ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਭਾਰੀ ਕਿੱਲਤ ਚੱਲ ਰਹੀ ਸੀ। ਲੋਕ ਐਨੇ ਤੰਗ ਸੀ ਕਿ ਵਾਰਡ ਵਾਸੀਆਂ ਨੇ ਆਪਣੇ ਪੱਲਿਓਂ ਪੈਸੇ ਇਕੱਠੇ ਕਰਕੇ ਇੱਕ ਟਿਊਬਵੈੱਲ ਵੀ ਲਵਾਇਆ ਤੇ ਧਰਨਾ-ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤਾ ਸੀ। ਇਹਦੇ ਕਰਕੇ ਸ਼ਹਿਰ ’ਚ ਪਾਣੀ ਦੀ ਸਮੱਸਿਆ ਇੱਕ ਵੱਡਾ ਮੁੱਦਾ ਬਣੀ ਹੋਈ ਹੈ। ਆਪ ਦਾ ਇਸ ਸਕੀਮ ਨਾਲ ਕੋਈ ਲੈਣਾ ਦੇਣਾ ਨਹੀਂ : ਨੀਟਾ ਬਰਨਾਲੇ ਸ਼ਹਿਰ ਚ ਕੇਂਦਰ ਦੀ ਅੰਮ੍ਰਿਤ ਸਕੀਮ ਦੇ 12 ਕਰੋੜ ਰੁਪਏ ਨਾਲ 5 ਟਿਊਬਵੈੱਲ ਲਾਏ ਗਏ ਐ। ਇਨ੍ਹਾਂ ਦਾ ਪਾਣੀ ਵਾਰਡ ਨੰਬਰ 29, 30, 38, 39, 40 ਤੇ 46 ਦੇ ਲੋਕਾਂ ਦੇ ਘਰਾਂ ਤੱਕ ਪਹੁੰਚੇਗਾ। ਇਹ ਜਾਣਕਾਰੀ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਤੇ ਮੌਜੂਦਾ ਕੌਂਸਲਰ ਦੇ ਪਤੀ ਤੇ ਸੀਨੀਅਰ ਭਾਜਪਾ ਆਗੂ ਨਰਿੰਦਰ ਗਰਗ ਨੀਟਾ ਨੇ ਪੰਜਾਬੀ ਜਾਗਰਣ ਨਾਲ ਸਾਂਝੀ ਕਰਦਾ ਦੱਸਿਆ ਕਿ ਉਨ੍ਹਾ ਨੇ ਮੌਜੂਦਾ ਮੇਅਰ ਕੋਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਮੰਗ ਪੱਤਰ ਵੀ ਦਿੱਤੇ ਸੀ, ਪਰ ਉੱਥੇ ਕੋਈ ਸੁਣਵਾਈ ਨੀ ਹੋਈ। ਉਨ੍ਹਾਂ ਪਾਣੀ ਦਾ ਮਸਲਾ ਹੱਲ ਕਰਵਾਉਣ ਲਈ ਭਾਜਪਾ ਦੇ ਸੂਬਾ ਆਗੂ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆਂ ਕਿਹਾ ਬਈ ਢਿੱਲੋਂ ਸਾਹਿਬ ਨੇ ਹਮੇਸ਼ਾ ਬਰਨਾਲੇ ਦੇ ਵਿਕਾਸ ਤੇ ਲੋਕਾਂ ਦੇ ਭਲੇ ਲਈ ਮੋਹਰੀ ਰੋਲ ਨਿਭਾਇਆ ਐ। ਬਰਨਾਲੇ ਦਾ ਕੋਈ ਵੀ ਰੌਲਾ ਹੋਵੇ, ਉਹ ਪਹਿਲ ਦੇ ਅਧਾਰ ਤੇ ਹੱਲ ਕਰਵਾਉਂਦੇ ਐ। ਨੀਟਾ ਨੇ ਆਪ ਤੇ ਨਿਸ਼ਾਨਾ ਸਾਧਦਿਆਂ ਕਿਹਾ ਬਈ ਇਹ ਨਿਰੋਲ ਕੇਂਦਰ ਸਰਕਾਰ ਦੀ ਸਕੀਮ ਐ, ਪਰ ਆਮ ਆਦਮੀ ਪਾਰਟੀ ਵਾਲੇ ਐਵੇਂ ਈ ਇਹਦਾ ਕਰੈਡਿਟ ਆਵਦੇ ਸਿਰ ਲੈਣ ਤੇ ਤੁਲੇ ਹੋਏ ਐ, ਜਦਕਿ ਪੰਜਾਬ ਸਰਕਾਰ ਦਾ ਇਹਦੇ ਨਾਲ ਕੋਈ ਲੈਣਾ-ਦੇਣਾ ਨੀ। ਦੂਜੇ ਪਾਸੇ ਸੋਸ਼ਲ ਮੀਡੀਆ ਦੇ ਗਰੁੱਪਾਂ ਚ ਲੋਕਾਂ ਵੱਲੋਂ ਆਪ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਐ, ਜਿਸ ਕਰਕੇ ਭਾਜਪਾ ਆਗੂ ਖਫ਼ਾ ਨੇ ਤੇ ਉਹ ਆਪ ਤੇ ਕੇਂਦਰ ਦੀ ਸਕੀਮ ਦਾ ਮੁਫ਼ਤ ਚ ਕ੍ਰੈਡਿਟ ਖੱਟਣ ਦੇ ਦੋਸ਼ ਲਾ ਰਹੇ ਹਨ। -ਕਿੱਥੇ-ਕਿੱਥੇ ਲੱਗੇ ਨੇ ਟਿਊਬਵੈੱਲ : ਐੱਸ.ਡੀ.ਓ. ਇਸ ਮਾਮਲੇ ਬਾਰੇ ਜਦੋਂ ਮਹਿਕਮੇ ਦੇ ਐਸ.ਡੀ.ਓ. ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਬਈ ਅੰਮ੍ਰਿਤ ਸਕੀਮ ਦੇ ਤਹਿਤ ਬਰਨਾਲੇ ਚ 5 ਥਾਵਾਂ—ਚਿੰਟੂ ਪਾਰਕ, ਕੀਤੂ ਦੀ ਕੋਠੀ ਲਾਗੇ ਪਾਰਕ, ਸੰਘੇੜਾ, 22 ਏਕੜ ਅਤੇ ਧਨੌਲਾ ਰੋਡ ਵਿਖੇ ਇਹ ਟਿਊਬਵੈੱਲ ਲਾਏ ਗਏ ਐ। ਇਹਦੇ ਨਾਲ ਕਈ ਵਾਰਡਾਂ ਦੇ ਲੋਕਾਂ ਨੂੰ ਪਾਣੀ ਦੀ ਵੱਡੀ ਸਹੂਲਤ ਮਿਲੂਗੀ ਤੇ ਪਾਈਪ ਲਾਈਨ ਦਾ ਕੰਮ ਵੀ ਲਗਭਗ ਪੂਰਾ ਹੋ ਚੁੱਕਿਆ ਹਨ।