ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ 'ਚ ਭਾਰੀ ਰੋਸ
ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ 'ਚ ਭਾਰੀ ਰੋਸ
Publish Date: Mon, 15 Jun 2026 04:14 PM (IST)
Updated Date: Tue, 16 Jun 2026 04:01 AM (IST)

:: ਮਾਨਸੂਨ ਤੋਂ ਪਹਿਲਾਂ ਸਫ਼ਾਈ ਨਾ ਹੋਈ ਤਾਂ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ :: ਡਰੇਨ ਦੇ ਓਵਰਫਲੋਅ ਹੋਣ ਕਾਰਨ ਇਲਾਕੇ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਨੂੰ ਖ਼ਤਰਾ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਾਲਾਂ : ਪਿੰਡ ਠੁੱਲੀਵਾਲ ਵਿਖੇ ਅੱਪ ਲਸਾੜਾ ਡਰੇਨ ਦੀ ਸਫ਼ਾਈ ਨਾ ਹੋਣ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਠੁੱਲੀਵਾਲ ਵੱਲੋਂ ਪ੍ਰਧਾਨ ਮੇਵਾ ਸਿੰਘ ਭੱਟੀ ਦੀ ਅਗਵਾਈ ਹੇਠ ਡਰੇਨ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਡਰੇਨੇਜ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਾਨਸੂਨ ਦੀਆਂ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਡਰੇਨ ਦੀ ਤੁਰੰਤ ਸਫ਼ਾਈ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਬਲਾਕ ਸੀਨੀਅਰ ਮੀਤ ਪ੍ਰਧਾਨ ਨਾਜਰ ਸਿੰਘ ਧਾਲੀਵਾਲ, ਇਕਾਈ ਪ੍ਰਧਾਨ ਮੇਵਾ ਸਿੰਘ ਭੱਟੀ, ਮੀਤ ਪ੍ਰਧਾਨ ਭੋਲਾ ਸਿੰਘ, ਖ਼ਜ਼ਾਨਚੀ ਜਸਵੀਰ ਸਿੰਘ, ਸਹਾਇਕ ਖ਼ਜ਼ਾਨਚੀ ਅਮਰੀਕ ਸਿੰਘ, ਸਲਾਹਕਾਰ ਗੁਰਚਰਨ ਸਿੰਘ, ਸਹਾਇਕ ਸਲਾਹਕਾਰ ਪਿਆਰਾ ਸਿੰਘ ਬਾਠ ਅਤੇ ਹਰੀ ਸਿੰਘ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਬਰਸਾਤੀ ਮੌਸਮ ਨੂੰ ਧਿਆਨ ’ਚ ਰੱਖਦਿਆਂ ਡਰੇਨਾਂ ਦੀ ਸਫ਼ਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਦੂਜੇ ਪਾਸੇ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਅੱਪਲਸਾੜਾ ਡਰੇਨ ’ਚ ਵੱਡੀ ਮਾਤਰਾ ਵਿੱਚ ਗਾਦ ਜਮ੍ਹੀ ਹੋਈ ਹੈ। ਹਰੀ ਵੇਲ, ਝਾੜੀਆਂ ਤੇ ਹੋਰ ਰੁਕਾਵਟਾਂ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕ ਰਹੀਆਂ ਹਨ। ਆਗੂਆਂ ਨੇ ਦੱਸਿਆ ਕਿ ਮਾਲੇਰਕੋਟਲਾ ਵੱਲੋਂ ਆਉਂਦੀ ਇਹ ਡਰੇਨ ਠੁੱਲੀਵਾਲ, ਗੁਰਮ, ਹਮੀਦੀ, ਕਰਮਗੜ੍ਹ, ਅਮਲਾ ਸਿੰਘ ਵਾਲਾ ਤੇ ਠੀਕਰੀਵਾਲਾ ਖੇਤਰ ’ਚੋਂ ਲੰਘਦੀ ਹੈ। ਬਰਸਾਤ ਦੇ ਦਿਨਾਂ ’ਚ ਵੱਖ-ਵੱਖ ਪਿੰਡਾਂ ਦਾ ਪਾਣੀ ਇਸੇ ਡਰੇਨ ਰਾਹੀਂ ਨਿਕਲਦਾ ਹੈ। ਸਫ਼ਾਈ ਨਾ ਹੋਣ ਕਾਰਨ ਹਰ ਸਾਲ ਡਰੇਨ ਕਈ ਥਾਵਾਂ ਤੋਂ ਓਵਰਫਲੋ ਹੋ ਜਾਂਦੀ ਹੈ, ਜਿਸ ਨਾਲ ਪਾਣੀ ਕਿਸਾਨਾਂ ਦੇ ਖੇਤਾਂ ’ਚ ਦਾਖ਼ਲ ਹੋ ਕੇ ਝੋਨਾ, ਮੂੰਗੀ, ਮੱਕੀ, ਨਰਮਾ, ਸਬਜ਼ੀਆਂ ਤੇ ਹਰੇ ਚਾਰੇ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦਾ ਹੈ। ਕਿਸਾਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਮਹਿੰਗੇ ਬੀਜ, ਖਾਦਾਂ, ਕੀਟਨਾਸ਼ਕਾਂ, ਡੀਜ਼ਲ ਤੇ ਮਜ਼ਦੂਰੀ ਦੇ ਵਧਦੇ ਖਰਚਿਆਂ ਨਾਲ ਜੂਝ ਰਹੇ ਹਨ। ਅਜਿਹੇ ਹਾਲਾਤਾਂ ’ਚ ਜੇਕਰ ਬਰਸਾਤੀ ਪਾਣੀ ਫ਼ਸਲਾਂ ਨੂੰ ਤਬਾਹ ਕਰ ਦਿੰਦਾ ਹੈ ਤਾਂ ਕਿਸਾਨਾਂ ਲਈ ਆਰਥਿਕ ਸੰਕਟ ਹੋਰ ਡੂੰਘਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਵਾਰ ਡਰੇਨੇਜ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਗਿਆ ਹੈ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਕਿਸਾਨ ਜਸਪਾਲ ਸਿੰਘ ਦਿਓਲ, ਬਲੌਰ ਸਿੰਘ ਹਮੀਦੀ, ਹਰਪ੍ਰੀਤ ਸਿੰਘ ਦਿਓਲ ਅਤੇ ਹੋਰ ਕਿਸਾਨਾਂ ਨੇ ਕਿਹਾ ਕਿ ਜੇਕਰ ਡਰੇਨ ਦੀ ਸਫ਼ਾਈ ਅਤੇ ਕੰਢਿਆਂ ਦੀ ਮੁਰੰਮਤ ਤੁਰੰਤ ਨਾ ਕੀਤੀ ਗਈ ਤਾਂ ਆਉਣ ਵਾਲੀਆਂ ਬਰਸਾਤਾਂ ਦੌਰਾਨ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਉਨ੍ਹਾਂ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਬਰਨਾਲਾ ਅਤੇ ਡਰੇਨੇਜ ਵਿਭਾਗ ਤੋਂ ਮੰਗ ਕੀਤੀ ਕਿ ਵੱਡੀਆਂ ਮਸ਼ੀਨਾਂ ਲਗਾ ਕੇ ਡਰੇਨ ਵਿੱਚੋਂ ਗਾਦ, ਹਰੀ ਵੇਲ ਅਤੇ ਹੋਰ ਰੁਕਾਵਟਾਂ ਨੂੰ ਤੁਰੰਤ ਹਟਾਇਆ ਜਾਵੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਾਨਸੂਨ ਤੋਂ ਪਹਿਲਾਂ ਅੱਪਲਸਾੜਾ ਡਰੇਨ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਵੱਡਾ ਅਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਸਬੰਧਤ ਵਿਭਾਗਾਂ ਦੀ ਹੋਵੇਗੀ।