ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਜਥੇਬੰਦੀਆਂ ਨੇ ਰੋਸ 'ਚ ਮੁੱਖ ਮਾਰਗ ਕੀਤਾ ਜਾਮ
ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਜਥੇਬੰਦੀਆਂ ਨੇ ਰੋਸ 'ਚ ਮੁੱਖ ਮਾਰਗ ਕੀਤਾ ਜਾਮ
Publish Date: Sun, 28 Jun 2026 05:03 PM (IST)
Updated Date: Mon, 29 Jun 2026 04:02 AM (IST)

ਸੂਬਾ ਸਰਕਾਰ ਦੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਦੇ ਦਾਅਵਿਆਂ ਨਹੀਂ ਨਿਕਲੀ ਫੂਕ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਕਿਸਾਨ ਜਥੇਬੰਦੀਆਂ ਨੇ ਅਸਮਾਨ ਉਪਰੋਂ ਪੈ ਰਹੀ ਅੰਤਾਂ ਦੀ ਗਰਮੀ ਦੀ ਪਰਵਾਹ ਕੀਤੇ ਬਿਨਾਂ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ’ਚ ਮੁੱਖ ਮਾਰਗ ’ਤੇ ਧਰਨਾ ਲਗਾ ਕੇ ਜਾਮ ਲਗਾ ਦਿੱਤਾ ਤੇ ਪਾਵਰਕਾਮ ਅਤੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਉਗਰਾਹਾਂ ਦੇ ਆਗੂਆਂ ਨੇ ਪਿੰਡ ਤਾਜੋਕੇ ਦੇ ਕਿਸਾਨਾਂ ਨਾਲ ਮਿਲ ਕੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਦੇਣ ਦੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ।ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਕਲਾਂ,ਬਲਾਕ ਪ੍ਰਧਾਨ ਲੱਖੋਵਾਲ ਮੰਦਿਰ ਸਿੰਘ ਤਾਜੋਕੇ ਅਤੇ ਉਗਰਾਹਾਂ ਇਕਾਈ ਤਪਾ ਦੇ ਪ੍ਰਧਾਨ ਰਾਜ ਸਿੰਘ ਸਿਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਝੋਨੇ ਦੀ ਲਵਾਈ ਸਮੇਂ ਕਿਸਾਨਾਂ ਨੂੰ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਪਰ ਹਕੀਕਤ ਵਿਚ ਸਿਰਫ਼ ਤਿੰਨ ਤੋਂ ਚਾਰ ਘੰਟੇ ਹੀ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਖੇਤਾਂ ਵਿਚ ਝੋਨੇ ਦੀ ਫ਼ਸਲ ਸੁੱਕਣ ਲੱਗ ਪਈ ਹੈ ਅਤੇ ਕਿਸਾਨਾਂ ਨੂੰ ਡੀਜ਼ਲ, ਖਾਦ ਅਤੇ ਮਜ਼ਦੂਰੀ ਵਰਗੇ ਵਾਧੂ ਖਰਚੇ ਝੱਲਣੇ ਪੈ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਸੀ, ਜਿਸ ਦੌਰਾਨ ਪ੍ਰਸ਼ਾਸਨ ਨੇ ਜਲਦੀ ਹੀ ਪੂਰੀ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਸੀ। ਪਰ ਹਾਲਾਤ ਵਿੱਚ ਕੋਈ ਸੁਧਾਰ ਨਾ ਆਉਣ ਕਾਰਨ ਕਿਸਾਨਾਂ ਨੂੰ ਮੁੜ ਸੜਕਾਂ ’ਤੇ ਉਤਰਨਾ ਪਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਖੇਤੀ ਸੈਕਟਰ ਲਈ ਲੋੜੀਂਦੀ ਬਿਜਲੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋੜ ਪੈਣ ’ਤੇ ਹਾਈਵੇ ਦੇ ਨਾਲ-ਨਾਲ ਹੋਰ ਮੁੱਖ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ। ਹਾਈਵੇ ਜਾਮ ਹੋਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਸਮੇਤ ਪੁਲਿਸ ਪਾਰਟੀ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸੜਕ ਦੇ ਇੱਕ ਪਾਸੇ ਬੈਠਣ ਦੀ ਅਪੀਲ ਕੀਤੀ, ਪਰ ਕਿਸਾਨ ਆਪਣੀਆਂ ਮੰਗਾਂ ’ਤੇ ਡਟੇ ਰਹੇ। ਗਰਿੱਡ ‘ਤੇ ਹਾਜਰ ਮੁਲਾਜਮ ਦਾ ਕਹਿਣਾ ਹੈ ਇਥੋਂ 18 ਫੀਡਰ ਪਿੰਡਾਂ ਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਜਾ ਰਿਹਾ,ਸਾਰਿਆਂ ਨੂੰ ਬਰਾਬਰ ਦੀ ਸਪਲਾਈ ਦਿੱਤੀ ਜਾ ਰਹੀ ਹੈ ,ਲੇਕਿਨ ਤਾਜੋਕੇ ਅਤੇ ਘੁੜੈਲਾ ਵਾਲੇ ਕਿਸਾਨ ਕਹਿ ਰਹੇ ਹਨ ਕਿ ਬਿਜਲੀ ਸਪਲਾਈ ਘੱਟ ਮਿਲ ਰਹੀ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਖੇਤੀ ਸੈਕਟਰ ਨੂੰ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਪਾਵਰਕਾਮ ਵੱਲੋਂ ਕੱਟਾਂ ਸੰਬੰਧੀ ਦੱਸਿਆ ਜਾਂਦਾ ਹੈ।ਹਾਈਵੇ ਜਾਮ ਕਾਰਨ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਹਨ ਲੰਬੇ ਸਮੇਂ ਤੱਕ ਜਾਮ ਵਿੱਚ ਫਸੇ ਰਹੇ, ਬੱਸਾਂ ਦੇ ਦੂਰ ਖੜਨ ਕਾਰਨ ਯਾਤਰੀ ਪੈ ਰਹੀ ਗਰਮੀ ਵਿੱਚ ਪੈਦਲ ਹੀ ਚੱਲ ਕਿ ਆਪਣੀ ਮੰਜ਼ਿਲ ਵੱਲ ਜਾ ਰਹੇ ਸਨ ਜਦਕਿ ਬੱਸਾਂ ਵੀ ਆਪਣੇ ਨਿਰਧਾਰਿਤ ਸਮੇਂ ਨਾਲੋਂ ਦੇਰ ਨਾਲ ਮੰਜ਼ਿਲਾਂ ’ਤੇ ਪਹੁੰਚੀਆਂ। ਘਟਨਾ ਦਾ ਸੂਚਨਾ ਮਿਲਦੇ ਹੀ ਡੀ.ਐਸ.ਪੀ ਜਸ਼ਕਰਨ ਸਿੰਘ ਬਰਾੜ,ਸ਼ਹਿਣਾ ਥਾਣਾ ਦੀ ਐਸ.ਐਚ.ਓ ਰੇਣੂ ਪਰੋਚਾ ਤੋਂ ਇਲਾਵਾ ਪਾਵਰਕਾਮ ਦੇ ਉਚ-ਅਧਿਕਾਰੀਆਂ ਨੇ ਮੋਕੇ ਤੇ ਪਹੁੰਚਕੇ ਕਿਸਾਨਾਂ ਨੂੰ ਜਾਣੂ ਕਰਵਾਇਆ ਕਿ ਇਹ ਬਿਜਲੀ ਕੱਟ ਪਾਵਰਕਾਮ ਦੇ ਨਿਰਦੇਸ਼ਾਂ ਕਾਰਨ ਹੀ ਲਗਾਏ ਜਾ ਰਹੇ ਹਨ । ਕਿਸਾਨਾਂ ਨੇ ਕਿਹਾ ਕਿ ਜਦ ਤੱਕ ਸਰਕਾਰ ਆਪਣੇ ਵਾਅਦੇ ਮੁਤਾਬਕ ਪੂਰੀ ਬਿਜਲੀ ਸਪਲਾਈ ਨਹੀਂ ਦਿੰਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੋਕੇ ਸੇਵਕ ਸਿੰਘ ਭੁੱਲਰ, ਗੁਲਾਬ ਸਿੰਘ ਤਪਾ, ਜਗਤਾਰ ਸਿੰਘ ਬਾਸੀ ਤਪਾ, ਨੰਬਰਦਾਰ ਮੋਹਣ ਸਿੰਘ ਤਾਜੋਕੇ, ਸਾਬਕਾ ਸਰਪੰਚ ਤਾਜੋਕੇ ਗੁਰਮੀਤ ਸਿੰਘ, ਜਗਦੇਵ ਸਿੰਘ, ਜੈਲਦਾਰ ਜਸਵਿੰਦਰ ਸਿੰਘ, ਇਕਬਾਲ ਸਿੰਘ, ਜੈਲਦਾਰ ਪਰਮਜੀਤ ਪੰਮਾ, ਗੁਰਦੀਪ ਚੱਠਾ, ਜੱਗਾ ਸਿੰਘ ਬੱਲ੍ਹੋਕੇ, ਬਲਵੀਰ ਸਿੰਘ,ਜਗਸੀਰ ਸਿੰਘ ਲਾਡੀ,ਜਸਵੰਤ ਸਿੰਘ,ਭੋਲਾ ਸਿੰਘ ਭੁੱਲਰ ਆਦਿ ਵੱਡੀ ਗਿਣਤੀ ‘ਚ ਕਿਸਾਨਾਂ ਨੇ ਚੱਕਾ ਜਾਮ ‘ਚ ਸਮੂਲੀਅਤ ਕੀਤੀ। ਖਬਰ ਲਿਖੇ ਜਾਣ ਤੱਕ ਜਾਮ ਜਾਰੀ ਸੀ।