ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
Publish Date: Mon, 22 Jun 2026 05:00 PM (IST)
Updated Date: Tue, 23 Jun 2026 04:04 AM (IST)

ਖ਼ਜ਼ਾਨਾ ਦਫ਼ਤਰਾਂ ਅੱਗੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ 24 ਨੂੰ,, ਮੁਹਾਲੀ ਵਿਖੇ 17 ਜੁਲਾਈ ਨੂੰ ਮਹਾਂਰੈਲੀ ਕਰਨ ਦਾ ਫ਼ੈਸਲਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ, ਚੰਡੀਗੜ੍ਹ ਦੀਆਂ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਸੂਬਾ ਪੱਧਰੀ ਜੁਆਇੰਟ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ ਅਨੁਸਾਰ ਜ਼ਿਲ੍ਹਾ ਬਰਨਾਲਾ ਦੀਆਂ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਡੀਸੀ ਕੰਪਲੈਕਸ ਦੇ ਪਾਰਕ ’ਚ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਤਰਸੇਮ ਭੱਠਲ, ਦਰਸ਼ਨ ਚੀਮਾ, ਰਾਜੀਵ ਕੁਮਾਰ, ਮੋਹਨ ਸਿੰਘ ਛੰਨਾ, ਮਾਸਟਰ ਮਨੋਹਰ ਲਾਲ ਅਤੇ ਸੁਖਜੰਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਜਿਸ ਕਾਰਨ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਲੈਣ ਲਈ, ਏ.ਸੀ.ਪੀ.ਲਾਗੂ ਕਰਾਉਣ ਲਈ, ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ, ਪੰਜਾਬ ਦੇ ਮੁਲਾਜ਼ਮਾਂ ਤੇ 17.07.20 ਦੇ ਪੱਤਰ ਰਾਹੀਂ ਲਾਗੂ ਕੇਂਦਰੀ ਤਨਖਾਹ ਕਮਿਸ਼ਨ ਰੱਦ ਕਰਵਾਉਣ ਲਈ, ਪ੍ਰੋਬੇਸ਼ਨ ਪੀਰੀਅਡ ’ਚ ਵਾਧੇ ਵਾਲਾ 15.01.15 ਦਾ ਪੱਤਰ ਰੱਦ ਕਰਵਾਉਣ ਲਈ, 6ਵੇਂ ਤਨਖਾਹ ਕਮਿਸ਼ਨ ਨੂੰ ਮੁਕੰਮਲ ਰੂਪ ’ਚ ਲਾਗੂ ਕਰਾਉਣ ਲਈ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦਿਵਾਉਣ ਲਈ, ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ ਲਈ ਜ਼ਿਲ੍ਹਾ ਪੱਧਰ ਤੇ ਖ਼ਜ਼ਾਨਾ ਦਫ਼ਤਰ ਬਰਨਾਲਾ ਅੱਗੇ 24 ਜੂਨ ਨੂੰ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਜਿਸਦੀਆਂ ਤਿਆਰੀਆਂ ਵਜੋਂ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੱਕ ਪਹੁੰਚ ਕੀਤੀ ਜਾਵੇਗੀ। ਇਸ ਰੋਸ ਰੈਲੀ ’ਚ ਜ਼ਿਲ੍ਹਾ ਬਰਨਾਲਾ ਦੀਆਂ ਸਮੁੱਚੀਆਂ ਦਫ਼ਤਰੀ ਅਤੇ ਫੀਲਡ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਭਾਗ ਲੈਣਗੀਆਂ। ਜ਼ਿਲ੍ਹਾ ਪੱਧਰੀ ਐਕਸ਼ਨਾਂ ਤੋਂ ਬਾਅਦ ਮਿਤੀ 01 ਜੁਲਾਈ ਤੋਂ 10 ਜੁਲਾਈ ਤੱਕ ਪੰਜਾਬ ਸਰਕਾਰ ਦੇ ਮੰਤਰੀਆਂ/ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਚਿਤਾਵਨੀ ਪੱਤਰ ਸੌਂਪੇ ਜਾਣਗੇ। ਇਸਤੋਂ ਬਾਅਦ ਮਿਤੀ 17 ਜੁਲਾਈ ਨੂੰ ਮੁਹਾਲੀ ਵਿਖੇ ਪੰਜਾਬ ਭਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਮਹਾਂ ਰੋਸ ਰੈਲੀ ਕੀਤੀ ਜਾਵੇਗੀ। ਜਿਸ ’ਚ ਪੰਜਾਬ ਅਤੇ ਚੰਡੀਗੜ੍ਹ ਦੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰ ਸ਼ਾਮਿਲ ਹੋਣਗੇ। ਜੇਕਰ ਇਸ ਮਹਾਂਰੈਲੀ ਤੋਂ ਬਾਅਦ ਵੀ ਸਰਕਾਰ ਦੀ ਅੱਖ ਨਹੀਂ ਖੁੱਲੀ ਤਾਂ ਪੰਜਾਬ ਮਹਾਂਬੰਦ ਕੀਤਾ ਜਾਵੇਗਾ। ਇਸ ਮੀਟਿੰਗ ’ਚ ਗੁਰਦੀਪ ਸਿੰਘ, ਮੁਨੀਸ਼ ਕੁਮਾਰ, ਸੁਰਜਨ ਸਿੰਘ, ਬਲਵੰਤ ਸਿੰਘ, ਹਰਭੋਲ ਸਿੰਘ, ਗੁਰਨਾਮ ਸਿੰਘ, ਸੁਖਜੀਤ ਸਿੰਘ, ਗਗਨਦੀਪ ਸਿੰਘ, ਅਜਿੰਦਰਪਾਲ ਸਿੰਘ, ਬਲਜੀਤ ਸਿੰਘ, ਰਾਮਪਿਆਰਾ ਸਿੰਘ, ਰਵਿੰਦਰ ਸ਼ਰਮਾ, ਅਨਿਲ ਕੁਮਾਰ, ਨਿਰਮਲਜੀਤ ਸਿੰਘ, ਸੁਰਿੰਦਰ ਸ਼ਰਮਾ ਆਦਿ ਆਗੂ ਹਾਜ਼ਰ ਸਨ।