ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ : ਐੱਸਪੀ ਸ਼ਰਮਾ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ :- ਐਸ. ਪੀ ਸ਼ਰਮਾ
Publish Date: Sun, 05 Jul 2026 06:22 PM (IST)
Updated Date: Mon, 06 Jul 2026 04:06 AM (IST)
ਤਪਾ ਦੇ ਵੱਖ-ਵੱਖ ਇਲਾਕਿਆਂ ’ਚ ਆਪ੍ਰੇਸ਼ਨ ਕਾਸੋ ਤਹਿਤ ਚੈਕਿੰਗ ਮੁਹਿੰਮ ਚਲਾਇਆ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਨਸ਼ੇ ਦੀ ਚੇਨ ਨੂੰ ਤੋੜਨ ਦੇ ਲਈ ਸਮੇਂ-ਸਮੇਂ ’ਤੇ ਪੁਲਿਸ ਵੱਲੋਂ ਆਪ੍ਰੇਸ਼ਨ ਚਲਾ ਕੇ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਇਸੇ ਦੇ ਚਲਦੇ ਅੱਜ ਤਪਾ ਦੇ ਵੱਖ-ਵੱਖ ਇਲਾਕਿਆਂ ’ਚ ਆਪ੍ਰੇਸ਼ਨ ਕਾਸੋ ਤਹਿਤ ਚੈਕਿੰਗ ਮੁਹਿੰਮ ਚਲਾਈ ਗਈ। ਜਿਸਦੇ ਚਲਦੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਤੇ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਜੇਕਰ ਕੋਈ ਨਸ਼ੇ ਦੇ ਕਾਰੋਬਾਰ ਦੇ ’ਚ ਸ਼ਾਮਿਲ ਮਿਲਿਆ ਤਾਂ ਉਸਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ (ਡੀ) ਅਸ਼ੋਕ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਸ ਕਾਸੋ ਆਪ੍ਰੇਸ਼ਨ ਦੌਰਾਨ ਡੀਐੱਸਪੀ ਤਪਾ ਜਸਕਰਨ ਸਿੰਘ ਬਰਾੜ, ਥਾਣਾ ਮੁਖੀ ਤਪਾ ਸਬ ਇੰਸਪੈਕਟਰ ਅਮਰੀਕ ਸਿੰਘ ਗਰੇਵਾਲ ਤੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋ ਦੀ ਅਗਵਾਈ ’ਚ ਪੁਲਿਸ ਵੱਲੋਂ ਅਨੰਦਪੁਰ ਬਸਤੀ, ਢਿਲਵਾਂ ਰੋਡ, ਘੜੇਲੀ ਰੋਡ, ਅਤੇ ਬਾਜ਼ੀਗਰ ਬਸਤੀ ਆਦਿ ਇਲਾਕਿਆਂ ਵਿਚ ਕਾਸੋ ਆਪ੍ਰੇਸ਼ਨ ਚਲਾਇਆ ਗਿਆ, ਜਿੱਥੇ ਉਨ੍ਹਾਂ ਸ਼ੱਕੀ ਵਿਅਕਤੀਆਂ ਤੇ ਘਰਾਂ ਦੀ ਬਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ੱਕੀ ਸ਼ਖਸ ਮਿਲਦਾ ਹੈ ਤਾਂ ਉਸ ਕੋਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਠੱਲ ਪਾਈ ਜਾ ਸਕੇ। ਆਉਣ ਵਾਲੇ ਸਮੇਂ ਦੇ ਵਿਚ ਵੀ ਅਜਿਹੇ ਆਪ੍ਰੇਸ਼ਨ ਚੱਲਦੇ ਰਹਿਣਗੇ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਕੋੜ ਤੋਂ ਬਾਹਰ ਕੱਢਿਆ ਜਾ ਸਕੇ। ਇਸ ਤੋਂ ਇਲਾਵਾ ਐੱਸਪੀ ਅਸ਼ੋਕ ਸ਼ਰਮਾ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਮਾਜ ਦੇ ਲੋਕਾਂ ਤੇ ਪੁਲਿਸ ਵਿਚਾਲੇ ਦੋਸਤਾਨਾ ਸਬੰਧ ਹੋਣੇ ਬਹੁਤ ਜ਼ਰੂਰੀ ਹਨ, ਕਿਉਂਕਿ ਸਮਾਜ ਦੇ ਲੋਕਾਂ ਦੇ ਸਹਿਯੋਗ ਤੋਂ ਬਗੈਰ ਸਮਾਜ ਵਿਰੋਧੀ ਅਨਸਰਾਂ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ ਤੇ ਨਾ ਹੀ ਸਮਾਜਿਕ ਬੁਰਾਈਆਂ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਪੁਲਿਸ ਨੂੰ ਲੋਕਾਂ ਦਾ ਪੂਰਨ ਸਹਿਯੋਗ ਪ੍ਰਾਪਤ ਹੋਵੇ। ਉਨ੍ਹਾਂ ਕਿਹਾ ਕਿ ਅਜੋਕੀ ਨੌਜਵਾਨ ਪੀੜੀ ਦਿਨ ਪ੍ਰਤੀ ਦਿਨ ਖ਼ਤਰਨਾਕ ਨਸ਼ਿਆਂ ਆਦਿ ਨਾਲ ਸਮਾਜਿਕ ਬੁਰਾਈਆਂ ਵੱਲ ਪ੍ਰੇਰਿਤ ਹੋਣ ਕਰਕੇ ਅਵਾਰਾਪਨ, ਬੇਰੁਜ਼ਗਾਰੀ ਤੇ ਖ਼ਤਰਨਾਕ ਅਪਰਾਧਾਂ ਵੱਲ ਪ੍ਰੇਰਿਤ ਹੁੰਦੀ ਜਾ ਰਹੀ ਹੈ, ਜੋਕਿ ਆਉਣ ਵਾਲੇ ਸਮੇਂ ਵਿਚ ਸਾਡੇ ਸਮਾਜ ਲਈ ਬਹੁਤ ਖ਼ਤਰਨਾਕ ਸਿੱਧ ਹੋ ਸਕਦੀ ਹੈ। ਇਸ ਲਈ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਤੇ ਸਮਾਜਿਕ ਬੁਰਾਈਆਂ ਦੇ ਜੜ੍ਹ ਤੋਂ ਖ਼ਾਤਮੇ ਲਈ ਸਮਾਜ ਦੇ ਹਰ ਇਨਸਾਨ ਨੂੰ ਆਪਣਾ ਫ਼ਰਜ ਸਮਝਦੇ ਹੋਏ ਪੁਲਿਸ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ। ਇਸ ਮੌਕੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ, ਸਹਾਇਕ ਥਾਣੇਦਾਰ ਜਗਪਾਲ ਸਿੰਘ, ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਆਦਿ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਹਾਜ਼ਰ ਸਨ।