ਡਰੈਗਨ ਫਰੂਟ ਦੀ ਕਾਸ਼ਤ ਨਾਲ ਚੋਖੀ ਕਮਾਈ ਕਰ ਰਿਹੈ ਠੁੱਲੇਵਾਲ ਦਾ ਕਿਸਾਨ ਸਤਨਾਮ ਸਿੰਘ ਡਰੈਗਨ ਫਰੂਟ ਦੀ ਕਾਸ਼ਤ ਨਾਲ ਚੋਖੀ ਕਮਾਈ ਕਰ ਰਿਹੈ ਠੁੱਲੇਵਾਲ ਦਾ ਕਿਸਾਨ ਸਤਨਾਮ ਸਿੰਘ
Publish Date: Mon, 13 Jul 2026 05:46 PM (IST)
Updated Date: Tue, 14 Jul 2026 04:04 AM (IST)
: 4 ਏਕੜ ਰਕਬੇ ’ਚ ਕਰਦਾ ਹੈ ਡਰੈਗਨ ਦੀ ਕਾਸ਼ਤ, ਇਕ ਏਕੜ ’ਚ ਸ਼ੇਡ ਨੈੱਟ ਹਾਊਸ ਦਾ ਸਫਲ ਤਜਰਬਾ : ਨਾਲੇ ਪਾਣੀ ਦੀ ਬੱਚਤ, ਨਾਲੇ 12 ਲੱਖ ਰੁਪਏ ਸਾਲਾਨਾ ਆਮਦਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਪਿੰਡ ਠੁੱਲੇਵਾਲ ਦਾ ਕਿਸਾਨ ਸਤਨਾਮ ਸਿੰਘ ਜਿੱਥੇ ਡਰੈਗਨ ਫਰੂਟ ਦੀ ਕਾਸ਼ਤ ਨਾਲ ਚੋਖੀ ਕਮਾਈ ਕਰ ਰਿਹਾ ਹੈ, ਓਥੇ ਇਸ ਫਸਲ ਨੂੰ ਨਾਮਾਤਰ ਪਾਣੀ ਦੀ ਲੋੜ ਹੋਣ ਕਰਕੇ ਪਾਣੀ ਦੇ ਰਾਖੇ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਿਹਾ ਹੈ।ਪਿੰਡ ਠੁੱਲੇਵਾਲ ਵਾਸੀ ਸਤਨਾਮ ਸਿੰਘ ਪੁੱਤਰ ਹਰਬੰਤ ਸਿੰਘ ਨੇ ਦੱਸਿਆ ਕਿ ਉਹ 4 ਏਕੜ ਰਕਬੇ ’ਚ ਡਰੈਗਨ ਦੀ ਕਾਸ਼ਤ ਕਰਦਾ ਹੈ। ਸਤਨਾਮ ਸਿੰਘ ਨੇ ਡਰੈਗਨ ਦੀ ਕਾਸ਼ਤ ਸਾਲ 2016 ’ਚ ਗੁਜਰਾਤ ਦੇ ਕਿਸਾਨਾਂ ਤੋਂ ਪ੍ਰਭਾਵਿਤ ਹੋ ਕੇ 2 ਕਨਾਲ ਰਕਬੇ ’ਚ ਸ਼ੁਰੂ ਕੀਤੀ ਸੀ। ਓਸਨੇ ਤਿੰਨ ਏਕੜ ਰਕਬੇ ’ਚ ਖੁੱਲ੍ਹੇ ’ਚ ਪੋਲ ਲਗਾ ਕੇ ਡਰੈਗਨ ਲਗਾਏ ਹੋਏ ਹਨ, ਜਦਕਿ ਇਕ ਏਕੜ ’ਚ ਕਰੀਬ ਢਾਈ ਸਾਲ ਪਹਿਲਾਂ ਸ਼ੇਡ ਨੈੱਟ ਹਾਊਸ ਹੇਠ ਡਰੈਗਨ ਦੀ ਕਾਸ਼ਤ ਸ਼ੁਰੂ ਕੀਤਾ ਤਾਂ ਜੋ ਫ਼ਸਲ ਨੂੰ ਜਿਆਦਾ ਗਰਮੀ ਤੇ ਜਿਆਦਾ ਸਰਦੀ ਤੋਂ ਬਚਾਇਆ ਜਾ ਸਕੇ। ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਹ ਸ਼ੇਡ ਨੈੱਟ ਹਾਊਸ ’ਚ ਡਰੈਗਨ ਦਾ ਤਜਰਬਾ ਕਰਨ ਵਾਲੇ ਜ਼ਿਲ੍ਹੇ ਦੇ ਪਹਿਲੇ ਕਿਸਾਨ ਹਨ ਜਿਨ੍ਹਾਂ ਦਾ ਇਹ ਤਜਰਬਾ ਬੜਾ ਹੀ ਸਫਲ ਰਿਹਾ। ਸ਼ੇਡ ਨੈੱਟ ਹਾਊਸ ਵਿਚ ਡਰੈਗਨ ਦੀ ਫ਼ਸਲ ਦਾ ਝਾੜ ਵਧੀਆ ਮਿਲਦਾ ਹੈ ਤੇ ਫਲ ਦਾ ਆਕਾਰ ਵੱਡਾ ਹੁੰਦਾ ਹੈ। ਉਸਨੇ ਆਖਿਆ ਕਿ ਇਕ ਏਕੜ ਰਕਬੇ ’ਚ ਇਕ ਸੀਜ਼ਨ ਦੌਰਾਨ ਡਰੈਗਨ ਦਾ ਲਗਭਗ 40 ਕੁਇੰਟਨ ਉਤਪਾਦਨ ਹੁੰਦਾ ਹੈ ਜਦਕਿ ਸ਼ੇਡ ਨੈੱਟ ਹਾਊਸ ’ਚ ਝਾੜ ਇਸ ਤੋਂ ਜਿਆਦਾ ਹੁੰਦਾ ਹੈ। ਡਰੈਗਨ ਮੰਡੀ ’ਚ 150 ਤੋਂ 250 ਰੁਪਏ ਕਿੱਲੋ ਵਿਕਦਾ ਹੈ ਤੇ ਉਹ 4 ਏਕੜ ’ਚੋਂ ਖਰਚੇ ਕੱਢਕੇ ਕਰੀਬ 12 ਲੱਖ ਰੁਪਏ ਸਾਲਾਨਾ ਕਮਾਈ ਕਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ 2 ਸਾਲ ਦੀ ਉਮਰ ’ਚ ਇਹ ਫ਼ਸਲ ਪੂਰਾ ਝਾੜ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ ਜੁਲਾਈ ਤੋਂ ਨਵੰਬਰ ਤਕ ਤੁੜਾਈ ਚੱਲਦੀ ਹੈ। ਇਸ ਦਾ ਮੁਨਾਫ਼ਾ ਕਣਕ - ਝੋਨੇ ਨਾਲੋਂ ਕਈ ਗੁਣਾ ਵੱਧ ਹੁੰਦਾ ਹੈ। ਉਨ੍ਹਾਂ ਆਖਿਆ ਕਿ ਉਹ ਆਪਣੇ ਫਾਰਮ ’ਤੇ ਅਮਰੀਕਨ ਬਿਊਟੀ ਕਿਸਮ ਦੀ ਕਾਸ਼ਤ ਕਰ ਰਹੇ ਹਨ ਤੇ ਆਪਣੀ ਫਸਲ ਮਾਨਸਾ, ਬਠਿੰਡਾ, ਲੁਧਿਆਣਾ, ਚੰਡੀਗੜ੍ਹ ਸਮੇਤ ਹੋਰ ਜ਼ਿਲ੍ਹਿਆਂ ’ਚ 10- 10 ਕਿਲੋ ਦੀ ਪੈਕਿੰਗ ਹੇਠ ਡਰੈਗਨ ਫਾਰਮ ਠੁੱਲੇਵਾਲ ਨਾਮ ਹੇਠ ਵੇਚਦੇ ਹਨ। ਇਹ ਇਸ ਖਿੱਤੇ ’ਚ ਪਾਣੀ ਦਾ ਪੱਧਰ ਕਾਫੀ ਹੇਠਾਂ ਹੋਣ ਕਰਕੇ ਓਨ੍ਹਾਂ ਨੇ ਇਹ ਫ਼ਸਲ ਦਾ ਤਜਰਬਾ ਕਰਨ ਦ ਸੋਚਿਆ ਸੀ ਕਿਉੰਕਿ ਡਰੈਗਨ ਫਰੂਟ ਨੂੰ ਝੋਨੇ ਦੇ ਮੁਕਾਬਲੇ ਮਾਮੂਲੀ ਪਾਣੀ ਦੀ ਲੋੜ ਪੈਂਦੀ ਹੈ। ਓਹ ਸਾਲ ਵਿਚ ਸਿਰਫ 4 ਵਾਰ ਫਸਲ ਨੂੰ ਪਾਣੀ ਦਿੰਦੇ ਹਨ, ਉਹ ਵੀ ਤੁਪਕਾ ਸਿੰਜਾਈ ਵਿਧੀ ਨਾਲ। ਉਨ੍ਹਾਂ ਨੇ ਤੁਪਕਾ ਸਿੰਜਾਈ ਸਿਸਟਮ ਲਈ ਭੂਮੀ ਰੱਖਿਆ ਵਿਭਾਗ ਬਰਨਾਲਾ ਰਾਹੀਂ 80 ਫੀਸਦੀ ਸਬਸਿਡੀ ਲਈ ਸੀ ਤੇ ਸ਼ੇਡ ਨੈੱਟ ਹਾਊਸ ਤੇ ਬਾਗਬਾਨੀ ਵਿਭਾਗ ਬਰਨਾਲਾ ਤੋਂ 50 ਫੀਸਦੀ ਸਬਸਿਡੀ ਲਈ। ਜਿਸ ’ਚ ਓਸਨੂੰ ਕਰੀਬ 14 ਲੱਖ ਰੁਪਏ ਸਬਸਿਡੀ ਪ੍ਰਾਪਤ ਹੋਈ। ਓਸਨੇ ਸ਼ੇਡ ਨੈੱਟ ਹਾਊਸ ਵਿਚ ਖੀਰੇ ਦੀ ਫਸਲ ਨਾਲ ਸ਼ੁਰੂਆਤ ਕੀਤੀ ਸੀ ਜਿਸ ਉੱਤੇ ਵੀ ਓਸਨੂੰ ਸਬਸਿਡੀ ਪ੍ਰਾਪਤ ਹੋਈ ਸੀ। ਇਸ ਤੋਂ ਇਲਾਵਾ ਉਹ ਸਾਲ ਭਰ ਡਰੈਗਨ ਫ਼ਰੂਟ ਦੀ ਪਨੀਰੀ ਵੀ ਤਿਆਰ ਕਰਕੇ ਵੇਚਦੇ ਹਨ, ਜਿਸ ਤੋਂ ਉਨ੍ਹਾਂ ਨੂੰ ਵਧੀਆ ਆਮਦਨ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਕ ਬੂਟਾ ਕਰੀਬ 50 ਤੋਂ 60 ਰੁਪਏ ਤਕ ਵਿਕਦਾ ਹੈ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਜਿਵੇਂ ਹਿਮਾਚਲ, ਰਾਜਸਥਾਨ, ਯੂਪੀ ਵਿਚ ਵੀ ਓਹਨਾਂ ਦੇ ਪੌਦੇ ਜਾਂਦੇ ਹਨ। ਸਤਨਾਮ ਸਿੰਘ ਨੇ ਦੱਸਿਆ ਕਿ ਡਰੈਗਨ ਦੀ ਖੇਤੀ ਇੱਕ ਵਾਰ ਲਗਾਉਣ ਵਾਲੀ ਫ਼ਸਲ ਹੈ ਅਤੇ ਪੌਦਿਆਂ ਦੇ ਦਰਮਿਆਨ ਲਗਭਗ ਅੱਧਾ ਕਿੱਲਾ ਖਾਲੀ ਰਹਿੰਦਾ ਹੈ ਜਿਸ ’ਚ ਉਹ ਸਬਜ਼ੀਆਂ, ਹਲਦੀ ਆਦਿ ਦੀ ਇੰਟਰ ਕਰਾਪਿੰਗ ਕਰਦੇ ਹਨ, ਜਿਸ ਨਾਲ ਵਾਧੂ ਮੁਨਾਫ਼ਾ ਮਿਲਦਾ ਹੈ। ਡਰੈਗਨ ਲਗਾਉਣ ਨਾਲ ਉਨ੍ਹਾਂ ਨੂੰ ਕਣਕ ਝੋਨੇ ਦੇ ਫ਼ਸਲ ਚੱਕਰ ਤੋਂ ਛੁਟਕਾਰਾ ਮਿਲਿਆ ਹੈ ਤੇ ਪਾਣੀ ਦੀ ਖ਼ਪਤ ਘਟੀ ਤੇ ਜ਼ਮੀਨ ਦੀ ਸਿਹਤ ’ਚ ਵੀ ਸੁਧਾਰ ਆਇਆ ਹੈ। ਡਿਪਟੀ ਡਾਇਰੈਕਟਰ ਬਾਗਬਾਨੀ ਬਰਨਾਲਾ ਮਲਕੀਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਫਲਦਾਰ ਬੂਟਿਆਂ ਦੇ ਨਵੇਂ ਬਾਗਾਂ ਉੱਤੇ 50 ਫੀਸਦੀ ਸਬਸਿਡੀ ਤੇ ਸ਼ੇਡ ਨੈੱਟ ਹਾਊਸ ਉੱਤੇ ਵੀ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। :ਸਤਨਾਮ ਸਿੰਘ ਜ਼ਿਲ੍ਹੇ ਦੇ ਕਿਸਾਨਾਂ ਲਈ ਬਣਿਆ ਮਿਸਾਲ : ਡੀਸੀ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਨੇ ਕਿਸਾਨ ਸਤਨਾਮ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਠੁੱਲੇਵਾਲ ਦਾ ਕਿਸਾਨ ਡਰੈਗਨ ਫਰੂਟ ਦੀ ਖੇਤੀ ਨਾਲ ਜਿੱਥੇ ਵਧੀਆ ਕਮਾਈ ਕਰ ਰਿਹਾ ਹੈ, ਓਥੇ ਫ਼ਸਲੀ ਵਿਭਿੰਨਤਾ ਅਤੇ ਪਾਣੀ ਦੀ ਬੱਚਤ ’ਚ ਭਰਪੂਰ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਤਨਾਮ ਸਿੰਘ ਜ਼ਿਲ੍ਹੇ ਦੇ ਕਿਸਾਨਾਂ ਲਈ ਮਿਸਾਲ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਡਰੈਗਨ ਜਾਂ ਹੋਰ ਫਲਾਂ (ਬਾਗਾਂ) ਦੀ ਕਾਸ਼ਤ ਸ਼ੁਰੂ ਕਰਨਾ ਚਾਹੁੰਦੇ ਹਨ, ਸਰਕਾਰ ਉਨ੍ਹਾਂ ਨੂੰ ਸਬਸਿਡੀ ਦਿੰਦੀ ਹੈ। ਇਸ ਤੋਂ ਇਲਾਵਾ ਤੁਪਕਾ ਸਿੰਜਾਈ ਸਿਸਟਮ ਉੱਤੇ ਵੀ 80 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ਦਾ ਕਿਸਾਨ ਫਾਇਦਾ ਲੈ ਸਕਦੇ ਹਨ।