ਹੋਣਹਾਰ ਬੱਚਿਆਂ ਨੇ ਭਦੌੜ ਦਾ ਨਾਮ ਕੀਤਾ ਰੌਸ਼ਨ ਐਥਲੇਟਿਕਸ ਮੁਕਾਬਲਿਆਂ ’ਚ ਭਦੌੜ ਦੇ ਹੋਣਹਾਰ ਬੱਚਿਆਂ ਨੇ ਭਦੌੜ ਦਾ ਨਾਮ ਕੀਤਾ ਰੋਸ਼ਨ
Publish Date: Tue, 30 Jun 2026 04:34 PM (IST)
Updated Date: Wed, 01 Jul 2026 04:02 AM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ ਜਦ ਹਿੰਮਤ ਤੇ ਹੌਸਲਾ ਦੋਵੇਂ ਮਿਲ ਜਾਣ ਤਾਂ ਮੰਜ਼ਿਲ ਕਦਮਾਂ ’ਚ ਹੁੰਦੀ ਹੈ। ਇਸ ਕਹਾਵਤ ਨੂੰ ਭਦੌੜ ਦੇ ਅੰਡਰ 18 ਦੇ ਬੱਚਿਆਂ ਨੇ ਬਾਖੂਬੀ ਕਰ ਵਿਖਾਇਆ ਹੈ। ਬੀਤੇ ਦਿਨ ਪਿੰਡ ਢੱਡੇ ਜ਼ਿਲ੍ਹਾ ਬਠਿੰਡਾ ’ਚ ਹੋਏ ਐਥਲੈਟਿਕਸ ਮੁਕਾਬਲਿਆਂ ’ਚ ਭਦੌੜ ਦੇ ਹੋਣਹਾਰ ਬੱਚਿਆਂ ਨੇ ਭਦੌੜ ਦਾ ਅਤੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਕੇ ਗੌਰਵਮਈ ਇਤਿਹਾਸ ਸਿਰਜਿਆ ਹੈ, ਜਿਸ ਦਾ ਸਿਹਰਾ ਕੋਚ ਗੁਰਭਜਨ ਸਿੰਘ ਫੌਜੀ, ਕੋਚ ਹਰਨੇਕ ਸਿੰਘ ਫੌਜੀ, ਕੋਚ ਰਵਿੰਦਰ ਸਿੰਘ ਬੈਂਸ ਨੂੰ ਜਾਂਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਬੱਚਿਆਂ ਨੇ ਵੀ ਹਿੱਸਾ ਲਿਆ ਸੀ, ਜਿਸ ’ਚ ਭਦੌੜ ਦੇ ਬੱਚਿਆਂ ਨੇ ਮੁਕਾਬਲਿਆਂ ’ਚ ਆਪਣੇ ਵਿਰੋਧੀਆਂ ਨੂੰ ਜ਼ਬਰਦਸਤ ਟੱਕਰ ਦਿੰਦੇ ਹੋਏ ਬਹੁਤ ਹੀ ਸਖ਼ਤ ਮੁਕਾਬਲੇ ’ਚੋਂ ਵਧੀਆ ਪੁਜੀਸ਼ਨਾਂ ਹਾਸਿਲ ਕੀਤੀਆਂ। ਉਨ੍ਹਾਂ ਦੱਸਿਆ ਕਿ ਅੰਡਰ 14 ਦੇ 200 ਮੀਟਰ ਦੌੜ ’ਚ ਸਿਮਰਜੀਤ ਕੌਰ ਨੇ ਸੈਕਿੰਡ ਪੁਜੀਸ਼ਨ ਅਤੇ ਪ੍ਰਿਅੰਕਾ ਰਾਣੀ ਨੇ ਥਰਡ ਪੁਜੀਸ਼ਨ ਹਾਸਿਲ ਕੀਤੀ। ਇਸ ਤੋਂ ਇਲਾਵਾ ਅੰਡਰ 16 ਦੇ 200 ਮੀਟਰ ਦੌੜ ’ਚ ਵੀਰਪਾਲ ਕੌਰ ਨੇ ਸੈਕਿੰਡ ਪੁਜੀਸ਼ਨ ਹਾਸਿਲ ਕੀਤੀ ਅਤੇ ਅੰਡਰ 18 ਦੇ 200 ਮੀਟਰ ਦੌੜ ’ਚ ਅਮਨਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕਰ ਕੇ ਭਦੌੜ ਦਾ ਨਾਮ ਰੌਸ਼ਨ ਕੀਤਾ। ਮੁਕਾਬਲਿਆਂ ’ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਡੀਐਸਪੀ ਮੌੜ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਡੀਐਸਪੀ ਮੌੜ ਨੇ ਕਿਹਾ ਕਿ ਬੱਚੇ ਆਪਣੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਇਨ੍ਹਾਂ ਵੱਲੋਂ ਹਾਸਿਲ ਕੀਤੀਆਂ ਗਈਆਂ ਉਪਲੱਬਧੀਆਂ ਇਹਨਾਂ ਨੂੰ ਮੰਜ਼ਿਲ ਵੱਲ ਲੈ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਬੱਚੇ ਹਮੇਸ਼ਾ ਹੀ ਚੰਗੀ ਬੁਨਿਆਦ ਦੀ ਨੀਹ ਰੱਖਦੇ ਹਨ ਕਾਮਯਾਬੀ ਉਹਨਾਂ ਦੇ ਪੈਰਾਂ ਵਿੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਬੱਚੇ ਸਾਡੇ ਦੇਸ਼ ਦਾ ਗੌਰਵ ਹਨ ਅਤੇ ਇਹਨਾਂ ਨੂੰ ਤਰੱਕੀ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ। ਜ਼ਿਕਰਯੋਗ ਹੈ ਕਿ ਇਨ੍ਹਾਂ ਬੱਚਿਆਂ ਨੂੰ ਭਦੌੜ ਦੇ ਪਬਲਿਕ ਖੇਡ ਸਟੇਡੀਅਮ ’ਚ ਆਰਮੀ ਰਿਟਾਇਰਡ ਗੁਰਭਜਨ ਸਿੰਘ,ਹਰਨੇਕ ਸਿੰਘ ਫੌਜੀ ਤੇ ਰਵਿੰਦਰ ਸਿੰਘ ਬੈਂਸ ਲੰਬੇ ਸਮੇਂ ਤੋਂ ਤਿਆਰੀ ਕਰਵਾਉਂਦੇ ਆ ਰਹੇ ਸਨ ਅਤੇ ਪਿਛਲੇ ਦਿਨੀ ਅੰਡਰ 12 ਸਾਲ ਦੇ ਬੱਚਿਆਂ ਦੀ ਸਾਢੇ ਤਿੰਨ ਕਿਲੋਮੀਟਰ ਅਤੇ ਅੰਡਰ 15 ਸਾਲ ਦੇ ਬੱਚਿਆਂ ਦੀ 5 ਕਿਲੋਮੀਟਰ ਦੀਆਂ ਦੌੜਾਂ ਵੀ ਸਫ਼ਲਤਾਪੂਰਵਕ ਕਰਵਾ ਚੁੱਕੇ ਹਨ। ਭਦੌੜ ਦੇ ਵਸਨੀਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਇਹਨਾਂ ਤੋਂ ਹੋਰ ਵੀ ਬਹੁਤ ਵੱਡੀਆਂ ਉਮੀਦਾਂ ਹਨ ਜੋ ਕਿ ਇਨ੍ਹਾਂ ਬੱਚਿਆਂ ਨੂੰ ਹੋਰ ਅੱਗੇ ਲਿਜਾਣ ’ਚ ਸਹਾਈ ਹੋਣਗੀਆਂ।