ਐੱਨਸੀਈਆਰਟੀ ਦੇ ਸਿਲੇਬਸ ’ਚ ਮੰਨੂ ਸਮ੍ਰਿਤੀ ਸ਼ਾਮਲ ਕਰਨ ਦਾ ਵਿਰੋਧ
ਤਰਕਸ਼ੀਲਾਂ ਵੱਲੋਂ ਐਨਸੀਈਆਰਟੀ ਦੇ ਸਿਲੇਬਸ ’ਚ ਮੰਨੂ ਸਮ੍ਰਿਤੀ ਸ਼ਾਮਲ ਕਰਨ ਦਾ ਸਖ਼ਤ ਵਿਰੋਧ
Publish Date: Sat, 27 Jun 2026 05:25 PM (IST)
Updated Date: Sun, 28 Jun 2026 04:02 AM (IST)

ਮਨੂੰ ਸਮ੍ਰਿਤੀ ਔਰਤ ਵਿਰੋਧੀ ਤੇ ਸਮਾਜਿਕ ਵੰਡੀਆਂ ਪਾਉਣ ਵਾਲਾ ਗ੍ਰੰਥ : ਤਰਕਸ਼ੀਲ ਸੁਸਾਇਟੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਤਰਕਸ਼ੀਲ਼ ਸੁਸਾਇਟੀ ਪੰਜਾਬ ਨੇ ਐੱਨਸੀਈਆਰਟੀ ਵੱਲੋਂ ਸਮਾਜਿਕ ਵਿਗਿਆਨ ਦੀ ਨਵੀਂ ਪੁਸਤਕ ਵਿੱਚ ਮੰਨੂ ਸਮ੍ਰਿਤੀ ਦੇ ਸ਼ਲੋਕ ਨੂੰ ਸ਼ਾਮਲ ਕਰਨ ਤੇ ਇਸਦੀ ਸਰਾਸਰ ਗ਼ਲਤ ਤੇ ਝੂਠੀ ਵਿਆਖਿਆ ਕਰਨ ਦੇ ਫ਼ਿਰਕੂ ਫੈਸਲੇ ਦਾ ਡਟਵਾਂ ਵਿਰੋਧ ਕਰਦਿਆਂ ਇਸਨੂੰ ਸਿਲੇਬਸ ’ਚੋਂ ਤੁਰੰਤ ਬਾਹਰ ਕੱਢਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਮੂਹ ਲੋਕ ਪੱਖੀ, ਪ੍ਰਗਤੀਸ਼ੀਲ ਜਮਹੂਰੀ ਸਮਾਜਿਕ ਸੰਸਥਾਵਾਂ ਨੂੰ ਸਿੱਖਿਆ ਦੇ ਇਸ ਸਾਜ਼ਿਸ਼ੀ ਭਗਵਾਂਕਰਨ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧੀ ਤਰਕਸ਼ੀਲ ਭਵਨ ਬਰਨਾਲੇ ਤੋਂ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਰਾਜਪਾਲ ਸਿੰਘ, ਰਾਮ ਸਵਰਨ ਲੱਖੇਵਾਲੀ ਤੇ ਸੁਮੀਤ ਅੰਮ੍ਰਿਤਸਰ ਨੇ ਪ੍ਰਤੀਕਰਮ ਜਾਰੀ ਕਰਦਿਆਂ ਕਿਹਾ ਕਿ ਮੰਨੂ ਸਮ੍ਰਿਤੀ ਇਕ ਅਜਿਹਾ ਗ੍ਰੰਥ ਹੈ। ਜਿਸ ’ਚ ਵਰੁਣ ਵੰਡ ਦੀ ਇੱਕ ਗਿਣੀ ਮਿੱਥੀ ਸਾਜ਼ਿਸ਼ ਹੇਠ ਸਮਾਜ ’ਚ ਜਾਤ-ਪਾਤ ਨਫ਼ਰਤ ਫੈਲਾਉਣ ਤੇ ਸਮਾਜਿਕ ਵੰਡੀਆਂ ਪਾਉਣ ਦੇ ਨਾਲ-ਨਾਲ ਔਰਤ ਵਿਰੋਧੀ ਮਾਨਸਿਕਤਾ ਦਾ ਪ੍ਰਚਾਰ ਕੀਤਾ ਗਿਆ ਹੈ ਅਤੇ ਅਧਿਆਏ ਪੰਜ ਹੇਠ ਔਰਤਾਂ ਦੀ ਆਜ਼ਾਦ ਮਨੁੱਖੀ ਹਸਤੀ ਨੂੰ ਨਕਾਰ ਕੇ ਉਸਨੂੰ ਉਮਰ ਦੇ ਵੱਖ ਵੱਖ ਪੜਾਵਾਂ ’ਚ ਪਿਤਾ,ਪਤੀ ਅਤੇ ਪੁੱਤਰਾਂ ਦੀ ਸਖ਼ਤ ਅਧੀਨਗੀ ਹੇਠ ਘਰ ਦੀ ਚਾਰਦੀਵਾਰੀ ’ਚ ਗੁਲਾਮ ਬਣ ਕੇ ਰਹਿਣ ਦੀਆਂ ਨਸੀਹਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਐਨ ਸੀ ਈ ਆਰ ਟੀ ਦੇ ਪ੍ਰਬੰਧਕਾਂ ਉਤੇ ਭਾਜਪਾ - ਆਰ ਐਸ ਐਸ ਦੇ ਹਿੰਦੂਤਵ ਦੇ ਫ਼ਿਰਕੂ ਏਜੰਡੇ ਨੂੰ ਲਾਗੂ ਕਰਨ ਅਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵੈਦਿਕ ਕਾਲ ਦੌਰਾਨ ਔਰਤਾਂ ਨੂੰ ਸਤਿਕਾਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਸੀ ਜਦਕਿ ਇਸਦੇ ਉਲਟ ਔਰਤਾਂ ਨੂੰ ਵਿੱਦਿਆ ਗ੍ਰਹਿਣ ,ਅਧਿਐਨ ਕਰਨ ਅਤੇ ਵੇਦ ਮੰਤਰਾਂ ਦਾ ਉਚਾਰਨ ਕਰਨ ਦੀ ਵੀ ਕੋਈ ਆਗਿਆ ਨਹੀ ਸੀ ਅਤੇ ਔਰਤ ਨੂੰ ਮਰਦਾਂ, ਰਾਜਿਆਂ, ਜਗੀਰਦਾਰਾਂ ਦੀ ਦਾਸੀ, ਨਿੱਜੀ ਜਾਇਦਾਦ ਅਤੇ ਪੈਰ ਦੀ ਜੁੱਤੀ ਕਹਿਕੇ ਤ੍ਰਿਸਕਾਰਿਆ ਜਾਂਦਾ ਸੀ ਜਿਸਦਾ ਇੱਕੋ ਇੱਕ ਕੰਮ ਸਾਰੀ ਉਮਰ ਮਰਦਾਂ ਨੂੰ ਖੁਸ਼ ਰੱਖਣ, ਬੱਚੇ ਪੈਦਾ ਕਰਨ ਅਤੇ ਸੇਵਾ ਕਰਨ ਤੱਕ ਸੀਮਤ ਸੀ। ਤਰਕਸ਼ੀਲ਼ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਸੰਨ 2018 ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਦੇ ਬਿੱਲਕੁਲ ਉਲਟ ਸਾਬਰੀਮਾਲਾ ਮੰਦਿਰ ਵਿੱਚ 10 ਤੋਂ 50 ਸਾਲ ਦੇ ਵਰਗ ਦੀਆਂ ਔਰਤਾਂ ਦੇ ਦਾਖਲੇ ਉਤੇ ਪਾਬੰਦੀ ਲਾਉਣ ਲਈ ਸੁਪਰੀਮ ਕੋਰਟ ’ਚ ਦਿੱਤੇ ਹਲਫ਼ੀਆ ਦਸਤਾਵੇਜ਼ ਇਸ ਤੱਥ ਦਾ ਸਬੂਤ ਹਨ ਕਿ ਭਾਜਪਾ - ਆਰ ਐਸ ਐਸ ਦੀ ਰੂੜੀਵਾਦੀ ਅਤੇ ਫ਼ਿਰਕੂ ਮਾਨਸਿਕਤਾ ਸਦੀਆਂ ਬਾਅਦ ਵੀ ਔਰਤ ਵਿਰੋਧੀ ਹੈ ਅਤੇ ਉਹ ਔਰਤਾਂ ਨੂੰ ਸਮਾਜ ,ਪਰਿਵਾਰ ਅਤੇ ਦੇਸ਼ ’ਚ ਬਰਾਬਰੀ ਦਾ ਦਰਜਾ, ਇੱਜ਼ਤ,ਸਨਮਾਨ ਅਤੇ ਵਿਕਾਸ ਦੇ ਮੌਕੇ ਦੇਣ ਤੋਂ ਬਿੱਲਕੁਲ ਇਨਕਾਰੀ ਹੈ।