- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪਡੇਟ 11 ਨੰਬਰ ਫਾਈਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਖੋ ਕਲਾਂ : ਹਾੜ੍ਹੀ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਬੈਂਕਾਂ ’ਚ ਆਈ ਨਕਦ ਕੈਸ਼ ਦੀ ਘਾਟ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਸਲ ਦੇ ਆਉਂਦੇ ਹੀ ਕਿਸਾਨਾਂ ਨੇ ਆਪਣੀਆਂ ਦੇਣਦਾਰੀਆਂ ਦੇਣੀਆਂ ਹੁੰਦੀਆ ਹਨ, ਜਿਨ੍ਹਾਂ ’ਚ ਮੁੱਖ ਤੌਰ ਜਮੀਨ ਦੇ ਠੇਕੇ ਦੇ ਪੈਸੇ, ਦੁਕਾਨਾਂ ਦਾ ਹਿਸਾਬ ਕਿਤਾਬ, ਕੋਆਪਰੇਟਿਵ ਸੁਸਾਇਟੀਆਂ ਤੇ ਬੈਕਾਂ ਦੀਆਂ ਲਿਮਟਾਂ ਘੁੰਮਾਉਣੀਆਂ ਹੁੰਦੀਆਂ ਹਨ ਤੇ ਅਗਲੀ ਫ਼ਸਲ ਲਈ ਖਾਦ, ਬੀਜ, ਡੀਜਲ ਆਦਿ ਖਰੀਦਣਾ ਹੁੰਦਾ ਹੈ। ਇਸ ਵਾਰ ਕਿਸਾਨ ਨੂੰ ਨਕਦ ਪੈਸੇ ਨਾ ਮਿਲਣ ਕਾਰਨ ਸਭ ਕੁੱਝ ਥਾਂ ਹੀ ਰੁਕ ਗਿਆ ਹੈ। ਆਪਣੇ ਸਰਕਲ ਮੁਤਿਬਕ ਕਿਸਾਨ ਪਹਿਲਾਂ ਬੈਕਾਂ ਤੇ ਕੋਆਪ੍ਰੇਟਿਵ ਸੁਸਾਇਟੀਆਂ ਦੀਆਂ ਲਿਮਟਾਂ ਭਰਦਾ ਹੈ, ਫਿਰ ਉਸ ਪੈਸੇ ਨੂੰ ਕਢਵਾ ਕੇ ਹੋਰਾਂ ਮੰਤਵਾਂ ਲਈ ਵਰਤਦਾ ਹੈ ਪਰ ਇਹ ਪੈਸਾ ਮੌਕੇ ’ਤੇ ਆ ਕੇ ਲਿਮਟਾਂ ’ਚ ਫਸ ਕੇ ਰਹਿ ਗਿਆ ਹੈ। ਇੱਕ ਪਾਸੇ ਤਾਂ ਕਿਸਾਨ ਖੇਤ ’ਚ ਜੀਰੀ ਲਗਵਾ ਰਿਹਾ ਹੈ ਤੇ ਦੂਜੇ ਪਾਸੇ ਪਰਿਵਾਰ ਦਾ ਇਕ ਜੀਅ ਸਭ ਕੰਮ ਧੰਦੇ ਛੱਡ ਕੇ ਬੈਕਾਂ ਅੱਗੇ ਬੈਠਾ ਹੈ। ਬੈਕਾਂ ਵੱਲੋਂ ਕਿਸਾਨਾਂ ਦੇ ਜ਼ਿਆਦਾਤਰ ਪੈਸੇ ਖਾਤਿਆਂ ’ਚ ਹੀ ਪਾਏ ਜਾ ਰਹੇ ਹਨ ਪਰ ਬਹੁਤੇ ਕਿਸਾਨਾਂ ਨੂੰ ਨੈੱਟ ਬੈਕਿੰਗ ਚਲਾਉਣ ਦੀ ਜਾਣਕਾਰੀ ਹੀ ਨਹੀਂ, ਉਹ ਕਿਸੇ ਸਾਈਬਰ ਠੱਗੀ ਠੋਰੀ ਦੇ ਡਰੋਂ ਇਸ ਨੂੰ ਚਲਾਉਣਾ ਵੀ ਨਹੀਂ ਚਾਹੁੰਦੇ, ਇਸ ਕਰਕੇ ਉਹ ਕੈਸ਼ ਲੈਣ ਲਈ ਬੈਕਾਂ ਦੇ ਗੇੜੇ ਲਗਾ ਰਹੇ ਹਨ। ਪੱਖੋ ਕਲਾਂ ਦੇ ਕਿਸਾਨ ਕੇਵਲ ਸਿੰਘ ਨੇ ਦੱਸਿਆ ਕਿ ਉਸ ਦੇ ਖੇਤ ਲੇਬਰ ਜੀਰੀ ਲਗਵਾ ਰਹੀ ਹੈ, ਜੋ ਚਲਦੇ ਕੰਮ ’ਚ ਨਕਦ ਪੈਸਿਆਂ ਦੀ ਡਿਮਾਂਡ ਕਰ ਰਹੇ ਹਨ, ਇਸ ਲਈ ਉਹ ਕੰਮ ਕਾਰ ਛੱਡ ਕੇ ਦੋ ਤਿੰਨ ਦਿਨ ਤੋਂ ਰੂੜੇਕੇ ਬੈਂਕ ਅੱਗੇ ਗੇੜੇ ਲਗਾ ਰਿਹਾ ਹੈ ਪਰ ਉਸ ਦੀ ਕੈਸ਼ ਦੀ ਵਾਰੀ ਨਹੀਂ ਆ ਰਹੀ। ਇਸ ਤੋਂ ਇਲਾਵਾ ਖੇਤੀਬਾੜੀ ਨਾਲ ਜੁੜੇ ਦੁਕਾਨਦਾਰ ਦੇ ਕੰਮ ਵੀ ਕਿਸਾਨਾਂ ਨੂੰ ਕੈਸ਼ ਨਾ ਮਿਲਣ ਕਾਰਨ ਪ੍ਰਭਾਵਿਤ ਹੋਏ ਹਨ। ਭਾਕਿਯੂ ਡਕੌਂਦਾ ਦੇ ਇਕਾਈ ਪ੍ਰਧਾਨ ਬੂਟਾ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਕੋਆਪ੍ਰੇਟਿਵ ਬੈਕਾਂ ਨੂੰ ਪਹਿਲ ਦੇ ਆਧਾਰ ’ਤੇ ਕੈਸ਼ ਦੇਵੇ ਤਾਂ ਜੋ ਜੀਰੀ ਦੀ ਲਵਾਈ ਮੌਕੇ ਕਿਸਾਨਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।