6 ਪਿੰਡਾਂ ਦੀਆਂ ਪੰਚਾਇਤਾਂ ਦੀ ਬਹਾਲੀ ਲਈ 22 ਜੂਨ ਤੱਕ ਸਹਿਮਤੀ ਬਣੀ
ਪੰਚਾਇਤਾਂ ਦੀ ਬਹਾਲੀ ਲਈ 22 ਜੂਨ ਤੱਕ ਸਹਿਮਤੀ ਬਣੀ
Publish Date: Fri, 12 Jun 2026 03:59 PM (IST)
Updated Date: Sat, 13 Jun 2026 04:00 AM (IST)

:: ਜੇਕਰ ਪੰਚਾਇਤਾਂ ਨੂੰ ਪ੍ਰਬੰਧ ਨਾ ਦਿੱਤੇ ਤਾਂ ਪੱਕਾ ਮੋਰਚਾ ਲਾਵਾਂਗੇ : ਹਰਜੀਤ ਸਿੰਘ ਖਿਆਲੀ ਏਡੀਸੀ ਬਰਨਾਲਾ ਨੇ ਮਸਲੇ ਦੇ ਹੱਲ ਦਾ ਦਿੱਤਾ ਭਰੋਸਾ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਭਾਈ ਲਾਲੋ ਪੰਜਾਬੀ ਮੰਚ ਦੇ ਸੂਬਾਈ ਆਗੂ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਪਿਛਲੇ ਦਿਨੀਂ ਮਹਿਲ ਕਲਾਂ ਬੱਸ ਸਟੈਂਡ ਵਿਖੇ 6 ਪਿੰਡਾਂ ਦੀਆਂ ਪੰਚਾਇਤਾਂ ਨੂੰ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਰੋਸ ਧਰਨੇ ਤੋਂ ਬਾਅਦ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ’ਚ ਪਿੰਡ ਧਨੇਰ, ਨਾਈਵਾਲਾ, ਚੀਮਾ, ਚੂੰਘਾ, ਚੋਹਾਣਕੇ ਕਲਾਂ ਤੇ ਭੱਦਲਵੱਢ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਸੁਖਬੀਰ ਸਿੰਘ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ 12 ਜੂਨ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਨਾਲ ਮੀਟਿੰਗ ਕਰਵਾ ਕੇ ਮਸਲੇ ਦੇ ਹੱਲ ਲਈ ਯਤਨ ਕੀਤੇ ਜਾਣਗੇ। ਇਸੇ ਤਹਿਤ ਅੱਜ ਏਡੀਸੀ (ਵਿਕਾਸ) ਹਰਜਿੰਦਰ ਸਿੰਘ ਬੇਦੀ ਨੇ 6 ਪੰਚਾਇਤਾਂ ਦੇ ਨੁਮਾਇੰਦਿਆਂ ਤੇ ਭਾਈ ਲਾਲੋ ਪੰਜਾਬੀ ਮੰਚ ਦੇ ਵਫ਼ਦ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੰਚਾਇਤਾਂ ਦੀ ਬਹਾਲੀ ਨਾਲ ਜੁੜੇ ਮਸਲਿਆਂ ’ਤੇ ਗੰਭੀਰ ਚਰਚਾ ਕੀਤੀ। ਏਡੀਸੀ ਬਰਨਾਲਾ ਨੇ ਜਥੇਬੰਦੀ ਤੇ ਪੰਚਾਇਤ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਹੱਲ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਤੇ ਇਸ ਸਬੰਧੀ 22 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਮੌਕੇ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਛੇ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਏਡੀਸੀ ਬਰਨਾਲਾ ਨਾਲ ਸਿੱਧੀ ਮੀਟਿੰਗ ਕਰਕੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਏਡੀਸੀ ਵੱਲੋਂ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਦਾ ਜਥੇਬੰਦੀ ਸਨਮਾਨ ਕਰਦੀ ਹੈ। ਪਰ ਜੇਕਰ 22 ਜੂਨ ਤੱਕ ਪੰਚਾਇਤਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਭਾਈ ਲਾਲੋ ਪੰਜਾਬੀ ਮੰਚ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੱਕਾ ਮੋਰਚਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੀ ਬਹਾਲੀ ਲੋਕਾਂ ਦੀ ਮੰਗ ਹੈ ਅਤੇ ਇਸ ਮਸਲੇ ਦੇ ਹੱਲ ਤੱਕ ਜਥੇਬੰਦੀ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਹਰਦੀਪ ਸਿੰਘ ਚੂੰਘਾ,ਅਮਨਦੀਪ ਕੌਰ ਧਨੇਰ,ਦਰਸ਼ਨ ਸਿੰਘ ਭੱਦਲਵੱਢ,ਪੰਚ ਬਹਾਦਰ ਸਿੰਘ ਨਈਵਾਲਾ ਹਾਜ਼ਰ ਸਨ।