- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਸਤਾ ਨੈਸ਼ਨਲ ਹਾਈਵੇ ਖ਼ਿਲਾਫ਼ ਕਾਂਗਰਸ ਦਾ ਰੋਸ ਪ੍ਰਦਰਸ਼ਨ

- ਸੜਕ ’ਤੇ ਪਏ ਟੋਇਆਂ ’ਚ ਭਰੇ ਪਾਣੀ ਵਿੱਚ ਲਾਇਆ ਝੋਨਾ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਐਤਵਾਰ ਨੂੰ ਨੈਸ਼ਨਲ ਹਾਈਵੇ ਦੀ ਬੇਹੱਦ ਖਸਤਾ ਹਾਲਤ ਨੂੰ ਲੈ ਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਕਾਰ ਸੇਵਾ ਵਾਲੇ ਗੁਰਦੁਆਰੇ ਤੋਂ ਲੈ ਕੇ ਆਨੰਦ ਪੈਲੇਸ ਤੱਕ ਮਾਰਚ ਕਰਦਿਆਂ ਸੜਕ ਦੀ ਬੇਹੱਦ ਮਾੜੀ ਹਾਲਤ ਦਾ ਮੁੱਦਾ ਉਠਾਇਆ ਅਤੇ ਪੰਜਾਬ ਸਰਕਾਰ ਅਤੇ ਸਥਾਨਕ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਇਸ ਸੜਕ ਦੀ ਹਾਲਤ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਕਈ ਥਾਵਾਂ ’ਤੇ ਦੋ ਤੋਂ ਤਿੰਨ ਫੁੱਟ ਤੱਕ ਡੂੰਘੇ ਟੋਏ ਬਣੇ ਹੋਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਬਰਸਾਤ ਦੌਰਾਨ ਇਨ੍ਹਾਂ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਨੂੰ ਟੋਇਆਂ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲੱਗਦਾ ਅਤੇ ਅਚਾਨਕ ਵਾਹਨ ਉਨ੍ਹਾਂ ਵਿੱਚ ਡਿੱਗ ਜਾਂਦੇ ਹਨ। ਇਸ ਕਾਰਨ ਕਈ ਵਾਹਨਾਂ ਨੂੰ ਨੁਕਸਾਨ ਪਹੁੰਚ ਚੁੱਕਾ ਹੈ ਅਤੇ ਹਰ ਵੇਲੇ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹਜ਼ਾਰਾਂ ਵਾਹਨ ਇਸ ਮਾਰਗ ਤੋਂ ਲੰਘਦੇ ਹਨ, ਪਰ ਸੜਕ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਨੇ ਪ੍ਰਤੀਕਾਤਮਕ ਢੰਗ ਨਾਲ ਸੜਕ 'ਤੇ ਪਾਣੀ ਨਾਲ ਭਰੇ ਟੋਇਆਂ ਵਿੱਚ ਜੀਰੀ ਵੀ ਲਗਾਈ। ਉਨ੍ਹਾਂ ਕਿਹਾ ਕਿ ਇਹ ਕਦਮ ਕਰੀਬ ਪੰਜ ਸਾਲ ਪਹਿਲਾਂ ਮੌਜੂਦਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਵਿਰੋਧ ਪ੍ਰਦਰਸ਼ਨ ਦੌਰਾਨ ਕੀਤੀ ਗਈ ਕਾਰਵਾਈ ਦੀ ਯਾਦ ਦਿਵਾਉਣ ਲਈ ਚੁੱਕਿਆ ਗਿਆ ਹੈ। ਇਸ ਮੌਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਸੜਕਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ।
ਪ੍ਰਦਰਸ਼ਨ ਦੌਰਾਨ ਇੱਕ ਦਿਲਚਸਪ ਦ੍ਰਿਸ਼ ਵੀ ਸਾਹਮਣੇ ਆਇਆ। ਜਿਸ ਸਥਾਨ ’ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ, ਉਸੇ ਥਾਂ ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਨਵੀਨੀਕਰਨ ਸਬੰਧੀ ਲਗਾਏ ਗਏ ਬੋਰਡ ਵੀ ਲੱਗੇ ਹੋਏ ਸਨ। ਇਨ੍ਹਾਂ ਬੋਰਡਾਂ 'ਤੇ ਸੂਬਾ ਸਰਕਾਰ ਵੱਲੋਂ 45 ਹਜ਼ਾਰ ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਦਾ ਦਾਅਵਾ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੇ ਉਲਟ ਮੌਕੇ 'ਤੇ ਦਿਖਾਈ ਦੇ ਰਹੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਅਤੇ ਲੋਕ ਅੱਜ ਵੀ ਟੁੱਟੀਆਂ ਸੜਕਾਂ ਕਾਰਨ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਕਾਂਗਰਸੀ ਆਗੂਆਂ ਨੇ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਇਸ ਮੌਕੇ ਪੀਏ ਟੂ ਸਿੰਗਲਾ ਜਗਤਾਰ ਨਮਾਦਾ, ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ, ਬਲਵਿੰਦਰ ਪੂਨੀਆ, ਹਰਪ੍ਰੀਤ ਬਾਜਵਾ, ਜਗਤਾਰ ਚਹਿਲ, ਬਲਕਾਰ ਸਿੰਘ, ਗੁਰਪ੍ਰੀਤ ਕੰਧੋਲਾ ਸਾਰੇ ਕੌਂਸਲਰ, ਮੰਗਤ ਸ਼ਰਮਾ, ਸਾਬਕਾ ਕੌਂਸਲਰ ਸਵਰਨ ਸਿੰਘ ਅਤੇ ਹਰਮਨ ਸਿੰਘ, ਸੰਜੀਵ ਲਾਲਕਾ, ਰਾਮ ਸਿੰਘ ਭਰਾਜ, ਗੋਲਡੀ ਕਾਕੜਾ, ਸੁਖਵਿੰਦਰ ਸੁੱਖੀ ਆਦਿ ਹਾਜ਼ਰ ਸਨ।