ਅੱਠ ਘੰਟੇ ਬਿਜਲੀ ਦੇ ਦਾਅਵੇ ਠੁੱਸ
ਅੱਠ ਘੰਟੇ ਬਿਜਲੀ ਦੇ ਦਾਅਵੇ ਠੁੱਸ
Publish Date: Sun, 28 Jun 2026 04:04 PM (IST)
Updated Date: Mon, 29 Jun 2026 04:01 AM (IST)

ਮਹਿਲ ਕਲਾਂ ਖੇਤਰ ਦੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਕਿਸਾਨਾਂ ਨੇ ਨਿਰਵਿਘਨ ਬਿਜਲੀ ਸਪਲਾਈ ਦੀ ਕੀਤੀ ਮੰਗ ਚਿਤਾਵਨੀ-ਸੁਧਾਰ ਨਾ ਹੋਇਆ ਤਾਂ ਵਿੱਢਿਆ ਜਾਵੇਗਾ ਤਿੱਖਾ ਸੰਘਰਸ਼ : ਢੀਡਸਾ, ਜੌਹਲ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਸੈਕਟਰ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੇਣ ਦੇ ਸਰਕਾਰੀ ਦਾਅਵਿਆਂ ਦੇ ਉਲਟ ਮਹਿਲ ਕਲਾਂ ਖੇਤਰ ਦੇ ਕਿਸਾਨਾਂ ਨੂੰ ਲਗਾਤਾਰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਕੱਟਾਂ ਨੂੰ ਲੈ ਕੇ ਪਾਵਰਕਾਮ ਸਬ ਡਿਵੀਜ਼ਨ ਅਧੀਨ 220 ਕੇਵੀ ਗਰਿੱਡ ਤੋਂ ਸਪਲਾਈ ਲੈਣ ਵਾਲੇ ਮਹਿਲ ਕਲਾਂ, ਗੰਗੋਹਰ, ਕਲਾਲਮਾਜਰਾ ਅਤੇ ਆਸਪਾਸ ਦੇ ਪਿੰਡਾਂ ਦੇ ਵੱਡੀ ਗਿਣਤੀ ਕਿਸਾਨ ਇਕੱਠੇ ਹੋਏ ਤੇ ਪੰਜਾਬ ਸਰਕਾਰ ਤੇ ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀਬਾੜੀ ਸੈਕਟਰ ਲਈ ਐਲਾਨ ਮੁਤਾਬਕ ਪੂਰੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਢੀਡਸਾ, ਸਰਬਜੀਤ ਸਿੰਘ ਗੰਗੋਹਰ, ਹਰਮਨਜੀਤ ਸਿੰਘ ਟਿਵਾਣਾ, ਅਮਰੀਕ ਸਿੰਘ ਕੁਰੜ, ਦਲਜੀਤ ਸਿੰਘ ਗੰਗੋਹਰ, ਸਾਧੂ ਸਿੰਘ ਜੌਹਲ ਅਤੇ ਰੇਸ਼ਮ ਸਿੰਘ ਗੰਗੋਹਰ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਕੀਕਤ ਇਹ ਹੈ ਕਿ ਵਾਰ-ਵਾਰ ਲੱਗ ਰਹੇ ਪਾਵਰ ਕੱਟਾਂ ਕਾਰਨ ਸਿਰਫ਼ ਦੋ ਤੋਂ ਤਿੰਨ ਘੰਟੇ ਹੀ ਬਿਜਲੀ ਮਿਲ ਰਹੀ ਹੈ। ਇਸ ਕਾਰਨ ਕਿਸਾਨ ਆਪਣੇ ਖੇਤਾਂ ਵਿੱਚ ਝੋਨੇ ਅਤੇ ਹੋਰ ਫਸਲਾਂ ਦੀ ਸਿੰਚਾਈ ਸਮੇਂ ਸਿਰ ਨਹੀਂ ਕਰ ਸਕਦੇ, ਜਿਸ ਨਾਲ ਫਸਲਾਂ ਦੇ ਪ੍ਰਭਾਵਿਤ ਹੋਣ ਦਾ ਖ਼ਤਰਾ ਵੱਧ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਗਰਮੀ ਦੇ ਮੌਸਮ ਅਤੇ ਝੋਨੇ ਦੀ ਲਵਾਈ ਦੇ ਨਾਜ਼ੁਕ ਸਮੇਂ ਦੌਰਾਨ ਬਿਜਲੀ ਦੀ ਘਾਟ ਕਿਸਾਨਾਂ ਲਈ ਵੱਡਾ ਸੰਕਟ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲ ਕੇ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਗਈ ਹੈ। ਹਰ ਵਾਰ ਭਰੋਸਾ ਤਾਂ ਦਿੱਤਾ ਜਾਂਦਾ ਹੈ, ਪਰ ਜ਼ਮੀਨੀ ਪੱਧਰ ਤੇ ਕੋਈ ਸੁਧਾਰ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਖੇਤੀਬਾੜੀ ਸੈਕਟਰ ਲਈ ਐਲਾਨ ਮੁਤਾਬਕ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਹੋਰ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਦੀ ਹੋਵੇਗੀ। ---- ਬਾਕਸ ਨਿਊਜ਼ ਕਿਸਾਨਾਂ ਦਾ ਵਫ਼ਦ ਸਬ ਡਿਵੀਜ਼ਨ ਦੇ ਜੇਈ ਨੂੰ ਮਿਲਿਆ ਜੇ.ਈ. ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਉੱਪਰਲੇ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਹੀ ਪਾਵਰ ਕੱਟ ਲਗਾਏ ਜਾਂਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਅੱਜ ਤੋਂ 30 ਜੂਨ ਤੱਕ ਖੇਤੀਬਾੜੀ ਸੈਕਟਰ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਉਹ ਸਰਕਾਰ ਅਤੇ ਮਹਿਕਮੇ ਦੇ ਇਸ ਭਰੋਸੇ ਤੇ ਨਜ਼ਰ ਰੱਖਣਗੇ ਅਤੇ ਜੇਕਰ ਹਾਲਾਤ ਵਿੱਚ ਸੁਧਾਰ ਨਾ ਆਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।