ਚਟਕਾਰੇ : ਅੱਖੀਂ ਸੁਣਿਆ, ਕੰਨੀਂ ਦੇਖਿਆ
ਚਟਕਾਰੇ : ਅੱਖੀਂ ਸੁਣਿਆ, ਕੰਨੀਂ ਦੇਖਿਆ
Publish Date: Sun, 28 Jun 2026 06:35 PM (IST)
Updated Date: Mon, 29 Jun 2026 04:05 AM (IST)

ਜਦੋਂ ਅਕਾਲੀ ਜਥੇਦਾਰ ਬੋਂਦਲ ਗਏ! ਕੈਪਸ਼ਨ: ਸਬੰਧਤ ਕਾਰਟੂਨ ਤਸਵੀਰ। ਕਹਿੰਦੇ ਨੇ ਸਿਆਸਤ ਵਿੱਚ ਵਿਰੋਧ ਕਰਨ ਲਈ ਜਿਗਰਾ ਤੇ ਤਿਆਰੀ ਦੋਵੇਂ ਚਾਹੀਦੇ ਨੇ, ਪਰ ਪਿੰਡ ਝਲੂਰ ਵਿਖੇ ਜੋ ਹੋਇਆ, ਉਸ ਨੇ ਤਾਂ ਅੱਖੀਂ ਸੁਣਨ ਤੇ ਕੰਨੀਂ ਦੇਖਣ ਵਾਲੀ ਕਹਾਵਤ ਸੱਚ ਕਰ ਵਿਖਾਈ! ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨ ਪਹੁੰਚੇ ਅਕਾਲੀ ਆਗੂ ਇਸ ਤਰ੍ਹਾਂ ਤਿਆਰੀ ਕਰਕੇ ਆਏ ਸਨ ਜਿਵੇਂ ਕੋਈ ਵੱਡਾ ਮੋਰਚਾ ਫਤਹਿ ਕਰਨਾ ਹੋਵੇ। ਜੇਬ੍ਹਾਂ ਵਿੱਚ ਕਾਲੀਆਂ ਝੰਡੀਆਂ ਤੇ ਗਲੇ ਵਿੱਚ ਨਾਅਰਿਆਂ ਦੀ ਗੂੰਜ ਲੈ ਕੇ ਜਥੇਦਾਰ ਜੀ ਪੂਰੇ ਰੌਂਅ ਵਿੱਚ ਪਹੁੰਚੇ। ਪਰ ਅੱਗੋਂ ਮਾਹੌਲ ਦੇਖ ਕੇ ਜਥੇਦਾਰਾਂ ਦੀ ਐਸੀ ਝਲੂਰ ਹੋਈ ਕਿ ਨਾ ਤਾਂ ਮੂੰਹੋਂ ਕੋਈ ਨਾਅਰਾ ਨਿਕਲਿਆ ਤੇ ਨਾ ਹੀ ਹੱਥਾਂ ਨੇ ਕਾਲੀਆਂ ਝੰਡੀਆਂ ਦਿਖਾਉਣ ਦੀ ਜ਼ਹਿਮਤ ਉਠਾਈ। ਵਿਰੋਧ ਕਰਨ ਗਏ ਆਗੂ ਖੁਦ ਹੀ ਅਜਿਹੇ ਬੋਂਦਲ ਗਏ ਕਿ ਉਨ੍ਹਾਂ ਨੂੰ ਅੱਗੋਂ-ਪਿੱਛੋਂ ਕੁਝ ਸੁੱਝ ਹੀ ਨਹੀਂ ਰਿਹਾ ਸੀ। ਹੁਣ ਮੁੱਖ ਮੰਤਰੀ ਦੀ ਅਗਲੀ ਬਰਨਾਲੇ ਫੇਰੀ ਤੇ ਜਦੋਂ ਪੁਲਿਸ ਵਾਲਿਆਂ ਨੇ ਪੁੱਛਿਆ, ਹਾਂ ਜੀ ਜਥੇਦਾਰ ਜੀ, ਹੁਣ ਕੀ ਪ੍ਰੋਗਰਾਮ ਐ? ਤਾਂ ਜਥੇਦਾਰ ਜੀ ਹਾਸੇ-ਠੱਠੇ ਵਿੱਚ ਪੁਲਿਸ ਵਾਲਿਆਂ ਨੂੰ ਹੀ ਪੁੱਛਣ ਲੱਗੇ: ਨਾ ਨਾ ਸਾਬ ਬਹਾਦਰ ਜੀ, ਅੱਗੇ ਝਲੂਰ ਥੋੜੀ ਹੋਈ ਐ... ਥਾਣੇਦਾਰ ਸਾਹਿਬ ਨੇ ਵੀ ਉਸੇ ਲਹਿਜੇ ਚ ਹੀ ਜਵਾਬ ਦਿੱਤਾ,,,ਅੱਛਾ ਦੱਸੋ, ਹੁਣ ਇਧਰ ਜਾਣਾ ਕਿ ਉਧਰ ਜਾਣਾ? ਪੇਸ਼ਕਸ਼ : ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ ------------------------------------ ਚਟਕਾਰੇ : ਅੱਖੀਂ ਸੁਣਿਆ, ਕੰਨੀਂ ਦੇਖਿਆ ‘ਮੋਟਰਾਂ ਬੰਦ... ਜਨਰੇਟਰ ਚਾਲੂ ਕੈਪਸ਼ਨ: ਸਬੰਧਤ ਕਾਰਟੂਨ ਦੀ ਤਸਵੀਰ। ਮੰਚ ਤੋਂ ਮਾਈਕ ਤੇ ਗਰਜਵੀਂ ਆਵਾਜ਼ ਗੂੰਜੀ, ਭਰਾਵੋ! ਹੁਣ ਪੰਜਾਬ ਬਦਲ ਗਿਆ ਹੈ। ਕਿਸਾਨ ਮੋਟਰਾਂ ਬੰਦ ਕਰਕੇ ਝੋਨਾ ਲਾ ਰਹੇ ਨੇ! ਸੱਥ ਵਿੱਚ ਬੈਠੇ ਤਾਏ ਅਮਲੀ ਨੇ ਅੱਖਾਂ ਮੀਚ ਕੇ ਕਿਹਾ, ਗੱਲ ਤਾਂ ਮੁੱਖ ਮੰਤਰੀ ਸਾਹਿਬ ਦੀ 16 ਆਨੇ ਸੱਚ ਐ... ਜਦੋਂ ਪਿੱਛੋਂ ਬਿਜਲੀ ਦੇ ਟੋਟੇ ਹੀ 16 ਆਉਂਦੇ ਹੋਣ, ਤਾਂ ਮੋਟਰਾਂ ਤਾਂ ਆਪਣੇ-ਆਪ ਹੀ ਬੰਦ ਰਹਿਣਗੀਆਂ! ਸਰਕਾਰ ਨੂੰ ਬਟਨ ਨੱਪਣ ਦੀ ਲੋੜ ਹੀ ਨਹੀਂ ਪਈ। ਸੋਸ਼ਲ ਮੀਡੀਆ ਤੇ ਬਦਲਾਅ ਦੀਆਂ ਵੀਡੀਓਜ਼ ਹੜ੍ਹ ਵਾਂਗ ਵਗ ਰਹੀਆਂ ਹਨ। ਇੱਕ ਪਾਸੇ ਮੰਚ ਤੋਂ ‘ਹਰੀ ਕ੍ਰਾਂਤੀ’ ਦੀਆਂ ਨਵੀਆਂ ਪਰਿਭਾਸ਼ਾਵਾਂ ਘੜੀਆਂ ਜਾ ਰਹੀਆਂ ਹਨ, ਤੇ ਦੂਜੇ ਪਾਸੇ ਖੇਤਾਂ ਵਿੱਚ ਜਨਰੇਟਰ ਪਟ-ਪਟ-ਪਟ ਕਰਦੇ ਕਿਸਾਨਾਂ ਦੀਆਂ ਜੇਬਾਂ ਤੇ ਡਾਕੇ ਮਾਰ ਰਹੇ ਹਨ। ਨਹਿਰੀ ਪਾਣੀ ਦਾ ਹਾਲ ਇਹ ਹੈ ਕਿ ਟੇਲਾਂ ਤੱਕ ਪਾਣੀ ਤਾਂ ਕੀ ਪਹੁੰਚਣਾ, ਉੱਥੇ ਕਾਵਾਂ ਦੇ ਨਹਾਉਣ ਜੋਗੀ ਜਗ੍ਹਾ ਵੀ ਨਹੀਂ ਬਚੀ। ਇੱਕ ਕਿਸਾਨ ਆਪਣਾ ਲਾਇਆ ਹੋਇਆ ਝੋਨਾ ਵਾਹ ਰਿਹਾ ਸੀ। ਕਿਸੇ ਨੇ ਪੁੱਛਿਆ, ਖ਼ਾਲਸਾ ਜੀ, ਇਹ ਕੀ ਕਰਦੇ ਹੋ? ਸਰਕਾਰ ਤਾਂ ਕਹਿੰਦੀ ਐ ਪਾਣੀ ਪੂਰਾ ਐ ਕਿਸਾਨ ਨੇ ਪਸੀਨਾ ਪੂੰਝਦਿਆਂ ਕਿਹਾ, ਬਈ, ਮੁੱਖ ਮੰਤਰੀ ਸਾਹਿਬ ਸਹੀ ਕਹਿੰਦੇ ਨੇ, ਮੋਟਰਾਂ ਬੰਦ ਕਰਕੇ ਹੀ ਝੋਨਾ ਲਾਇਆ ਸੀ... ਪਰ ਹੁਣ ਸੁੱਕ ਕੇ ਪਾਪੜ ਬਣੇ ਝੋਨੇ ਨੂੰ ਦੇਖ ਕੇ ਸਾਡੇ ਸਾਹ ਵੀ ਬੰਦ ਹੋਣ ਵਾਲੇ ਹੋ ਗਏ ਨੇ। ਇਸ ਲਈ ਮੈਂ ਸੋਚਿਆ, ਹਵਾ ਵਿੱਚ ਝੋਨਾ ਲਾਉਣ ਨਾਲੋਂ ਚੰਗਾ ਐ, ਹਵਾ ਵਿੱਚ ਹੀ ਵਾਹ ਦਿੱਤਾ ਜਾਵੇ! ਪੇਸ਼ਕਸ਼ : ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ