ਚਟਕਾਰੇ : ਕੰਨੀ ਦੇਖਿਆ, ਅੱਖੀ ਸੁਣਿਆ ਚਟਕਾਰੇ : ਕੰਨੀ ਦੇਖਿਆ, ਅੱਖੀ ਸੁਣਿਆ
Publish Date: Sat, 11 Jul 2026 05:13 PM (IST)
Updated Date: Sun, 12 Jul 2026 04:04 AM (IST)
ਨਾ ਪ੍ਰਾਜੈਕਟਰ ਲੱਭਿਆ, ਨਾ ਲੀਡਰ ਬਹੁੜਿਆ : ‘ਸਤਲੁਜ’ ਦੇ ਵਹਾਅ ’ਚ ਵਹਿ ਗਏ ਪ੍ਰਧਾਨ ਦੇ ਹੁਕਮ! --ਸੁਖਬੀਰ ਸਿੰਘ ਦਾ ‘ਫਿਲਮੀ ਐਲਾਨ’ ਤੇ ਅਕਾਲੀ ਲੀਡਰਾਂ ਦਾ ‘ਅੰਡਰਗਰਾਊਂਡ’ ਐਕਸ਼ਨ! ਫੋਟੋ ਕੈਪਸ਼ਨ: ਸਬੰਧਤ ਕਾਰਟੂਨ। ----------------------- ਲਓ ਬਈ ਜਵਾਨੋ, ਗੱਲ ਸੁਣੋ ਕੰਨ ਖੋਲ੍ਹ ਕੇ! ਆਹ ਜਿਹੜੀ ਸਿਆਸਤ ਦੀ ਖਿੱਚੜੀ ਰਿੱਝਦੀ ਐ ਨਾ, ਇਹਦੇ ’ਚ ਕਦੇ-ਕਦੇ ਲੂਣ ਘੱਟ ਤੇ ਮਿਰਚਾਂ ਐਸੀਆਂ ਤੇਜ਼ ਹੋ ਜਾਂਦੀਆਂ ਨੇ ਕਿ ਬੰਦਾ ਬੱਸ ਸਿਰ ਖੁਰਕਦਾ ਰਹਿ ਜਾਂਦਾ। ਹੁਣ ਤਾਜ਼ਾ ਮਾਮਲਾ ਸੁਣੋ ਆਪਣੇ ਅਕਾਲੀ ਦਲ ਦੇ ਵਡੇਰੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦਾ। ਬਾਦਲ ਸਾਬ੍ਹ ਨੇ ਆਪਣੇ ਜਨਮ ਦਿਨ ਤੇ ਕੇਕ ਕੱਟਣ ਵਾਂਗੂ ਇੱਕ ਬੜਾ ਵੱਡਾ ਜਨਤਕ ਐਲਾਨ ਕਰ ਦਿੱਤਾ। ਐਲਾਨ ਕੀ ਸੀ? ਬਈ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਤੇ ਦਿਲਜੀਤ ਦੋਸਾਂਝ ਦੀ ਵਿਸ਼ਵ ਪ੍ਰਸਿੱਧ ਫਿਲਮ ਸਤਲੁਜ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਦੇ ਕੋਨੇ-ਕੋਨੇ ਚ ਦਿਖਾਇਆ ਜਾਊ। ਬਾਦਲ ਸਾਬ੍ਹ ਨੇ ਤਾਂ ਸੋਚਿਆ ਹੋਣਾ ਬਈ ਵਰਕਰ ਹੁਣੇ ਹੀ ਟਰੈਕਟਰਾਂ ਮਗਰ ਸਪੀਕਰ ਬੰਨ੍ਹ ਕੇ ਨਿਕਲ ਪੈਣਗੇ, ਪਰ ਅੱਗੋਂ ਲੀਡਰਾਂ ਤੇ ਵਰਕਰਾਂ ਨੇ ਪ੍ਰਧਾਨ ਦੇ ਹੁਕਮ ਨੂੰ ਐਉਂ ਛਿੱਕੇ ਟੰਗਿਆ, ਜਿਵੇਂ ਜੇਠ-ਹਾੜ੍ਹ ਦੀ ਦੁਪਹਿਰੇ ਕੋਈ ਕਹੇ—‘ਚੱਲੋ ਬਈ, ਕਣਕ ਵੱਢੀਏ!’ ਜੇਕਰ ਆਪਾਂ ਖਾਸ ਕਰਕੇ ਆਪਣੇ ਬਰਨਾਲੇ ਜ਼ਿਲ੍ਹੇ ਦੀ ਗੱਲ ਕਰੀਏ, ਤਾਂ ਭਰਾਵੋ, ਅਕਾਲੀ ਦਲ ਵੱਲੋਂ ਇੱਥੇ ਤਾਂ ਹਾਲੇ ਤੱਕ ਫਿਲਮ ਸਤਲੁਜ ਦਾ ਨਾਂ-ਨਿਸ਼ਾਨ ਵੀ ਦੇਖਣ ਨੂੰ ਨਹੀਂ ਮਿਲਿਆ। ਸਕਰੀਨਿੰਗ ਲਾਉਣੀ ਤਾਂ ਬੜੀ ਦੂਰ ਦੀ ਗੱਲ ਐ, ਲੋਕਾਂ ਨੂੰ ਲੱਗਦਾ ਜਿਵੇਂ ਫਿਲਮ ਹਾਲੇ ਸਤਲੁਜ ਦਰਿਆ ਚ ਹੀ ਵਹਿ ਰਹੀ ਐ! ਜਦੋਂ ਪੱਤਰਕਾਰਾਂ ਨੇ ਇਸ ਖੜੋਤ ਬਾਰੇ ਜ਼ਿਲ੍ਹਾ ਸ਼ਹਿਰੀ ਜਥੇਦਾਰ ਨੂੰ ਫੜਿਆ, ਤਾਂ ਨੌਜਵਾਨ ਜਥੇਦਾਰ ਸਾਬ੍ਹ ਨੇ ਬੜੀ ਸਿਆਣਪ ਨਾਲ ਗੇਂਦ ਦੂਜੇ ਦੇ ਵਿਹੜੇ ਸੁੱਟ ਦਿੱਤੀ। ਉਹ ਕਹਿੰਦੇ—‘ਲੈ ਭਾਈ, ਇਹ ਹੁਕਮ ਤਾਂ ਹਲਕਾ ਇੰਚਾਰਜਾਂ ਨੂੰ ਹੋਏ ਨੇ, ਮੇਰਾ ਕੀ ਕਸੂਰ? ਤੁਸੀਂ ਬਰਨਾਲਾ ਹਲਕੇ ਦੇ ਇੰਚਾਰਜ ਨਾਲ ਗੱਲ ਕਰੋ।’ ਹੁਣ ਜਦੋਂ ਹਲਕਾ ਜਥੇਦਾਰ ਸਾਬ੍ਹ ਦਾ ਨੰਬਰ ਘੁਮਾਇਆ, ਤਾਂ ਅੱਗੋਂ ਮੋਬਾਈਲ ਬੋਲਿਆ—‘ਤੁਹਾਡੇ ਵੱਲੋਂ ਡਾਇਲ ਕੀਤਾ ਗਿਆ ਨੰਬਰ ਹਾਲੇ ਪਹੁੰਚ ਤੋਂ ਬਾਹਰ ਹੈ!’ ਯਾਨੀ ਕਿ ਜਥੇਦਾਰ ਤਾਂ ਪਹਿਲਾਂ ਹੀ ਅੰਡਰਗਰਾਊਂਡ ਹੋਏ ਬੈਠੇ ਸੀ। ਚਲੋ, ਅੱਗੇ ਵਧੇ ਤਾਂ ਦਿਹਾਤੀ ਜ਼ਿਲ੍ਹਾ ਤੇ ਭਦੌੜ ਹਲਕੇ ਦੇ ਜਥੇਦਾਰ ਟੱਕਰ ਗਏ। ਉਨ੍ਹਾ ਨੇ ਤਾਂ ਅਜਿਹਾ ਖੁਲਾਸਾ ਕੀਤਾ ਕਿ ਸੁਣ ਕੇ ਬੰਦੇ ਦਾ ਹਾਸਾ ਹੀ ਨਿਕਲ ਜਾਵੇ! ਓ ਕਹਿੰਦੇ—‘ਬਈ, ਮੈਂ ਤਾਂ ਪਾਰਟੀ ਪ੍ਰਧਾਨ ਦੇ ਹੁਕਮਾਂ ਤੇ ਫਿਲਮ ਦਿਖਾਉਣ ਲਈ ਹਲਕੇ ਚ ਗੋਡੇ-ਗੋਡੇ ਤਿਆਰ ਬੈਠਾਂ, ਪਰ ਕੀ ਕਰਾਂ... ਪੂਰੇ ਇਲਾਕੇ ਚੋਂ ਕਿਤੋਂ ਫਿਲਮ ਦਿਖਾਉਣ ਵਾਲਾ ਪ੍ਰੋਜੈਕਟਰ ਹੀ ਨਹੀਂ ਲੱਭ ਰਿਹਾ!’ ਲਓ ਦੱਸੋ! ਅਖੇ, ‘ਵਿਆਹ ਤੈਅ ਹੋ ਗਿਆ, ਪਰ ਕੁੜੀ ਵਾਲੇ ਕਹਿੰਦੇ ਲਾੜਾ ਹੀ ਗੁਆਚ ਗਿਆ!’ ਐਡੇ-ਐਡੇ ਲੀਡਰਾਂ ਨੂੰ ਇੱਕ ਪ੍ਰੋਜੈਕਟਰ ਨਹੀਂ ਥਿਆ ਰਿਹਾ, ਜਿਵੇਂ ਪ੍ਰੋਜੈਕਟਰ ਨਾ ਹੋਵੇ, ਕੋਈ ਅੱਲਾਦੀਨ ਦਾ ਚਿਰਾਗ ਹੋਵੇ। ਜਦੋਂ ਮਹਿਲ ਕਲਾਂ ਦੇ ਹਲਕਾ ਜਥੇਦਾਰ ਹੋਰਾਂ ਕੋਲ ਗੱਲ ਪਹੁੰਚੀ, ਤਾਂ ਉਨ੍ਹਾਂ ਨੇ ਢਾਡੀ ਵਾਰਾਂ ਵਾਂਗੂ ਲੰਮੀ ਗੱਲ ਨਹੀਂ ਕੀਤੀ। ਉਨ੍ਹਾਂ ਨੇ ਦੋ ਟੁੱਕ ਜਵਾਬ ਦਿੱਤਾ—‘ਬਈ, ਮੈਂ ਇਸ ਬਾਰੇ ਠਹਿਰ ਕੇ ਗੱਲ ਕਰਦਾਂ।’ ਉਹ ਠਹਿਰ ਕਦੋਂ ਖ਼ਤਮ ਹੋਣੀ ਐ, ਇਹ ਤਾਂ ਹੁਣ ਰੱਬ ਹੀ ਜਾਣੇ! ਹੁਣ ਆ ਜਾਓ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ। ਇਨ੍ਹਾਂ ਨੇ ਵੀ ਬਰਨਾਲੇ ਜ਼ਿਲ੍ਹੇ ਚ ਕਿਤੇ ਕੋਈ ਸਕਰੀਨਿੰਗ ਨਹੀਂ ਲਾਈ। ਜਦੋਂ ਐੱਸ.ਜੀ.ਪੀ.ਸੀ. ਦੇ ਬਰਨਾਲਾ ਜ਼ਿਲ੍ਹੇ ਦੇ ਅਧਿਕਾਰੀ ਨੂੰ ਪੁੱਛਿਆ ਕਿ ‘ਭਾਈ ਸਾਹਿਬ, ਤੁਸੀਂ ਕਿਉਂ ਠੰਢੇ ਪਏ ਹੋ?’, ਤਾਂ ਉਨ੍ਹਾਂ ਨੇ ਜੋ ਜਵਾਬ ਦਿੱਤਾ, ਉਹ ਸੁਣ ਕੇ ਤਾਂ ਬੰਦਾ ਸਿਰ ਫੜ ਕੇ ਬਹਿ ਜਾਵੇ। ਅਧਿਕਾਰੀ ਕਹਿੰਦੇ—‘ਭਾਈ, ਸਾਡੇ ਕੋਲ ਤਾਂ ਅਜੇ ਤੱਕ ਕਿਸੇ ਨੇ ਫਿਲਮ ਦੇਖਣ ਦੀ ਮੰਗ ਹੀ ਨਹੀਂ ਰੱਖੀ! ਜੇ ਕੋਈ ਲਿਖਤੀ ਬੇਨਤੀ ਲੈ ਕੇ ਆਊਗਾ, ਫੇਰ ਅਸੀਂ ਉਸ ਆਈ ਹੋਈ ਮੰਗ ਤੇ ਗੰਭੀਰਤਾ ਨਾਲ ਵਿਚਾਰ ਕਰਾਂਗੇ।’ ਬੱਲੇ ਓਏ ਸ਼ੇਰੋ! ਮਤਲਬ ਫਿਲਮ ਦਿਖਾਉਣੀ ਸਰਕਾਰ ਦੀ ਮੁਫ਼ਤ ਕਣਕ ਵਾਂਗੂ ਐ, ਬਈ ਪਹਿਲਾਂ ਲਾਈਨ ਚ ਲੱਗੋ, ਫਾਰਮ ਭਰੋ, ਮੰਗ ਪੱਤਰ ਦਿਓ, ਫੇਰ ਕਿਤੇ ਜਾ ਕੇ ਫਿਲਮ ਦੀ ਰੀਲ ਘੁੰਮੂਗੀ! ਸ੍ਰੋਮਣੀ ਅਕਾਲੀ ਦਲ ਲਈ ਇਹ ਸੱਚਮੁੱਚ ਬੜੀ ਚਿੰਤਾ ਵਾਲੀ ਤੇ ਲੋਕਾਂ ਲਈ ਹਾਸੇ ਵਾਲੀ ਗੱਲ ਹੈ। ਪਾਰਟੀ ਪ੍ਰਧਾਨ ਨੇ ਜਨਤਕ ਤੌਰ ਤੇ ਹਿੱਕ ਠੋਕ ਕੇ ਐਲਾਨ ਕੀਤਾ ਸੀ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਤੇ ਬਣੀ ਫਿਲਮ ਪਿੰਡ-ਪਿੰਡ ਦਿਖਾਵਾਂਗੇ। ਪਰ ਇੱਥੇ ਤਾਂ ਉਲਟੀ ਗੰਗਾ ਵਹਿ ਗਈ। ਪ੍ਰਧਾਨ ਦੇ ਆਦੇਸ਼ਾਂ ਨੂੰ ਇਨ-ਬਿਨ ਮੰਨਣ ਦੀ ਬਜਾਏ, ਅੱਗੋਂ ਲੀਡਰਾਂ ਤੇ ਵਰਕਰਾਂ ਨੇ ਐਸਾ ਅਣਗੌਲਿਆ ਕੀਤਾ ਕਿ ਜਿਵੇਂ ਪ੍ਰਧਾਨ ਸਾਬ੍ਹ ਨੇ ਫਿਲਮ ਦਿਖਾਉਣ ਲਈ ਨਹੀਂ, ਬਲਕਿ ਕੋਈ ਟੈਕਸ ਭਰਨ ਲਈ ਕਹਿ ਦਿੱਤਾ ਹੋਵੇ! ਹੁਣ ਦੇਖਦੇ ਹਾਂ ਬਰਨਾਲੇ ਵਾਲਿਆਂ ਨੂੰ ਸਤਲੁਜ ਫਿਲਮ ਦੇਖਣ ਨੂੰ ਮਿਲਦੀ ਐ ਜਾਂ ਫਿਰ ਲੀਡਰ ਪ੍ਰੋਜੈਕਟਰ ਲੱਭਦੇ-ਲੱਭਦੇ ਹੀ ਅਗਲੀਆਂ ਚੋਣਾਂ ਲੰਘਾ ਦੇਣਗੇ! -- ਪੇਸ਼ਕਸ਼ : ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ