ਰਾਤ ਇਕ ਤੇ ਚੋਰੀਆਂ 15 ਪਿੰਡ ਗੁਰਮ 'ਚ ਇਕੋ ਰਾਤ 15 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ
Publish Date: Sat, 11 Jul 2026 03:46 PM (IST)
Updated Date: Sun, 12 Jul 2026 04:00 AM (IST)
ਪਿੰਡ ਗੁਰਮ ’ਚ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ :: ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਹਲਕਾ ਮਹਿਲ ਕਲਾਂ ਦੇ ਪਿੰਡ ਗੁਰਮ ’ਚ ਬੀਤੀ ਰਾਤ ਚੋਰ ਗਿਰੋਹ ਨੇ 15 ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕੋਠੀਆਂ ਦੇ ਜਿੰਦਰੇ ਤੋੜ ਕੇ ਬਿਜਲੀ ਦੀਆਂ ਕੇਬਲਾਂ ਚੋਰੀ ਕਰ ਲਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਅਤੇ ਪ੍ਰੋਫੈਸਰ ਰਾਜਵਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਗੁਰਮ ਤੋਂ ਹਮੀਦੀ ਅਤੇ ਗੁਰਮ ਤੋਂ ਠੁੱਲੀਵਾਲ ਨੂੰ ਜਾਂਦੇ ਰਸਤਿਆਂ ਨਾਲ ਲੱਗਦੇ ਖੇਤਾਂ ’ਚ ਚੋਰਾਂ ਨੇ 15 ਮੋਟਰ ਕੋਠੀਆਂ ਦੇ ਜਿੰਦਰੇ ਤੋੜ ਕੇ ਕੇਬਲਾਂ ਚੋਰੀ ਕੀਤੀਆਂ। ਚੋਰ ਕਿਸਾਨ ਸੁਖਚੈਨ ਸਿੰਘ ਪੁੱਤਰ ਸਾਧੂ ਸਿੰਘ ਦੀ 80 ਫੁੱਟ ਕੇਬਲ, ਚਮਕੌਰ ਸਿੰਘ ਪੁੱਤਰ ਰਣਜੀਤ ਸਿੰਘ ਦੀ 50ਫੁੱਟ, ਬਲਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਦੀ 50 ਫੁੱਟ, ਸੁਖਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਦੀ 70 ਫੁੱਟ ,ਦਰਸ਼ਨ ਸਿੰਘ ਪੁੱਤਰ ਗਿੰਦਰ ਸਿੰਘ ਦੀ 50 ਫੁੱਟ, ਪਿਆਰਾ ਸਿੰਘ ਪੁੱਤਰ ਕੇਂਦਰ ਸਿੰਘ ਦੀ 50 ਫੁੱਟ, ਗੁਰਜੰਟ ਸਿੰਘ ਪੁੱਤਰ ਜੰਗ ਸਿੰਘ ਦੀ 50 ਫੁੱਟ, ਹਰਦੀਪ ਸਿੰਘ ਪੁੱਤਰ ਦਾਨ ਸਿੰਘ ਦੀ 50 ਫੁੱਟ, ਨਾਜਰ ਸਿੰਘ ਪੁੱਤਰ ਕੁਲਵੰਤ ਸਿੰਘ ਦੀ 50 ਫੁੱਟ, ਸਰਦਾਰਾ ਸਿੰਘ ਪੁੱਤਰ ਸੰਤਾ ਸਿੰਘ ਦੀ 50 ਫੁੱਟ,ਦਰਸ਼ਨ ਸਿੰਘ ਪੁੱਤਰ ਗੁਰਦੇਵ ਸਿੰਘ 30 ਫੁੱਟ, ਬਹਾਦਰ ਸਿੰਘ ਪੁੱਤਰ ਕਰਤਾਰ ਸਿੰਘ 50 ਫੁੱਟ, ਇੰਦਰਜੀਤ ਸਿੰਘ ਪੁੱਤਰ ਭਗਵਾਨ ਸਿੰਘ ਦੀ 40 ਫੁੱਟ, ਕੁਲਦੀਪ ਸਿੰਘ ਪੁੱਤਰ ਅਮਰ ਸਿੰਘ ਦੀ 50 ਫੁੱਟ ਅਤੇ ਇੰਦਰਜੀਤ ਸਿੰਘ ਪੁੱਤਰ ਅਮਰ ਸਿੰਘ ਦੀ 40 ਫੁੱਟ ਕੇਬਲ ਵੱਢ ਕੇ ਲੈ ਗਏ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋਏ ਅਤੇ ਚੋਰੀਆਂ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਇਲਾਕੇ ’ਚ ਚੋਰ ਗਿਰੋਹ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਖੇਤਾਂ ’ਚ ਲੱਗੇ ਕੀਮਤੀ ਸਾਮਾਨ ਦੀ ਸੁਰੱਖਿਆ ਖਤਰੇ ’ਚ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਚੋਰੀਆਂ ਤੇ ਸਖ਼ਤੀ ਨਾਲ ਨੱਥ ਪਾਈ ਜਾਵੇ ਅਤੇ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ। ਸੂਚਨਾ ਮਿਲਣ ਤੇ ਥਾਣਾ ਠੁੱਲੀਵਾਲ ਦੇ ਏਐਸਆਈ ਗੁਰਨਾਮ ਸਿੰਘ ਚੌਹਾਨਕੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਪੰਚਾਇਤ ਦੀ ਹਾਜ਼ਰੀ ’ਚ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਆਸ-ਪਾਸ ਦੇ ਪਿੰਡਾਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾਵੇਗੀ ਤਾਂ ਜੋ ਚੋਰਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।