- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਤਸਕਰਾਂ ਖ਼ਿਲਾਫ਼ ਬਰਨਾਲਾ ਪੁਲਿਸ ਦੀ ਵੱਡੀ ਕਾਰਵਾਈ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਨੇ ਹੰਡਿਆਇਆ ਪੱਤੀ ਦੇ ਰਹਿਣ ਵਾਲੇ ਇੱਕ ਨਾਮੀ ਨਸ਼ਾ ਤਸਕਰ ਰਿੰਕੂ ਸਿੰਘ ਪੁੱਤਰ ਗੁਲਜਾਰ ਸਿੰਘ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਏ ਗਏ ਗੈਰ-ਕਾਨੂੰਨੀ ਘਰ ’ਤੇ ਪੀਲਾ ਪੰਜਾ ਚਲਾ ਕੇ ਘਰ ਢਾਉਣ ਦੀ ਕਾਰਵਾਈ ਕੀਤੀ ਹੈ। ਇਸ ਮੌਕੇ ਐੱਸਪੀਐੱਚ ਸੋਹਣ ਲਾਲ ਸੋਨੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਵੀ 14 ਤੋਂ 17 ਪਰਚੇ ਦਰਜ ਹਨ। ਇਨ੍ਹਾਂ ਮੁਲਜ਼ਮਾਂ ’ਚੋਂ ਕਈ ਮੁਲਜ਼ਮ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਹਨ, ਪੰਜਾਬ ਸਰਕਾਰ ਦੇ ਹੁਕਮਾਂ ’ਤੇ ਪੰਜਾਬ ਪੁਲਿਸ ਵੱਲੋਂ ਵਿੱਢੀ ਨਸ਼ਾ ਤਸਕਰਾਂ ਖਿਲਾਫ਼ ਮੁਹਿੰਮ ਤਹਿਤ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਡੀਐਸਪੀਡੀ ਰਜਿੰਦਰਪਾਲ ਸਿੰਘ, ਡੀਐਸਪੀ ਕਮਲਜੀਤ ਸਿੰਘ, ਥਾਣਾ ਮੁਖੀ ਸਦਰ ਜਗਜੀਤ ਸਿੰਘ, ਥਾਣਾ ਮੁਖੀ ਰੂੜੇਕੇ ਗੁਰਮੰਦਰ ਸਿੰਘ, ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ, ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਪੁਲਿਸ ਕਰਮਚਾਰੀ ਹਾਜਰ ਸਨ।
::ਬਾਕਸ ਨਿਊਜ::
‘‘ਜਾਂ ਕਾਲਾ ਧੰਦਾ ਛੱਡੋ, ਜਾਂ ਬਰਨਾਲਾ ਖਾਲੀ ਕਰ ਦਿਓ’’: ਐਸਐਸਪੀ ਬਰਨਾਲਾ
ਜ਼ਿਲ੍ਹਾ ਬਰਨਾਲਾ ’ਚ ਨਸ਼ਾ ਵੇਚਣ ਵਾਲਿਆਂ ਖਿਲਾਫ਼ ਪੁਲਿਸ ਨੇ ਹੁਣ ਪੂਰੀ ਤਰ੍ਹਾਂ ਕਮਰ ਕੱਸ ਲਈ ਐ। ਨਸ਼ਾ ਤਸਕਰਾਂ ਦੇ ਘਰਾਂ ’ਤੇ ਚੱਲੀ ਤੋੜ-ਭੰਨ ਦੀ ਕਾਰਵਾਈ ਤੋਂ ਬਾਅਦ, ਜ਼ਿਲ੍ਹੇ ਦੇ ਪੁਲਿਸ ਕਪਤਾਨ ਆਈ.ਪੀ.ਐਸ. ਮੁਹੰਮਦ ਸਰਫਰਾਜ ਆਲਮ ਨੇ ਸਾਫ਼ ਤੇ ਸਿੱਧੇ ਲਫ਼ਜ਼ਾਂ ’ਚ ਆਖਿਆ ਕਿ ਮਾੜੇ ਅਨਸਰਾਂ ਤੇ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਊਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲਾ ਪੁਲਿਸ ਮੁਖੀ ਨੇ ਕਰੜੇ ਹੱਥੀਂ ਲੈਂਦਿਆਂ ਕਿਹਾ: ਨਸ਼ਾ ਤਸਕਰਾਂ ਕੋਲੇ ਹੁਣ ਸਿਰਫ਼ ਦੋ ਹੀ ਰਾਹ ਬਚੇ ਐ— ਜਾਂ ਤਾਂ ਆਵਦਾ ਇਹ ਕਾਲਾ ਧੰਦਾ ਹਮੇਸ਼ਾ ਲਈ ਬੰਦ ਕਰ ਦੇਣ ਤੇ ਜਾਂ ਫੇਰ ਬਰਨਾਲਾ ਜ਼ਿਲ੍ਹਾ ਛੱਡ ਕੇ ਕਿਤੇ ਹੋਰ ਤੁਰਦੇ ਬਣਨ। ਜੇ ਦੋਵਾਂ ’ਚੋਂ ਕੋਈ ਰਾਹ ਨਾ ਚੁਣਿਆ, ਤਾਂ ਪੁਲਿਸ ਇਨ੍ਹਾਂ ਦਾ ਬੁਰਾ ਹਾਲ ਕਰੂਗੀ।ਐਸਐਸਪੀ ਬਰਨਾਲਾ ਨੇ ਦੱਸਿਆ ਕਿ ਨਸ਼ਾ ਵੇਚ ਕੇ ਬਣਾਈਆਂ ਕੋਠੀਆਂ ਤੇ ਜਾਇਦਾਦਾਂ ਨੂੰ ਹੁਣ ਜ਼ਬਤ ਤੇ ਢਾਹਿਆ ਜਾ ਰਿਹਾ ਐ, ਤਾਂ ਜੋ ਨਸ਼ਾ ਤਸਕਰਾਂ ਦਾ ਆਰਥਿਕ ਲੱਕ ਤੋੜਿਆ ਜਾ ਸਕੇ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਨਸ਼ੇ ਦੇ ਮਾਮਲੇ 'ਚ ਕਿਸੇ ਵੀ ਸਿਆਸੀ ਜਾਂ ਬਾਹਰੀ ਬੰਦੇ ਦੀ ਕੋਈ ਸਿਫ਼ਾਰਸ਼ ਨੀ ਸੁਣੀ ਜਾਊਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਤੁਹਾਡੇ ਆਸ-ਪਾਸ ਕੋਈ ਨਸ਼ਾ ਵੇਚਦਾ ਐ, ਤਾਂ ਬਿਨਾਂ ਕਿਸੇ ਡਰ ਤੋਂ ਪੁਲਿਸ ਨੂੰ ਇਤਲਾਹ ਦਿਓ, ਤੁਹਾਡਾ ਨਾਂ ਗੁਪਤ ਰੱਖਿਆ ਜਾਊਗਾ। ਪੁਲਿਸ ਦੀ ਇਸ ਹਾਕ ਤੋਂ ਬਾਅਦ ਨਸ਼ਾ ਤਸਕਰਾਂ 'ਚ ਹੜਕੰਪ ਮੱਚਿਆ ਹੋਇਆ ਐ। ਐਸਐਸਪੀ ਦਾ ਕਹਿਣਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਇਨ੍ਹਾਂ ਸੌਦਾਗਰਾਂ ਨੂੰ ਹੁਣ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਡੱਕ ਕੇ ਹੀ ਸਾਹ ਲਿਆ ਜਾਊਗਾ।
:ਬਾਕਸ ਨਿਊਜ:
ਹੁਣ ਤੱਕ 14 ਨਸ਼ਾ ਤਸਕਰਾਂ ਦੇ ਢਾਹੇ ਘਰ : ਸੀਆਈਏ ਇੰਚਾਰਜ
ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਪੰਜਾਬੀ ਜਾਗਰਣ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਰਨਾਲਾ ਪੁਲਿਸ ਨੇ ਹੁਣ ਤੱਕ 14 ਨਸ਼ਾ ਤਸਕਰਾਂ ਦੇ ਗੈਰ ਕਾਨੂੰਨੀ ਘਰ ਢਾਹ ਦਿੱਤੇ ਹਨ। ਜਿਨ੍ਹਾਂ ’ਚ ਬਰਨਾਲਾ ਤੋਂ ਛੇ, ਹੰਡਿਆਇਆ ਤੋਂ ਛੇ, ਧਨੌਲਾ ਤੇ ਭਦੌੜ ਤੋਂ 1,1 ਨਸ਼ਾ ਤਸਕਰਾਂ ਦੇ ਘਰ ਢਾਹੇ ਗਏ ਹਨ। ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ।
ਪਹਿਲਾਂ 13 ਘਰਾਂ ’ਤੇ ਹੋਈ ਕਾਰਵਾਈ ਦਾ ਲੇਖਾ-ਜੋਖਾ
1. ਜਿਨ੍ਹਾਂ ’ਚ 10 ਮਾਰਚ 2025 ਨੂੰ ਕਾਲੀ ਕੌਰ ਪਤਨੀ ਚਰਨਾ ਸਿੰਘ ਦੇ ਖਿਲਾਫ਼ 9 ਮੁਕੱਦਮੇ ਦਰਜ ਸਨ, ਜਦਕਿ ਉਨ੍ਹਾਂ ਦੀ ਧੀ ਸਰਬੀ ਕੌਰ ਪੁੱਤਰੀ ਚਰਨਾ ਸਿੰਘ ਖਿਲਾਫ਼ 7 ਮਾਮਲੇ ਦਰਜ ਸਨ। ਜਿਸ ਕਰਕੇ ਉਨ੍ਹਾਂ ਦਾ ਘਰ ਬੈਕ ਸਾਈਡ ਬੱਸ ਸਟੈਂਡ ਬਰਨਾਲਾ ਦਾ ਘਰ ਇੰਪਰੂਵਮੈਂਟ ਟਰੱਸਟ, ਬਰਨਾਲਾ ਦੀ ਨਿਸ਼ਾਨਦੇਹੀ ’ਤੇ ਪਹਿਲਾਂ ਘਰ ਢਾਹਿਆ ਗਿਆ ਸੀ।
2. ਦੂਜਾ ਘਰ 5 ਅਪ੍ਰੈਲ 2025 ਨੂੰ ਮੋਹਨੀ ਪੁੱਤਰ ਬਿੱਲੂ ਸਿੰਘ ਖਿਲਾਫ਼ ਨਸ਼ਾ ਤਸਕਰੀ ਦੇ 10 ਮਾਮਲੇ ਦਰਜ ਸਨ, ਜਿਸਦਾ ਘਰ ਕਿਲ੍ਹਾ ਪੱਤੀ, ਹੰਡਿਆਇਆ ਨਗਰ ਪੰਚਾਇਤ, ਹੰਡਿਆਇਆ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
3. ਤੀਜਾ ਘਰ 03 ਮਈ 2025 ਨੂੰ ਚਮਕੌਰ ਸਿੰਘ ਉਰਫ਼ ਤਿੱਤਰ ਪੁੱਤਰ ਪਿਆਰਾ ਸਿੰਘ ਤੇ ਮਾੜੋ ਪਤਨੀ ਪਿਆਰਾ ਸਿੰਘ ਦੇ ਖਿਲਾਫ਼ 04 ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਸਨ, ਜਿਸ ਕਾਰਣ ਉਨ੍ਹਾਂ ਦਾ ਘਰ ਕਿਲ੍ਹਾ ਪੱਤੀ, ਹੰਡਿਆਇਆ ਨਗਰ ਪੰਚਾਇਤ, ਹੰਡਿਆਇਆ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
4 ਚੌਥਾ ਘਰ 03 ਮਈ 2025 ਨੂੰ ਬਲਦੇਵ ਸਿੰਘ ਉਰਫ਼ ਬੱਗਾ ਪੁੱਤਰ ਪਿਆਰਾ ਸਿੰਘ, ਮੱਖਣ ਸਿੰਘ ਪੁੱਤਰ ਪਿਆਰਾ ਸਿੰਘ, ਸੋਨੀਆ ਪਤਨੀ ਮੱਖਣ ਸਿੰਘ ਦੇ ਖਿਲਾਫ਼ 7 ਮੁਕੱਦਮੇ ਦਰਜ ਸਨ, ਜਿਸ ਕਾਰਣ ਉਨ੍ਹਾਂ ਦਾ ਘਰ ਨਗਰ ਪੰਚਾਇਤ ਹੰਡਿਆਇਆ ਦੀ ਨਿਸਾ਼ਨਦੇਹੀ ’ਤੇ ਘਰ ਢਾਹਿਆ ਗਿਆ ਸੀ।
5 ਪੰਜਵਾਂ ਘਰ 14 ਜੂਨ 2025 ਨੂੰ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਰਵੀ ਸਿੰਘ ਪੁੱਤਰ ਗੁਰਮੇਲ ਸਿੰਘ, ਅਜਮੇਰੋ ਕੌਰ ਪਤਨੀ ਗੁਰਮੇਲ ਸਿੰਘ ਖਿਲਾਫ਼ 16 ਮੁਕੱਦਮੇ ਦਰਜ ਹਨ, ਜਿਨ੍ਹਾਂ ਦਾ ਘਰ ਬੈਕ ਸਾਈਡ ਬੱਸ ਸਟੈਂਡ ਬਰਨਾਲਾ ਨੂੰ ਇੰਪਰੂਵਮੈਂਟ ਟਰੱਸਟ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
6 ਛੇਵਾਂ ਘਰ 11 ਜੁਲਾਈ 2025 ਨੂੰ ਊਸ਼ਾ ਰਾਣੀ ਪਤਨੀ ਬੀਰਬਲ ਸਿੰਘ ਦੇ ਖਿਲਾਫ਼ 2 ਮੁਕੱਦਮੇ ਦਰਜ ਹਨ, ਜਿਨ੍ਹਾਂ ਦਾ ਘਰ ਦਾਣਾ ਮੰਡੀ, ਧਨੌਲਾ ਵਿਖੇ ਸੀ। ਜਿਸਨੂੰ ਮਿਊਂਸਿਪਲ ਕਮੇਟੀ, ਧਨੌਲਾ ਦੀ ਨਿਸਾ਼ਨਦੇਹੀ ’ਤੇ ਢਾਹਿਆ ਗਿਆ ਸੀ।
7 ਸੱਤਵਾਂ ਘਰ 10 ਅਗਸਤ 2025 ਨੂੰ ਗੋਰਾ ਸਿੰਘ ਪੁੱਤਰ ਥੁਮਰਾ ਸਿੰਘ ਖਿਲਾਫ਼ ਛੇ ਮੁਕੱਦਮੇ ਦਰਜ ਸਨ, ਜਦਕਿ ਉਸਦੀ ਪਤਨੀ ਬਿੰਦਰ ਕੌਰ ਖਿਲਾਫ਼ ਵੀ ਨਸ਼ਾ ਤਸਕਰੀ ਦਾ ਇਕ ਮਾਮਲਾ ਦਰਜ ਸੀ, ਜਿਨ੍ਹਾਂ ਦਾ ਘਰ ਕਿਲ੍ਹਾ ਪੱਤੀ, ਹੰਡਿਆਇਆ ਵਿਖੇ ਸੀ, ਜਿਸ ਨੂੰ ਨਗਰ ਪੰਚਾਇਤ, ਹੰਡਿਆਇਆ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
8 ਅੱਠਵਾਂ ਘਰ 10 ਅਗਸਤ 2025 ਨੂੰ ਕਾਲਾ ਸਿੰਘ ਪੁੱਤਰ ਥੁਮਰਾ ਸਿੰਘ ਦੇ ਖਿਲਾਫ਼ 2 ਤੇ ਉਸਦੀ ਪਤਨੀ ਅਮਰਜੀਤ ਕੌਰ ਉਰਫ਼ ਬਿੱਲੋ ਕੌਰ ਖਿਲਾਫ਼ 7 ਮਾਮਲੇ ਦਰਜ ਜਨ, ਜਿਨ੍ਹਾਂ ਦਾ ਘਰ ਕਿਲ੍ਹਾ ਪੱਤੀ, ਹੰਡਿਆਇਆ, ਨਗਰ ਪੰਚਾਇਤ, ਹੰਡਿਆਇਆ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
9 ਨੌਵਾਂ ਘਰ 27 ਸਤੰਬਰ 2025 ਨੂੰ ਵੀਨਾ ਉਰਫ਼ ਮੀਨਾ ਪਤਨੀ ਕਾਕਾ ਸਿੰਘ ਦੇ ਖਿਲਾਫ਼ 07 ਮਾਮਲੇ ਦਰਜ ਹਨ, ਜਿਨ੍ਹਾਂ ਘਰ ਘਰ ਬੈਕ ਸਾਈਡ ਬੱਸ ਸਟੈਂਡ ਬਰਨਾਲਾ, ਇੰਪਰੂਵਮੈਂਟ ਟਰੱਸਟ, ਬਰਨਾਲਾ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
10 ਦਸਵਾਂ ਘਰ 17 ਨਵੰਬਰ 2025 ਨੂੰ ਸ਼ਿਵ ਕੁਮਾਰ ਪੁੱਤਰ ਮਹਾਵੀਰ ਪ੍ਰਸ਼ਾਦ, ਨਿਵਾਸੀ ਲੰਬੀ ਗਲੀ, ਧਨੌਲਾ ਦੇ ਖਿਲਾਫ਼ 08 ਮਾਮਲੇ ਦਰਜ ਹਨ, ਜਿਨ੍ਹਾਂ ਦਾ ਘਰ ਲੰਬੀ ਗਲੀ ਧਨੌਲਾ, ਮਿਊਂਸਿਪਲ ਕਮੇਟੀ, ਧਨੌਲਾ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
11 ਗਿਆਰਵਾਂ ਘਰ 17 ਜਨਵਰੀ 2026 ਨੂੰ ਗੁਰਸਾਹਿਬ ਸਿੰਘ ਪੁੱਤਰ ਬਲਦੇਵ ਸਿੰਘ, ਨਿਵਾਸੀ ਨਾਨਕਸਰ ਰੋਡ, ਭਦੌੜ ਦੇ ਖਿਲਾਫ਼ 2 ਮਾਮਲੇ ਦਰਜ ਹਨ, ਜਿਨ੍ਹਾਂ ਦਾ ਘਰ ਨਾਨਕਸਰ ਰੋਡ, ਭਦੌੜ, ਨਗਰ ਕੌਂਸਲ, ਭਦੌੜ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
12 ਬਾਰਵਾਂ ਘਰ 10 ਫਰਵਰੀ 2026 ਨੂੰ ਧੰਨੋ ਪਤਨੀ ਰਿੰਕੂ ਸਿੰਘ ਦੇ ਖਿਲਾਫ਼ 16 ਮਾਮਲੇ ਦਰਜ ਹਨ, ਜਿਨ੍ਹਾਂ ਦਾ ਘਰ ਬੈਕ ਸਾਈਡ ਰਾਮ ਬਾਗ ਬਰਨਾਲਾ, ਇੰਪਰੂਵਮੈਂਟ ਟਰੱਸਟ, ਬਰਨਾਲਾ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
13 ਤੇਰਵਾਂ ਘਰ 12 ਅਪ੍ਰੈਲ 2026 ਨੂੰ ਧਰਮਿੰਦਰ ਸਿੰਘ ਉਰਫ਼ ਕਾਲਾ ਪੁੱਤਰ ਮਨੋਹਰ ਸਿੰਘ ਦੇ ਖਿਲਾਫ਼ 08 ਮਾਮਲੇ ਦਰਜ ਹਨ, ਮੱਖਣ ਸਿੰਘ ਪੁੱਤਰ ਮਨੋਹਰ ਸਿੰਘ ਦੇ ਖਿਲਾਫ਼ 05 ਮਾਮਲੇ ਦਰਜ ਹਨ, ਜਿਨ੍ਹਾਂ ਦਾ ਘਰ ਬੈਕ ਸਾਈਡ ਰਾਮ ਬਾਗ ਬਰਨਾਲਾ, ਨਗਰ ਨਿਗਮ, ਬਰਨਾਲਾ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।