- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤੀ ਰੋਡ 'ਤੇ ਦਹਿਸ਼ਤ ਦਾ ਮਾਹੌਲ: ਸਾਰੀ ਰਾਤ ਚੱਲੇ ਇੱਟਾਂ-ਪੱਥਰ, ਚਾਰ ਘਰਾਂ ਨੂੰ ਬਣਾਇਆ ਨਿਸ਼ਾਨਾ

ਪੁਲਿਸ ਨੂੰ ਦੇਖ ਕੇ ਭੱਜੇ ਹਮਲਾਵਾਰ, ਪਰ ਪੁਲਿਸ ਦੇ ਜਾਂਦਿਆਂ ਹੀ ਮੁੜ ਕੀਤਾ ਹਮਲਾ
-- ਸਾਰੀ ਰਾਤ ਚੱਲਿਆ ਖੂਨੀ ਖੇਡ, ਲੋਕਾਂ ’ਚ ਸਹਿਮ ਦਾ ਮਾਹੌਲ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੱਤੀ ਰੋਡ ’ਤੇ ਕਈ ਨੌਜਵਾਨ ਇੱਕ ਬੱਚੇ ਦੀ ਮਾਰਕੁੱਟ ਕਰ ਰਹੇ ਸਨ ਤਾਂ ਪੱਤੀ ਰੋਡ ਦੇ ਰਹਿਣ ਵਾਲੇ ਬਲਬੀਰ ਸਿੰਘ ਨੇ ਉਨ੍ਹਾਂ ਨੂੰ ਕੁੱਟਮਾਰ ਕਰਨ ਤੋਂ ਰੋਕਿਆ ਤੇ ਝਗੜਾ ਛੁਡਾ ਦਿੱਤਾ। ਇਸ ਗਲ ਦਾ ਬਦਲਾ ਲੈਣ ਲਈ ਨੌਜਵਾਨਾਂ ਨੇ ਰਾਤ 8 ਵਜੇ ਬਲਬੀਰ ਸਿੰਘ ਤੇ ਉਨ੍ਹਾਂ ਦੇ ਨਾਲ ਰਹਿੰਦੇ ਪਰਿਵਾਰਾਂ ’ਤੇ ਇੱਟਾਂ ਰੋੜਿਆਂ ਦਾ ਮੀਂਹ ਵਰ੍ਹਾਂ ਦਿੱਤਾ। ਇਸ ਕਾਰਨ ਬਲਬੀਰ ਸਿੰਘ ਦੀ ਲੱਟ ਟੁੱਟ ਗਈ ਹੈ ਤੇ ਉਸ ਦੇ ਨਾਲ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਜੋ ਇਸ ਦੌਰਾਨ ਹਸਪਤਾਲ ’ਚ ਜ਼ੇਰੇ ਇਲਾਜ ਹਨ•।
ਇਲਾਕੇ ਦੇ ਪੱਤੀ ਰੋਡ ’ਤੇ ਬੀਤੀ ਰਾਤ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 25 ਹਥਿਆਰਬੰਦ ਨੌਜਵਾਨਾਂ ਨੇ ਇੱਥੇ ਸਥਿਤ 4 ਘਰਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸਾਰੀ ਰਾਤ ਇਨ੍ਹਾਂ ਘਰਾਂ ’ਤੇ ਅੰਨ੍ਹੇਵਾਹ ਇੱਟਾਂ-ਪੱਥਰ ਬਰਸਾਏ। ਇਸ ਘਟਨਾ ਕਾਰਨ ਘਰਾਂ ਦੇ ਸ਼ੀਸ਼ੇ, ਦਰਵਾਜ਼ੇ ਤੇ ਬਾਹਰ ਖੜ੍ਹੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਸਥਾਨਕ ਲੋਕਾਂ ਅਨੁਸਾਰ ਹਮਲਾਵਰਾਂ ਦੇ ਹੱਥਾਂ ਵਿੱਚ ਲਾਠੀਆਂ, ਡੰਡੇ ਤੇ ਤੇਜ਼ਧਾਰ ਹਥਿਆਰ ਵੀ ਸਨ, ਜਿਸ ਕਾਰਨ ਕੋਈ ਵੀ ਵਿਅਕਤੀ ਡਰ ਦੇ ਮਾਰੇ ਘਰੋਂ ਬਾਹਰ ਨਹੀਂ ਨਿਕਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਦੀਆਂ ਗੱਡੀਆਂ ਦੇ ਹੂਟਰ ਸੁਣ ਕੇ ਹਮਲਾਵਰ ਨੌਜਵਾਨ ਗਲੀਆਂ-ਮੁਹੱਲਿਆਂ ’ਚ ਇੱਧਰ-ਉੱਧਰ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਆਸਪਾਸ ਦੇ ਇਲਾਕੇ ਵਿੱਚ ਗਸ਼ਤ ਕੀਤੀ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਜਿਵੇਂ ਹੀ ਪੁਲਿਸ ਸਥਿਤੀ ਨੂੰ ਸ਼ਾਂਤ ਦੇਖ ਕੇ ਵਾਪਸ ਮੁੜੀ, ਹਮਲਾਵਰਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਉਹ ਕੁਝ ਹੀ ਮਿੰਟਾਂ ਵਿੱਚ ਮੁੜ ਇਕੱਠੇ ਹੋ ਕੇ ਪਰਤ ਆਏ ਤੇ ਦੁਬਾਰਾ ਪਥਰਾਅ ਸ਼ੁਰੂ ਕਰ ਦਿੱਤਾ। ਇਹ ਸਿਲਸਿਲਾ ਸਾਰੀ ਰਾਤ ਚੱਲਦਾ ਰਿਹਾ।
--ਪੀੜਤ ਪਰਿਵਾਰਾਂ ਦਾ ਬਿਆਨ
ਪੀੜਤ ਪਰਿਵਾਰ ਦੇ ਮੈਂਬਰ ਸਤਨਾਮ ਸਿੰਘ, ਸੋਨੂ, ਬਿੰਦਰ ਕੌਰ, ਪਿੰਕੀ ਕੌਰ, ਸੁੱਚਾ ਸਿੰਘ, ਰਣਜੀਤ ਸਿੰਘ ਕਾਕਾ ਸਿੰਘ ਆਦਿ ਮਹੱਲਾ ਨਿਵਾਸੀਆਂ ਦੀ ਹਾਜ਼ਰੀ ’ਚ ਮੀਡੀਆ ਦੇ ਰੂਬਰੂ ਹੁੰਦਿਆਂ ਐਤਵਾਰ ਦਿਨ ਚੜ੍ਹੇ ਦੱਸਿਆ ਕਿ ਉਨ੍ਹਾਂ ਦੇ ਚਾਰ ਘਰ ਇਕੱਠੇ ਚਾਚੇ ਤਾਇਆਂ ਦੇ ਆਪਸ ਵਿੱਚ ਹਨ। ਜਿਨਾਂ ਨਾਲ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ। ਹਮਲਾਵਰਾਂ ਨੇ ਬਿਨਾਂ ਕਿਸੇ ਵਜ੍ਹਾ ਉਨ੍ਹਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਘਰ ਦੇ ਅੰਦਰ ਮੌਜੂਦ ਜਨਾਨੀਆਂ ਤੇ ਬੱਚੇ ਸਾਰੀ ਰਾਤ ਖੌਫ਼ ਦੇ ਸਾਏ ਵਿੱਚ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਬਲਵੀਰ ਸਿੰਘ ਦੀ ਲੱਤ ਟੁੱਟ ਗਈ ਹੈ ਤੇ ਬਿਕਰਮ ਸਿੰਘ ਦੇ ਵੀ ਗੰਭੀਰ ਸੱਟਾਂ ਹਨ ਜੋ ਸਿਵਿਲ ਹਸਪਤਾਲ ਬਰਨਾਲਾ ਵਿੱਚ ਜੇਰੇ ਇਲਾਜ ਦਾਖਿਲ ਹਨ।
--ਪੀੜਤਾਂ ਨੇ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਚੁੱਕੇ
ਪੀੜਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਦੇ ਹੁੰਦਿਆਂ ਜਾਂ ਉਨ੍ਹਾਂ ਦੇ ਜਾਣ ਦੇ ਤੁਰੰਤ ਬਾਅਦ ਹਮਲਾਵਰਾਂ ਦਾ ਦੁਬਾਰਾ ਆਉਣਾ ਕਾਨੂੰਨ ਵਿਵਸਥਾ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਉਨਾਂ ਦੇ ਵਾਰ-ਵਾਰ ਫੋਨ ਕਰਨ ’ਤੇ ਪੁਲਿਸ ਨੂੰ ਸੱਦਣ ਦਾ ਸਿਲਸਿਲਾ ਵੀ ਸਾਰੀ ਰਾਤ ਚੱਲਦਾ ਰਿਹਾ ਪੁਲਿਸ ਵੀ ਤਿੰਨ ਵਾਰ ਪੱਤੀ ਰੋਡ ’ਤੇ ਪੁੱਜੀ ਪਰ ਉਨ੍ਹਾਂ ਨੇ ਹਮਲਾਵਾਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਨ੍ਹਾਂ ਦੇ ਮਦਦਗਾਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਨੂੰ ਐਤਵਾਰ ਸਵੇਰੇ ਮੋਹਤਵਾਰ ਬੰਦਿਆਂ ਵੱਲੋਂ ਛੁਡਵਾ ਲਿਆ ਗਿਆ ਹੈ।
--ਪੁਲਿਸ ਵੱਲੋਂ ਜਾਂਚ ਦਾ ਭਰੋਸਾ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਵੇਰੇ ਥਾਣਾ ਸਿਟੀ ਇੱਕ ਦੇ ਮੁਖੀ ਲਖਵਿੰਦਰ ਸਿੰਘ ਭਾਰੀ ਫੋਰਸ ਨਾਲ ਮੌਕੇ ’ਤੇ ਪਹੁੰਚੇ। ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।
ਅਸੀਂ ਮਾਮਲੇ ਡੁੰਘਾਈ ਨਾਲ ਜਾਂਚ ਕਰ ਰਹੇ ਹਾਂ : ਪੁਲਿਸ ਮੁਖੀ
ਜਦੋਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰ ਰਹੇ ਹਾਂ। ਸ਼ਹਿਰ ਵਿੱਚ ਗੁੰਡਾਗਰਦੀ ਕਰਨ ਵਾਲੇ ਕਿਸੇ ਵੀ ਗਲਤ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਨੌਜਵਾਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਅਮਨ-ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਤੇ ਜਲਦ ਹੀ ਸਾਰੇ ਮੁਲਜ਼ਮ ਸਲਾਖਾਂ ਦੇ ਪਿੱਛੇ ਹੋਣਗੇ। ਇਸ ਵਾਰਦਾਤ ਤੋਂ ਬਾਅਦ ਪੱਤੀ ਰੋਡ ਦੇ ਨਿਵਾਸੀਆਂ ਵਿੱਚ ਭਾਰੀ ਰੋਸ ਤੇ ਡਰ ਪਾਇਆ ਜਾ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸਾਰੀ ਰਾਤ ਗੁੰਡਾਗਰਦੀ ਦਾ ਨਾਚ ਕਰਨ ਵਾਲਿਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।