- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤ ਬਚਾਓ ਅਭਿਆਨ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਖੇਤ ਬਚਾਓ ਮੁਹਿੰਮ ਤਹਿਤ ਬਲਾਕ ਭਵਾਨੀਗੜ੍ਹ ਦੇ ਪਿੰਡ ਮਾਝੀ ਵਿੱਚ ਕਿਸਾਨਾਂ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਸੀਆਈਆਈ ਫਾਊਂਡੇਸ਼ਨ ਅਤੇ ਐੱਨਆਰਐੱਫਐੱਮਟੀਟੀਆਈ. (ਨਾਰਦਰਨ ਰੀਜਨ ਫਾਰਮ ਮਸ਼ੀਨਰੀ ਟ੍ਰੇਨਿੰਗ ਐਂਡ ਟੈਸਟਿੰਗ ਇੰਸਟੀਚਿਊਟ), ਹਿਸਾਰ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਰਸਾਇਣਕ ਖਾਦਾਂ, ਖ਼ਾਸ ਕਰ ਕੇ ਯੂਰੀਆ ਅਤੇ ਹੋਰ ਖਾਦਾਂ ਦੀ ਬੇਲੋੜੀ ਵਰਤੋਂ ਤੋਂ ਬਚਣ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਅਤੇ ਕੁਦਰਤੀ ਤੇ ਟਿਕਾਊ ਖੇਤੀ ਪੱਧਤੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਮਾਹਿਰਾਂ ਨੇ ਕਿਹਾ ਕਿ ਮਿੱਟੀ ਦੀ ਸਿਹਤ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਹੈ, ਜਿਸ ਨਾਲ ਖੇਤੀ ਦੀ ਲਾਗਤ ਘਟਣ ਦੇ ਨਾਲ-ਨਾਲ ਉਤਪਾਦਨ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ। ਇਸ ਮੌਕੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾਉਣ, ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਵਿਗਿਆਨਕ ਢੰਗ ਨਾਲ ਪ੍ਰਬੰਧਨ ਕਰਨ ਅਤੇ ਆਪਣੀ ਜ਼ਮੀਨ ਨੂੰ ਹੋਰ ਉਪਜਾਊ ਬਣਾਉਣ ਦਾ ਸੰਕਲਪ ਲਿਆ। ਇਸ ਤੋਂ ਇਲਾਵਾ ਫ਼ਸਲ ਅਵਸ਼ੇਸ਼ ਪ੍ਰਬੰਧਨ, ਮਿੱਟੀ ਵਿੱਚ ਜੈਵਿਕ ਕਾਰਬਨ ਦੀ ਮਾਤਰਾ ਵਧਾਉਣ ਅਤੇ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਦੇ ਫਾਇਦਿਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਪ੍ਰੋਗਰਾਮ ਵਿੱਚ ਐੱਨਆਰਐੱਫਐੱਮਟੀਟੀਆਈ, ਹਿਸਾਰ ਦੇ ਨਿਰਦੇਸ਼ਕ ਇੰਚਾਰਜ ਪ੍ਰਦੀਪ ਮੇਸ਼ਰਾਮ ਅਤੇ ਖੇਤੀਬਾੜੀ ਇੰਜੀਨੀਅਰ ਮਾਨ ਸਿੰਘ ਨੇ ਕਿਸਾਨਾਂ ਨਾਲ ਰੂਬਰੂ ਗੱਲਬਾਤ ਕਰਦਿਆਂ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪ੍ਰਤਿਉਸ਼ ਸਤਿਆ (ਐੱਸਟੀਏ) ਵੱਲੋਂ ਪਾਵਰ ਪੁਆਇੰਟ ਪ੍ਰਜ਼ੈਂਟੇਸ਼ਨ ਰਾਹੀਂ ਫ਼ਸਲ ਅਵਸ਼ੇਸ਼ ਪ੍ਰਬੰਧਨ ਅਤੇ ਮਿੱਟੀ ਦੀ ਸਿਹਤ ਸੰਭਾਲ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ। ਕਿਸਾਨਾਂ ਲਈ ਦੋ ਸੁਪਰ ਸੀਡਰ ਮਸ਼ੀਨਾਂ ਦਾ ਲਾਈਵ ਡੈਮੋਨਸਟ੍ਰੇਸ਼ਨ ਵੀ ਕਰਵਾਇਆ ਗਿਆ, ਜਿਸ ਰਾਹੀਂ ਉਨ੍ਹਾਂ ਨੇ ਪਰਾਲੀ ਦੇ ਵਿਗਿਆਨਕ ਪ੍ਰਬੰਧਨ ਨਾਲ ਕਣਕ ਦੀ ਬਿਜਾਈ ਦੀ ਆਧੁਨਿਕ ਤਕਨੀਕ ਨੂੰ ਨੇੜਿਓਂ ਸਮਝਿਆ ਅਤੇ ਇਸ ਦੇ ਲਾਭਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰੋਗਰਾਮ ਦੇ ਅਖੀਰ ਵਿੱਚ ਖੇਤੀਬਾੜੀ ਸਭਾ ਮਾਝੀ ਦੇ ਸਕੱਤਰ ਯਾਦਵਿੰਦਰ ਸਿੰਘ ਬਿੱਟੂ ਮਾਝੀ ਅਤੇ ਪ੍ਰਧਾਨ ਪਰਗਟ ਸਿੰਘ ਨੇ ਆਏ ਹੋਏ ਅਧਿਕਾਰੀਆਂ ਅਤੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਪਰਾਲੀ ਨੂੰ ਅੱਗ ਨਹੀਂ ਲਗਾਵਾਂਗੇ, ਮਿੱਟੀ ਦੀ ਉਪਜਾਊ ਸ਼ਕਤੀ ਵਧਾਵਾਂਗੇ ਅਤੇ ਤੰਦਰੁਸਤ ਕਿਸਾਨ ਤੇ ਸਮ੍ਰਿੱਧ ਭਾਰਤ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਵਾਂਗੇ।